ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 1 ਸਤੰਬਰ
ਭਵਾਨੀਗੜ੍ਹ-ਸਮਾਣਾ ਮੁੱਖ ਮਾਰਗ ’ਤੇ ਪਿੰਡ ਥੰਮਣ ਸਿੰਘ ਵਾਲਾ ਵਿੱਚ ਨਹਿਰ ਦੇ ਪੁਲ ’ਤੇ ਮੋਟਰਸਾਈਕਲ ਨੂੰ ਅਣਪਛਾਤੀ ਕਾਰ ਦੇ ਡਰਾਈਵਰ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਮੋਟਰਸਾਈਕਲ ਸਵਾਰ ਹਰਮਨਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਥਾਣਾ ਭਵਾਨੀਗੜ੍ਹ ਵਿੱਚ ਸਰਦਾਰਾ ਸਿੰਘ ਵਾਸੀ ਸਮੂਰਾਂ ਨੇ ਲਿਖਤੀ ਸ਼ਿਕਾਇਤ ਕੀਤੀ ਕਿ 30 ਅਗਸਤ ਨੂੰ ਉਨ੍ਹਾਂ ਦਾ ਪੁੱਤਰ ਹਰਮਨਦੀਪ ਸਿੰਘ ਆਪਣੇ ਦੋਸਤ ਭਨਿੰਦਰ ਸਿੰਘ ਅਤੇ ਨੂਰਪ੍ਰੀਤ ਸਿੰਘ ਨਾਲ ਮੋਟਰਸਾਈਕਲ ’ਤੇ ਨਹਿਰ ਦੀ ਪਟੜੀ ਰਾਹੀਂ ਪਟਿਆਲਾ ਨੂੰ ਜਾ ਰਹੇ ਸਨ। ਇਸੇ ਦੌਰਾਨ ਪਿੰਡ ਥੰਮਣ ਵਾਲਾ ਵਿੱਚ ਨਹਿਰ ਦੇ ਪੁਲ ’ਤੇ ਇੱਕ ਅਣਪਛਾਤੀ ਕਾਰ ਦੇ ਡਰਾਈਵਰ ਨੇ ਲਾਪ੍ਰਵਾਹੀ ਨਾਲ ਮੋਟਰਸਾਈਕਲ ਵਿੱਚ ਟੱਕਰ ਮਾਰ ਦਿੱਤੀ। ਇਸ ਕਾਰਨ ਹਰਮਨਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਸ ਦੇ ਦੋਸਤਾਂ ਦੇ ਸੱਟਾਂ ਲੱਗੀਆਂ। ਪੁਲੀਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੁੱਤਾ ਅੱਗੇ ਆਉਣ ਕਾਰਨ ਸਕੂਟੀ ਸਵਾਰ ਹਲਾਕ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਆਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵਧਣ ਕਰਕੇ ਸੜਕ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਨੰਗਲਾ ਦੇ ਬਿਜਲੀ ਗਰਿੱਡ ਕੋਲ ਅਮਰੀਕ ਸਿੰਘ ਪੁੱਤਰ ਬਚਨ ਸਿੰਘ ਵਾਸੀ ਲਾਡਬੰਜਾਰਾ ਕਲਾਂ ਕਿਸੇ ਨਿੱਜੀ ਕੰਮ ਲਈ ਪਿੰਡ ਨੰਗਲਾ ਦੇ ਬਿਜਲੀ ਗਰਿੱਡ ਕੋਲ ਜਾ ਰਿਹਾ ਸੀ ਤਾਂ ਇਸ ਗਰਿੱਡ ਕੋਲ ਇਸ ਬਜ਼ੁਰਗ ਸਕੂਟਰੀ ਅੱਗੇ ਕੁੱਤਾ ਆਉਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਿੰਡ ਨੰਗਲਾ ਦੇ ਗੁਰਮੇਲ ਸਿੰਘ, ਸਾਬਕਾ ਸਰਪੰਚ ਜਗਵਿੰਦਰ ਪੱਪੀ, ਦਰਸ਼ਨ ਸਿੰਘ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਘੁੰਮਦੇ ਅਵਾਰਾ ਕੁੱਤਿਆ ਦਾ ਪ੍ਰਬੰਧ ਕੀਤਾ ਜਾਵੇ।