ਯੁਵਕ ਮੇਲਾ: ਰਾਧਿਕਾ ਨੇ ਜਿੱਤਿਆ ਪੋਸਟਰ ਬਣਾਉਣ ਦਾ ਮੁਕਾਬਲਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਨਵੰਬਰ
ਪੀਏਯੂ ਵਿੱਚ ਚੱਲ ਰਹੇ ਯੁਵਕ ਮੇਲੇ ਦੇ ਅੱਜ ਦੂਜੇ ਦਿਨ ਪੋਸਟਰ ਮੇਕਿੰਗ ਮੁਕਾਬਲੇ ਵਿੱਚੋਂ ਰਾਧਿਕਾ ਰਾਣੀ ਜੇਤੂ ਰਹੀ ਜਦਕਿ ਗੁਰਲੀਨ ਕੌਰ ਦੂਜੇ ਅਤੇ ਤਾਨਵੀ ਭਾਟੀਆ ਤੀਜੇ ਸਥਾਨ ’ਤੇ ਰਹੀ। ਡੀਨ (ਖੇਤੀਬਾੜੀ ਕਾਲਜ ਅਤੇ ਬਾਗਬਾਨੀ ਤੇ ਖੇਤੀ ਜੰਗਲਾਤ ਕਾਲਜ) ਡਾ. ਮਾਨਵਇੰਦਰ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਉਨ੍ਹਾਂ ਨੇ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਕਿਹਾ ਕਿ ਪੀਏਯੂ ਦੇ ਯੁਵਕ ਮੇਲੇ ਆਪਣੀ ਵੱਖਰੀ ਨੁਹਾਰ ਅਤੇ ਵੱਖਰੀ ਪਛਾਣ ਲਈ ਜਾਣੇ ਜਾਂਦੇ ਹਨ। ਹੁਣ ਤੱਕ ਇਸ ਯੂਨੀਵਰਸਿਟੀ ਨੇ ਨਾ ਸਿਰਫ ਖੇਤੀ ਵਿਗਿਆਨੀ ਪੈਦਾ ਕੀਤੇ ਸਗੋਂ ਕਈ ਕਲਾਕਾਰ ਤੇ ਲੇਖਕ ਵੀ ਪੈਦਾ ਕੀਤੇ ਹਨ। ਉਨ੍ਹਾਂ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਬਿਨਾਂ ਜਿੱਤ ਹਾਰ ਦੀ ਖੁਸ਼ੀ ਜਾਂ ਗ਼ਮੀ ਕੀਤਿਆਂ ਮੁਕਾਬਲੇ ਦੀ ਭਾਵਨਾ ਨਾਲ ਹਿੱਸਾ ਲੈਣ ਲਈ ਕਿਹਾ। ਡਾ. ਗਿੱਲ ਨੇ ਕਿਹਾ ਕਿ ਕਿਸੇ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਸਾਰੇ ਪ੍ਰਤੀਯੋਗੀ ਹੀ ਜੇਤੂ ਹੁੰਦੇ ਹਨ। ਪੋਸਟਰ ਮੇਕਿੰਗ ਤੋਂ ਇਲਾਵਾ ਹਾਸਰਸ ਮੁਕਾਬਲੇ ਵਿੱਚ ਨਿਸ਼ਤਾ, ਲਵਕਰਨ ਸਿੰਘ ਅਤੇ ਪਵਨ ਕੁਮਾਰ, ਕਵਤਿਾ ਗਾਇਨ ਵਿੱਚ ਹਰਮਨਜੋਤ ਸਿੰਘ, ਪ੍ਰਤੀਕ ਸ਼ਰਮਾ ਅਤੇ ਜਸਮੀਨ ਕੌਰ ਸਿੱਧੂ, ਕਲੇਅ ਮਾਡਲਿੰਗ ਵਿੱਚ ਜਸਨੂਰ ਸਿੰਘ, ਜਸਪ੍ਰੀਤ ਕੌਰ ਤੇ ਦਿਵਨੂਰ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।