ਯੁਵਕ ਮੇਲਾ: ਮੌਕੇ ’ਤੇ ਚਿੱਤਰਕਾਰੀ ਮੁਕਾਬਲੇ ਵਿੱਚ ਪੁਨੀਤ ਰੇਹਾਨ ਅੱਵਲ
ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਨਵੰਬਰ
ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਯੁਵਕ ਮੇਲੇ ਵਿੱਚ ਚਿੱਤਰਕਾਰੀ, ਕੋਲਾਜ ਮੇਕਿੰਗ, ਭਾਸ਼ਣਕਾਰੀ ਅਤੇ ਕਾਵਿ-ਉਚਾਰਣ ਮੁਕਾਬਲੇ ਕਰਵਾਏ ਗਏ। ਮੌਕੇ ’ਤੇ ਚਿੱਤਰਕਾਰੀ ਵਿੱਚ ਪੁਨੀਤ ਰੇਹਾਨ ਜੇਤੂ ਰਿਹਾ। ਕਾਲਜ ਆਫ ਵੈਟਰਨਰੀ ਸਾਇੰਸ, ਰਾਮਪੁਰਾ ਫੂਲ ਦੇ ਡੀਨ ਡਾ. ਦਿਗਵਿਜੈ ਸਿੰਘ ਅਤੇ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਦੇ ਡੀਨ ਡਾ. ਅਮਰਜੀਤ ਸਿੰਘ ਸਵੇਰ ਦੇ ਸੈਸ਼ਨ ਦੇ ਪਤਵੰਤੇ ਮਹਿਮਾਨ ਸਨ ਜਦਕਿ ਨਿਰਦੇਸ਼ਕ ਪਸਾਰ ਸਿੱਖਿਆ, ਪੀ ਏ ਯੂ ਡਾ. ਮੱਖਣ ਸਿੰਘ ਭੁੱਲਰ ਅਤੇ ਨਿਰਦੇਸ਼ਕ ਪਸ਼ੂਧਨ ਫਾਰਮ ਡਾ. ਰਵਿੰਦਰ ਸਿੰਘ ਗਰੇਵਾਲ ਦੁਪਹਿਰ ਦੇ ਸੈਸ਼ਨ ਦੇ ਪਤਵੰਤੇ ਮਹਿਮਾਨ ਵਜੋਂ ਸ਼ਾਮਲ ਹੋਏ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਪ੍ਰਕਾਸ਼ ਸਿੰਘ ਬਰਾੜ ਨੇ ਕਿਹਾ ਕਿ ਯੁਵਕ ਮੇਲੇ ਰਾਹੀਂ ਵਿਦਿਆਰਥੀ ਸਵੈ-ਵਿਸ਼ਵਾਸ, ਠਰੰਮਾ, ਸੂਝ-ਬੂਝ, ਸਮਾਂ ਪ੍ਰਬੰਧਨ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਸਿੱਖਦੇ ਹਨ। ਮੇਲੇ ਦੇ ਪ੍ਰਬੰਧਕੀ ਸਕੱਤਰ ਡਾ. ਅਪਮਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਕੋਲਾਜ ਮੇਕਿੰਗ ਲਈ ਵਿਸ਼ਾ ‘ਭੂ-ਦ੍ਰਿਸ਼’ ਸੀ। ਇਸ ਯੁਵਕ ਮੇਲੇ ਵਿੱਚ ਹੋਏ ਵੱਖ ਵੱਖ ਮੁਕਾਬਲਿਆਂ ਦੇ ਨਤੀਜਿਆਂ ਵਿੱਚੋਂ ਮੌਕੇ ’ਤੇ ਚਿੱਤਰਕਾਰੀ ਵਿੱਚ ਕਾਲਜ ਆਫ ਵੈਟਰਨਰੀ ਸਾਇੰਸ, ਲੁਧਿਆਣਾ ਦੇ ਪੁਨੀਤ ਰੇਹਾਨ ਨੇ ਪਹਿਲਾ, ਕਾਲਜ ਆਫ ਵੈਟਰਨਰੀ ਸਾਇੰਸ ਰਾਮਪੁਰਾ ਫੂਲ ਦੀ ਸਮਰੀਤ ਕੌਰ ਨੇ ਦੂਜਾ ਅਤੇ ਕਾਲਜ ਆਫ ਫਿਸ਼ਰੀਜ਼ ਦੇ ਸ਼ੇਖ ਮੁਹੰਮਦ ਅਹਿਮਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕੋਲਾਜ ਮੇਕਿੰਗ ਦੇ ਮੁਕਾਬਲੇ ਵਿੱਚ ਕਾਲਜ ਆਫ ਵੈਟਨਰੀ ਸਾਇੰਸ, ਰਾਮਪੁਰਾ ਫੂਲ ਦੇ ਦੀਪਕ ਕੁਮਾਰ ਚੰਮ ਨੇ ਪਹਿਲਾ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ ਦੇ ਸਾਹਿਲ ਗੋਇਲ ਨੇ ਦੂਜਾ ਜਦਕਿ ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ ਦੇ ਪ੍ਰਦੀਪ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬੀਤੀ ਸ਼ਾਮ ਕਾਰਟੂਨ ਬਣਾਉਣ ਦੇ ਹੋਏ ਮੁਕਾਬਲੇ ਵਿੱਚ ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ ਦੀ ਲਵਲੀਨ ਕੌਰ ਨੇ ਪਹਿਲਾ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ ਦੇ ਸਮਰਪ੍ਰੀਤ ਸਿੰਘ ਨੇ ਦੂਜਾ ਜਦਕਿ ਕਾਲਜ ਆਫ ਡੇਅਰੀ ਅਤੇ ਫ਼ੂਡ ਸਾਇੰਸ ਤਕਨਾਲੋਜੀ ਦੇ ਆਰਯਨ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੋਸਟਰ ਬਨਾਉਣ ਦੇ ਮੁਕਾਬਲੇ ਵਿੱਚ ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ ਦੇ ਪੁਨੀਤ ਰੇਹਾਨ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ ਦੇ ਹਿਮਾਂਸੀ ਗੁੰਜੇ ਅਤੇ ਕਾਲਜ ਆਫ ਵੈਟਨਰੀ ਸਾਇੰਸ, ਰਾਮਪੁਰਾ ਫੂਲ ਦੀ ਸਮਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।