ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ
ਡੀਪੀਐੱਸ ਬੱਤਰਾ
ਸਮਰਾਲਾ, 22 ਜੁਲਾਈ
ਪਿੰਡ ਪਾਲਮਾਜਰਾ ਨਜ਼ਦੀਕ ਸਰਹਿੰਦ ਨਹਿਰ ਦੇ ਰਾਹ ’ਤੇ ਕਾਰ ਅਤੇ ਟਰਾਲੇ ਵਿਚਾਲੇ ਹੋਈ ਸਿੱਧੀ ਟੱਕਰ ਕਾਰਨ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਪਿੰਡ ਮੁਸ਼ਕਾਬਾਦ ਦੇ 30 ਸਾਲਾ ਨੌਜਵਾਨ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ ਹੈ। ਗੁਰਵਿੰਦਰ ਸਿੰਘ ਦਾ ਤਿੰਨ ਸਾਲ ਪਹਿਲਾ ਹੀ ਵਿਆਹ ਹੋਇਆ ਸੀ ਅਤੇ ਉਸ ਦੀ 2 ਸਾਲ ਦੀ ਇੱਕ ਮਾਸੂਮ ਬੇਟੀ ਹੈ।
ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ (30) ਪੁੱਤਰ ਕਰਮਜੀਤ ਸਿੰਘ ਵਾਸੀ ਪਿੰਡ ਮੁਸ਼ਕਾਬਾਦ ਬੀਤੀ ਦੇਰ ਰਾਤ ਦੋਰਾਹਾ ਸਾਈਡ ਤੋਂ ਨਹਿਰ ਵਾਲੇ ਰਸਤੇ ਰਾਹੀ ਆਪਣੇ ਪਿੰਡ ਮੁਸ਼ਕਾਬਾਦ ਪਰਤ ਰਿਹਾ ਸੀ। ਸਮਰਾਲਾ ਨੇੜਲੇ ਪਿੰਡ ਪਾਲਮਾਜਰਾ ਕੋਲ ਪਹੁੰਚਦੇ ਹੀ ਸਾਹਮਣੇ ਤੋਂ ਗਲਤ ਸਾਈਡ ’ਤੇ ਆ ਰਹੇ ਇੱਕ ਤੇਜ਼ ਰਫ਼ਤਾਰ ਟਰਾਲੇ ਨੇ ਉਸ ਦੀ ਕਾਰ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਦੁਰਘਟਨਾ ਵੇਲੇ ਗੁਰਵਿੰਦਰ ਸਿੰਘ ਇੱਕਲਾ ਹੀ ਸੀ ਅਤੇ ਮੌਕੇ ਦੀਆਂ ਤਸਵੀਰਾਂ ਵੇਖ ਕੇ ਜਾਪਦਾ ਹੈ, ਕਿ ਨੌਜਵਾਨ ਨੇ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੋਵੇਗੀ ਅਤੇ ਉਹ ਬਚਣ ਲਈ ਆਪਣੀ ਕਾਰ ਨੂੰ ਬਿਲਕੁਲ ਕੱਚੇ ਰਾਹ ਨਹਿਰ ਦੀ ਰੇਲਿੰਗ ਤੱਕ ਵੀ ਲੈ ਗਿਆ, ਪਰ ਟਰਾਲਾ ਚਾਲਕ ਦੀ ਅਣਗਹਿਲੀ ਉਸ ਨੂੰ ਮੌਤ ਦੇ ਮੂੰਹ ਵਿੱਚ ਲੈ ਗਈ। ਹਾਦਸੇ ਵਿੱਚ ਗੁਰਵਿੰਦਰ ਸਿੰਘ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ ਵਿੱਚ ਕੋਹਰਾਮ ਮਚ ਗਿਆ ਅਤੇ ਉਸ ਦੀ ਪਤਨੀ ਅਤੇ ਮਾਪਿਆਂ ਸਮੇਤ ਰਿਸ਼ਤੇਦਾਰਾਂ ਦਾ ਰੌ-ਰੌ ਕੇ ਬੁਰਾ ਹਾਲ ਹੈ। ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ, ਪੁਲੀਸ ਨੇ ਕਾਰਵਾਈ ਕਰਦੇ ਹੋਏ ਟਰਾਲਾ ਚਾਲਕ, ਜਿਸ ਦੀ ਪਛਾਣ ਜੰਮੂ-ਕਸ਼ਮੀਰ ਨਿਵਾਸੀ ਬਲਵੰਤ ਚੰਦ ਵਜੋਂ ਹੋਈ ਹੈ, ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।