ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਯੁਵਕ ਮੇਲਾ ਸ਼ੁਰੂ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 24 ਅਕਤੂਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਜਲੰਧਰ ਜ਼ਿਲ੍ਹੇ ਦੇ ਕਾਲਜਾਂ ਦਾ ਸੀ-ਜ਼ੋਨ ਯੁਵਕ ਮੇਲਾ ਅੱਜ ਯੂਨਵਿਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਦੇ ਭੰਗੜੇ ਦੀਆਂ ਪੇਸ਼ਕਾਰੀਆਂ ਨਾਲ ਸ਼ੁਰੂ ਹੋਇਆ। ਫੈਸਟੀਵਲ ਦਾ ਉਦਘਾਟਨ ਸੋਨਮ, ਆਈਏਐੱਸ, ਐਸਡੀਐੱਮ ਅੰਮ੍ਰਿਤਸਰ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ। ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਫੈਸਟੀਵਲ ਦਾ ਆਯੋਜਨ ਅਧਿਆਪਕਾਂ ਵਿਦਿਆਰਥੀਆਂ ਦੀ ਵਿਸ਼ੇਸ਼ ਟੀਮ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ।
ਸ੍ਰੀਮਤੀ ਸੋਨਮ ਨੇ ਕਿਹਾ ਕਿ ਯੁਵਕ ਮੇਲੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਉਸਾਰੂ ਸਰਗਰਮੀਆਂ ਵਿੱਚ ਹਿੱਸਾ ਲੈਣ ਦਾ ਮੌਕਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਯੁਵਕ ਮੇਲੇ ਵਿਦਿਆਰਥੀਆਂ ਵਿੱਚ ਟੀਮ ਭਾਵਨਾ, ਲੀਡਰਸ਼ਿਪ ਗੁਣ, ਕਲਾਤਮਕ ਹੁਨਰ ਅਤੇ ਹੋਰ ਕਈ ਤਰ੍ਹਾਂ ਦੀਆਂ ਨਿਪੁੰਨਤਾਵਾਂ ਪੈਦਾ ਕਰਦੇ ਹਨ। ਇਸ ਲਈ ਵਿਦਿਆਰਥੀਆਂ ਨੂੰ ਸੰਗੀਤ, ਥੀਏਟਰ, ਵਿਚਾਰ ਅਤੇ ਹੋਰ ਦਿਸ਼ਾਵਾਂ ਨਾਲ ਜੁੜੀਆਂ ਸਰਗਰਮੀਆਂ ਵਿਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈ। ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਦਸਮੇਸ਼ ਆਡੀਟੋਰੀਅਮ ਵਿੱਚ ਭੰਗੜਾ, ਕਲਾਸੀਕਲ ਡਾਂਸ ਅਤੇ ਫੋਕ ਆਰਕੈਸਟਰਾ ਦੇ ਮੁਕਾਬਲੇ ਕਰਵਾਏ ਗਏ। ਫੋਕ ਆਰਕੈਸਟਰਾ ਨੇ ਸੱਭਿਆਚਾਰਕ ਪਰੰਪਰਾਵਾਂ ਦੇ ਸਾਜ਼ਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।