ਛੇ ਪਿੰਡਾਂ ਦੇ ਨੌਜਵਾਨਾਂ ਵੱਲੋਂ ਅਗਨੀਵੀਰ ਭਰਤੀ ਨਾ ਹੋਣ ਦਾ ਐਲਾਨ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 25 ਮਈ
ਪਿੰਡ ਚਾਹਿਲ ਦੇ ਸ਼ਹੀਦ ਅਗਨੀਵੀਰ ਅਕਾਸ਼ਦੀਪ ਸਿੰਘ ਨੂੰ ਹਾਲੇ ਤੱਕ ਸਰਕਾਰ ਵੱਲੋਂ ਸ਼ਹੀਦ ਨਾ ਐਲਾਨਣ ਦੇ ਰੋਸ ਵਜੋਂ ਅਕਾਸ਼ਦੀਪ ਨਾਲ ਟ੍ਰੇਨਿੰਗ ਕਰਨ ਵਾਲੇ ਛੇ ਪਿੰਡਾਂ ਦੇ ਦਰਜਨਾਂ ਨੌਜਵਾਨਾਂ ਨੇ ਅਗਨੀਵੀਰ ਭਰਤੀ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਾਰਾ ਗਰੁੱਪ ਪਿਛਲੇ ਛੇ ਸਾਲ ਤੋਂ ਭਰਤੀ ਲਈ ਟ੍ਰੇਨਿੰਗ ਕਰ ਰਿਹਾ ਸੀ। ਇਹ ਨੌਜਵਾਨ ਅਕਾਸ਼ਦੀਪ ਨੂੰ ਆਪਣਾ ਰੋਲ ਮਾਡਲ ਮੰਨਦੇ ਹਨ। ਨੌਜਵਾਨ ਕਰਨ, ਗੁਰੀ ਅਤੇ ਕੋਮਲ ਨੇ ਦੱਸਿਆ ਕਿ ਪਿੰਡ ਚਾਹਿਲ, ਕਿਲਾ ਨੌਂ ਅਤੇ ਮਚਾਕੀ ਸਣੇ ਛੇ ਪਿੰਡਾਂ ਦੇ 50 ਤੋਂ ਵੱਧ ਨੌਜਵਾਨਾਂ ਦਾ ਗਰੁੱਪ ਪਿਛਲੇ ਕਈ ਸਾਲ ਤੋਂ ਅਗਨੀਵੀਰ ਭਰਤੀ ਹੋਣ ਲਈ ਟ੍ਰੇਨਿੰਗ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਅਕਾਸ਼ਦੀਪ ਸਭ ਤੋਂ ਛੋਟਾ ਸੀ ਅਤੇ ਸਭ ਤੋਂ ਪਹਿਲਾਂ ਭਰਤੀ ਹੋਣ ਕਰਕੇ ਸਾਰੇ ਉਸ ’ਤੇ ਮਾਣ ਕਰਦੇ ਸਨ ਅਤੇ ਉਸੇ ਵਾਂਗ ਹੀ ਅਗਨੀਵੀਰ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਸਨ। ਉਨ੍ਹਾਂ ਕਿਹਾ ਅਕਾਸ਼ਦੀਪ ਦੀ ਸ਼ਹੀਦੀ ਮਗਰੋਂ ਜਿਸ ਤਰ੍ਹਾਂ ਦਾ ਸਰਕਾਰ ਦਾ ਰਵੱਈਆ ਹੈ ਅਤੇ ਜਿਸ ਤਰ੍ਹਾਂ ਸ਼ਹੀਦ ਦੇ ਮਾਪਿਆਂ ਨੂੰ ਰੋਲਿਆ ਜਾ ਰਿਹਾ ਹੈ, ਉਸ ਨੂੰ ਦੇਖ ਕੇ ਸਾਰਿਆਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਅਗਨੀਵੀਰ ਦੀ ਕਿਸੇ ਵੀ ਭਰਤੀ ਲਈ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਅਕਾਸ਼ਦੀਪ ਨੂੰ ਸ਼ਹੀਦ ਵਾਲੀਆਂ ਸਹੂਲਤਾਂ ਦਿੱਤੀਆਂ ਅਤੇ ਫੌਜ ਵਿੱਚ ਰੈਗੂਲਰ ਭਰਤੀ ਦੀ ਗੱਲ ਕੀਤੀ ਤਾਂ ਉਹ ਭਰਤੀ ਬਾਰੇ ਸੋਚਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਛੇ ਸਾਲ ਵਿੱਚ ਜਿੱਤੇ 100 ਤੋਂ ਵੱਧ ਮੈਡਲ ਵੀ ਅਕਾਸ਼ਦੀਪ ਦੇ ਘਰ ਰੱਖ ਦਿੱਤੇ ਹਨ ਤਾਂ ਕਿ ਸਰਕਾਰ ਦੇ ਕਿਸੇ ਵੀ ਆਉਣ ਵਾਲੇ ਨੁਮਾਇੰਦੇ ਨੂੰ ਅਸਲੀਅਤ ਦਿਖਾਈ ਜਾ ਸਕੇ। ਅਕਾਸ਼ਦੀਪ ਸਿੰਘ ਦੇ ਪਰਿਵਾਰ ਦੀ ਮੈਂਬਰ ਗੁਰਜੀਤ ਕੌਰ ਨੇ ਕਿਹਾ,‘‘ ਅਸੀਂ 20 ਸਾਲ ਪੁੱਤਾਂ ਨੂੰ ਪਾਲ ਕੇ ਦੇਸ਼ ਸੇਵਾ ਲਈ ਫੌਜ ਵਿੱਚ ਬੜੇ ਹੌਸਲੇ ਨਾਲ ਭੇਜਦੀਆਂ ਸੀ ਪਰ ਹੁਣ ਸਾਡਾ ਵੀ ਮਨ ਡਰ ਗਿਆ ਹੈ।’’ ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਹਾਲਾਤ ਅਤੇ ਸਰਕਾਰ ਦੇ ਰਵੱਈਏ ਨੂੰ ਦੇਖਦਿਆਂ ਉਨ੍ਹਾਂ ਨੇ ਆਪਣੇ ਪੁੱਤਾਂ ਨੂੰ ਅਗਨੀਵੀਰ ਭਰਤੀ ਵਾਸਤੇ ਨਾ ਭੇਜਣ ਦਾ ਫ਼ੈਸਲਾ ਕੀਤਾ ਹੈ ਅਤੇ ਪੁੱਤਾਂ ਵੱਲੋਂ ਕੀਤੇ ਫ਼ੈਸਲੇ ਨਾਲ ਪੂਰੀ ਤਰ੍ਹਾਂ ਸਹਿਮਤ ਹਨ।