ਨੌਜਵਾਨ ਦੇਸ਼ ਦਾ ਭਵਿੱਖ: ਜਨਰਲ ਚੌਹਾਨ
ਨਵੀਂ ਦਿੱਲੀ, 13 ਜਨਵਰੀ
ਰੱਖਿਆ ਸਟਾਫ ਦੇ ਮੁਖੀ (ਸੀਡੀਐੱਸ) ਜਨਰਲ ਅਨਿਲ ਚੌਹਾਨ ਨੇ ਅੱਜ ਭਾਰਤ ਦੇ ਨੌਜਵਾਨਾਂ ਨੂੰ ਜ਼ਿੰਦਗੀ ’ਚ ਕਦੀ ਵੀ ਹਾਰ ਨਾਲ ਮੰਨਣ ਦਾ ਸੁਨੇਹਾ ਦਿੰਦਿਆਂ ਕਿਹਾ, ‘ਸੜਕ ’ਤੇ ਆਇਆ ਮੋੜ ਸੜਕ ਦਾ ਅੰਤ ਨਹੀਂ ਹੁੰਦਾ।’ ਇੱਥੇ ਦਿੱਲੀ ਛਾਉਣੀ ’ਚ ਚੱਲ ਰਹੇ ਐੱਨਸੀਸੀ ਦੇ ਕੈਂਪ ਦੇ ਦੌਰੇ ਦੌਰਾਨ ਕੈਡੇਟ ਤੇ ਅਧਿਕਾਰੀਆਂ ਦੇ ਸਮੂਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੇ ਨੌਜਵਾਨ 2047 ਤੱਕ ਵਿਕਸਿਤ ਭਾਰਤ ਬਣਨ ਦਾ ਟੀਚਾ ਹਾਸਲ ਕਰਨ ’ਚ ਯੋਗਦਾਨ ਪਾਉਣਗੇ ਅਤੇ ਉਹ ਇਸ ਦੇ ਸਭ ਤੋਂ ਵੱਡੇ ਲਾਭਪਾਤਰੀ ਵੀ ਹੋਣਗੇ।
ਜਨਰਲ ਚੌਹਾਨ ਨੇ ਕਿਹਾ ਕਿ ਜਨਵਰੀ ਤਿਉਹਾਰਾਂ ਦਾ ਮਹੀਨਾ ਹੈ ਅਤੇ ਭਲਕੇ ਸਾਬਕਾ ਸੈਨਿਕ ਦਿਵਸ ਹੈ ਤੇ ਉਸ ਮਗਰੋਂ 15 ਜਨਵਰੀ ਨੂੰ ਸੈਨਾ ਦਿਵਸ ਹੈ। ਉਨ੍ਹਾਂ ਕਿਹਾ ਕਿ ਉਸ ਮਗਰੋਂ 26 ਜਨਵਰੀ ਨੂੰ ਗਣਤੰਤਰ ਦਿਵਸ ਆਵੇਗਾ ਅਤੇ ਉਸ ਤੋਂ ਅਗਲੇ ਦਿਨ ਐੱਨਸੀਸੀ ਆਰਡੀ ਕੈਂਪ ’ਚ ਪ੍ਰਧਾਨ ਮੰਤਰੀ ਦੀ ਰੈਲੀ ਹੋਵੇਗੀ। ਉਨ੍ਹਾਂ ਕਿਹਾ, ‘ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਕਿਸੇ ਵੀ ਦੇਸ਼ ਦਾ ਭਵਿੱਖ ਉਸ ਦੇਸ਼ ਦੇ ਨੌਜਵਾਨਾਂ ’ਤੇ ਨਿਰਭਰ ਕਰਦਾ ਹੈ।’ ਤਿੰਨ ਦਸੰਬਰ ਤੋਂ ਸ਼ੁਰੂ ਹੋਇਆ ਇਹ ਕੈਂਪ ਇੱਕ ਮਹੀਨਾ ਚੱਲੇਗਾ ਜਿਸ ਵਿੱਚ ਦੇਸ਼ ਭਰ ਤੋਂ ਕੁੱਲ 2,361 ਐੱਨਸੀਸੀ ਕੈਡੇਟ ਹਿੱਸਾ ਲੈ ਰਹੇ ਹਨ। ਇਸ ਸਾਲਾਨਾ ਪ੍ਰੋਗਰਾਮ ’ਚ 917 ਮਹਿਲਾ ਕੈਡੇਟ ਵੀ ਹਿੱਸਾ ਲੈ ਰਹੀਆਂ ਹਨ ਜੋ ਹੁਣ ਤੱਕ ਦੀ ਉਨ੍ਹਾਂ ਦੀ ਸਭ ਤੋਂ ਵੱਡੀ ਗਿਣਤੀ ਹੈ। ਕੁੱਲ ਕੈਡੇਟਾਂ ’ਚੋਂ 114 ਜੰਮੂ ਕਸ਼ਮੀਰ ਤੇ ਲੱਦਾਖ ਤੋਂ ਹਨ ਅਤੇ 178 ਪੂਰਬ-ਉੱਤਰ ਖੇਤਰ ਤੋਂ ਹਨ। ਸੀਡੀਐੱਸ ਨੇ ਕਿਹਾ ਕਿ ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਬਤੌਰ ਇੱਕ ਰਾਸ਼ਟਰ ਉਹ 2047 ਤੱਕ ਵਿਕਸਿਤ ਭਾਰਤ ਬਣਨ ਦੇ ਇਸ ਟੀਚੇ ਜਾਂ ਸੁਫਨੇ ਨੂੰ ਹਾਸਲ ਕਰਨ ਦੇ ਸਮਰੱਥ ਹੋਣਗੇ। ਜਨਰਲ ਚੌਹਾਨ ਨੇ ਕਿਹਾ ਕਿ ਦੇਸ਼ ਦੇ ਨੌਜਵਾਨ ਇਸ ਨੂੰ ਰਫ਼ਤਾਰ ਦੇਣਗੇ ਅਤੇ ਸੀਨੀਅਰ ਲੀਡਰਸ਼ਿਪ ਉਸ ਨੂੰ ਦਿਸ਼ਾ ਪ੍ਰਦਾਨ ਕਰੇਗੀ। ਉਨ੍ਹਾਂ ਕੈਡੇਟਾਂ ਤੇ ਉਨ੍ਹਾਂ ਰਾਹੀਂ ਦੇਸ਼ ਦੇ ਨੌਜਵਾਨਾਂ ਨੂੰ ਜ਼ਿੰਦਗੀ ਦੇ ਕੁਝ ਸਬਕ ਵੀ ਸਿਖਾਏ। -ਪੀਟੀਆਈ