ਖੇਤਰੀ ਪ੍ਰਤੀਨਿਧਪਟਿਆਲਾ, 9 ਮਾਰਚਪਿਛਲੇ ਦਿਨੀਂ ਨੇੜਲੇ ਪਿੰਡ ਸ਼ੇਰਮਾਜਰਾ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਘਰ ’ਚ ਦਾਖ਼ਲ ਹੋ ਕੇ ਤੇਜ਼ਧਾਰ ਅਤੇ ਮਾਰੂ ਹਥਿਆਰਾਂ ਨਾਲ ਗੰਭੀਰ ਜ਼ਖਮੀ ਕੀਤੇ ਗਏ 35 ਸਾਲਾ ਨਰੇਸ਼ ਕੁਮਾਰ ਪੁੱਤਰ ਸੁਰੇਸ਼ ਕੁਮਾਰ ਵਾਸੀ ਪਿੰਡ ਸ਼ੇਰਮਾਜਰਾ ਦੀ ਅੱਜ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਪੁਲੀਸ ਵੱਲੋਂ ਪਹਿਲਾਂ ਤੋਂ ਦਰਜ ਕੀਤੇ ਗਏ ਇਰਾਦਾ ਕਤਲ ਦੇ ਕੇਸ ’ਚ ਕਤਲ ਦੀ ਧਾਰਾ ਸ਼ਾਮਲ ਕੀਤੀ ਜਾਣੀ ਯਕੀਨੀ ਹੈ, ਪਰ ਅਜੇ ਇਹ ਪੁਲੀਸ ਕਾਰਵਾਈ ਅਮਲ ’ਚ ਲਿਆਉਣੀ ਬਾਕੀ ਹੈ।ਜ਼ਿਕਰਯੋਗ ਹੈ ਕਿ 3-4 ਮਾਰਚ ਦੀ ਦਰਮਿਆਨੀ ਰਾਤ ਨੂੰ ਜਦੋਂ ਨਰੇਸ਼ ਕੁਮਾਰ ਆਪਣੇ ਘਰ ’ਚ ਇਕੱਲਾ ਸੀ ਤਾਂ ਘਰ ’ਚ ਦਾਖ਼ਲ ਹੋਏ ਅਣਪਛਾਤੇ ਵਿਅਕਤੀਆਂ ਨੇ ਲੋਹੇ ਦੀ ਰਾਡ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ ਸੀ ਜਿਸ ਦੌਰਾਨ ਉਹ ਬੇਹੋਸ਼ ਹੋ ਗਿਆ ਸੀ ਤੇ ਉਸ ਨੂੰ ਗੰਭੀਰ ਜ਼ਖਮੀ ਹਾਲਤ ’ਚ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਇੱਥੇ ਉਹ ਆਈ.ਸੀ.ਯੂ. ਵਿੱਚ ਜ਼ੇਰੇ ਇਲਾਜ ਸੀ, ਪਰ ਅੱਜ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।