ਸੀਜੀਸੀ ਲਾਂਡਰਾਂ ਵਿੱਚ ਯੁਵਕ ਮੇਲਾ ‘ਪਰਿਵਰਤਨ-2024’ ਸ਼ੁਰੂ
ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 8 ਅਕਤੂਬਰ
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿੱਚ ਦੋ ਰੋਜ਼ਾ ਸਾਲਾਨਾ ਯੂਥ ਫੈਸਟੀਵਲ ‘ਪਰਿਵਰਤਨ-2024’ ਅੱਜ ਸ਼ੁਰੂ ਹੋ ਗਿਆ। ਇਸ ਸਾਲ ਦਾ ਥੀਮ ‘ਕਲਚਰਲ ਕਨੈਕਟਿੰਗ ਕਮਿਊਨਿਟੀਜ਼’ ਰੱਖਿਆ ਗਿਆ। ਪਹਿਲੇ ਦਿਨ ਸੀਜੀਸੀ ਲਾਂਡਰਾਂ ਵਿੱਚ 10, 15 ਤੇ 20 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ 169 ਕਰਮਚਾਰੀਆਂ ਨੂੰ ਨਗਦ ਇਨਾਮ ਤੇ ਸਰਟੀਫਿਕੇਟ ਦੇ ਕੇ ਸਨਮਾਨਿਆ ਗਿਆ। ਸਮਾਗਮ ਦੀ ਸ਼ੁਰੂਆਤ ਰੰਗਾਰੰਗ ਪੇਸ਼ਕਾਰੀ ਨਾਲ ਹੋਈ। ਉਪਰੰਤ ਇੱਕ ਜੋਸ਼ ਭਰਪੂਰ ਫਲੈਸ਼ ਮੋਬ ਕੀਤਾ ਗਿਆ।
ਇਸ ਮੌਕੇ ਫਿਲਮ ਕਲਾਕਾਰ ਮਲਕੀਤ ਰੌਣੀ, ਸ਼ਿਵੰਦਰ ਮਾਹਲ ਅਤੇ ਰਾਜ ਧਾਲੀਵਾਲ ਨੇ ਵਿਸ਼ੇਸ਼ ਮਹਿਮਾਨ ਸਨ ਜਦੋਂਕਿ ਸੀਜੀਸੀ ਗਰੁੱਪ ਦੇ ਚੇਅਰਮੈਨ ਤੇ ਰਾਜ ਸਭਾ ਦੇ ਮੈਂਬਰ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ, ਕੈਂਪਸ ਡਾਇਰੈਕਟਰ ਡਾ. ਪੀਐਨ ਰੀਸ਼ੀਕੇਸ਼ਾ, ਡੀਨ ਵਿਦਿਆਰਥੀ ਭਲਾਈ ਗਗਨਦੀਪ ਕੌਰ ਭੁੱਲਰ ਅਤੇ ਵੱਖ-ਵੱਖ ਵਿਭਾਗਾਂ ਦੇ ਡਾਇਰੈਕਟਰ ਅਤੇ ਡੀਨ ਹਾਜ਼ਰ ਸਨ। ਪਹਿਲੇ ਦਿਨ ਵੱਖ-ਵੱਖ ਮੁਕਾਬਲਿਆਂ ਵਿੱਚ ਐਸਡੀ ਕਾਲਜ, ਸੀਜੀਸੀ ਝੰਜੇੜੀ, ਚਿਤਕਾਰਾ ’ਵਰਸਿਟੀ, ਐਮਿਟੀ ’ਵਰਸਿਟੀ ਸਣੇ 15 ਤੋਂ ਵੱਧ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।