ਯੁਵਕ ਮੇਲਾ: ਭਾਸ਼ਣ ਮੁਕਾਬਲੇ ਵਿੱਚ ਅਜੈਵੀਰ ਸਿੰਘ ਸੰਧੂ ਅੱਵਲ
ਸਤਵਿੰਦਰ ਬਸਰਾ
ਲੁਧਿਆਣਾ, 28 ਨਵੰਬਰ
ਗੁੂਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿੱਚ ਚੱਲ ਰਹੇ ਯੁਵਕ ਮੇਲੇ ਦੇ ਅੱਜ ਚੌਥੇ ਦਿਨ ਰਚਨਾਤਮਕ ਲੇਖਣ, ਮੌਕੇ ’ਤੇ ਭਾਸ਼ਣਕਾਰੀ ਅਤੇ ਵਾਦ-ਵਿਵਾਦ ਦੇ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਭਾਸਣਕਾਰੀ ਮੁਕਾਬਲੇ ਵਿੱਚ ਅਜੇਵੀਰ ਸਿੰਘ ਸੰਧੂ ਜੇਤੂ ਰਿਹਾ। ਚੌਥੇ ਦਿਨ ਦੇ ਸਵੇਰ ਦੇ ਸੈਸ਼ਨ ਵਿੱਚ ਵਧੀਕ ਨਿਰਦੇਸਕ ਪਸਾਰ ਸਿੱਖਿਆ ਡਾ. ਪਰਮਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਦੁਪਹਿਰ ਦੇ ਸੈਸ਼ਨ ਵਿੱਚ ਪੀਏਯੂ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਮੁੱਖ ਮਹਿਮਾਨ ਅਤੇ ਪੰਜਾਬੀ ਦੇ ਸੰਪਾਦਕ ਡਾ. ਜਗਵਿੰਦਰ ਜੋਧਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।
ਡਾ. ਜੌੜਾ ਅਤੇ ਡਾਂ. ਜੋਧਾ ਨੇ ਵਿਦਿਆਰਥੀਆਂ ਨੂੰ ਵਧੀਆ ਬੁਲਾਰੇ ਬਣਨ ਲਈ ਕਈ ਮਹੱਤਵਪੂਰਨ ਨੁਕਤੇ ਦੱਸੇ ਅਤੇ ਅਜਿਹੀਆਂ ਗਤੀਵਿਧੀਆਂ ਵਿੱਚ ਭਵਿੱਖ ’ਚ ਵੀ ਸ਼ਿਰਕਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ’ਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਪਰਕਾਸ਼ ਸਿੰਘ ਬਰਾੜ ਨੇ ਦੱਸਿਆ ਕਿ ਯੁਵਕ ਮੇਲੇ ਦਾ ਦੂਜਾ ਦੌਰ 3 ਦਸੰਬਰ ਤੋਂ 5 ਦਸੰਬਰ ਤੱਕ ਹੋਵੇਗਾ ਅਤੇ ਇਸ ਵਿੱਚ ਮੰਚ ਕਲਾਵਾਂ ਅਤੇ ਸੰਗੀਤਮਈ ਵਿਧਾਵਾਂ ਦੇ ਮੁਕਾਬਲੇ ਹੋਣਗੇ। ਪ੍ਰਬੰਧਕੀ ਸਕੱਤਰ ਡਾ. ਅਪਮਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਵਿਦਿਆਰਥੀਆਂ ਨੇ ਆਪਣੇ ਅਹਿਸਾਸਾਂ, ਵਲਵਲਿਆਂ ਅਤੇ ਸਮਾਜਿਕ ਸਰੋਕਾਰਾਂ ਨੂੰ ਭਾਸ਼ਣਕਾਰੀ ਅਤੇ ਲੇਖਣ ਦੇ ਮਾਧਿਅਮ ਰਾਹੀਂ ਪ੍ਰਗਟਾਇਆ। ਮੇਲੇ ਦੇ ਚੌਥੇ ਦਿਨ ਹੋਏ ਵੱਖ ਵੱਖ ਮੁਕਾਬਲਿਆਂ ਵਿੱਚੋਂ ਰਚਨਾਤਮਕ ਲੇਖਣ ’ਚ ਖਾਲਸਾ ਕਾਲਜ ਆਫ ਵੈਟਰਨਰੀ ਅਤੇ ਐਨੀਮਲ ਸਾਇੰਸਜ਼, ਅੰਮ੍ਰਿਤਸਰ ਦੀ ਸਿਮਰਨ ਕੌਰ ਨੇ ਪਹਿਲਾ, ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਦੇ ਸਨਮੀਤ ਨੇ ਦੂਜਾ ਜਦਕਿ ਕਾਲਜ ਆਫ ਵੈਟਰਨਰੀ ਸਾਇੰਸ, ਲੁਧਿਆਣਾ ਦੇ ਵਿਸ਼ਵ ਕਾਲੜਾ ਨੇ ਤੀਜਾ ਸਥਾਨ, ਮੌਕੇ ’ਤੇ ਭਾਸ਼ਣਕਾਰੀ ਮੁਕਾਬਲੇ ਵਿੱਚ ਕਾਲਜ ਆਫ ਵੈਟਰਨਰੀ ਸਾਇੰਸ ਲੁਧਿਆਣਾ ਦੇ ਅਜੇਵੀਰ ਸਿੰਘ ਸੰਧੂ ਨੇ ਪਹਿਲਾ, ਕਾਲਜ ਆਫ ਵੈਟਰਨਰੀ ਸਾਇੰਸ, ਲੁਧਿਆਣਾਂ ਦੇ ਵਿਸ਼ਵ ਕਾਲੜਾ ਨੇ ਦੂਜਾ ਜਦਕਿ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਦੀ ਸਨਮੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਦ-ਵਿਵਾਦ ਮੁਕਾਬਲੇ ਵਿੱਚ ਕਾਲਜ ਆਫ ਵੈਟਰਨਰੀ ਸਾਇੰਸ, ਰਾਮਪੁਰਾ ਫੂਲ, ਕਾਲਜ ਆਫ ਵੈਟਰਨਰੀ ਸਾਇੰਸ, ਲੁਧਿਆਣਾ ਅਤੇ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਮਿੱਟੀ ਦੇ ਬੁੱਤ ਬਣਾਉਣ ਦੇ ਮੁਕਾਬਲੇ ਵਿੱਚ ਕਾਲਜ ਆਫ ਵੈਟਰਨਰੀ ਸਾਇੰਸ, ਰਾਮਪੁਰਾ ਫੂਲ ਦਾ ਹਰਫੂਲ ਸਿੰਘ ਅਤੇ ਇੰਸਟਾਲੇਸ਼ਨ ਵਿੱਚ ਕਾਲਜ ਆਫ ਵੈਟਰਨਰੀ ਸਾਇੰਸ, ਲੁਧਿਆਣਾ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ।