ਨਿੱਜੀ ਨਸ਼ਾ ਛੁਡਾਊ ਕੇਂਦਰ ’ਚ ਨੌਜਵਾਨ ਦੀ ਮੌਤ
ਲਖਵਿੰਦਰ ਸਿੰਘ
ਮਲੋਟ, 18 ਦਸੰਬਰ
ਇੱਥੋਂ ਨੇੜਲੇ ਪਿੰਡ ਸਰਾਵਾਂ ਬੋਦਲਾਂ ਵਿਚ ਢਾਣੀ ’ਤੇ ਚੱਲ ਰਹੇ ਨਿੱਜੀ ਨਸ਼ਾ ਮੁਕਤੀ ਕੇਂਦਰ ਵਿਚ 30 ਸਾਲਾ ਨੌਜਵਾਨ ਸੋਨੂ ਨਾਮ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਸੋਨੂ ਨੂੰ ਡਾਂਗਾਂ ਨਾਲ ਕੁੱਟਿਆ ਗਿਆ। ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਅਦਾ ਕਰਕੇ ਆਪਣੇ ਨੌਜਵਾਨ ਪੁੱਤ ਨੂੰ ਨਸ਼ਾ ਛੁਡਾਉਣ ਲਈ ਪਿੰਡ ਸਰਾਵਾਂ ਬੋਦਲਾਂ ਦੇ ਨਿੱਜੀ ਨਸ਼ਾ ਛੁਡਾਊ ਕੇਂਦਰ ਵਿਚ ਇਲਾਜ ਲਈ ਭੇਜਿਆ ਸੀ, ਜਿੱਥੇ ਉਸ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਜਦੋਂ ਉਹ ਉਸ ਦਾ ਪਤਾ ਲੈਣ ਗਏ ਤਾਂ ਉਹ ਚੰਗੀ ਤਰ੍ਹਾਂ ਖੜ੍ਹਨ ਦੇ ਵੀ ਯੋਗ ਨਹੀਂ ਸੀ। ਉਨ੍ਹਾਂ ਉਸ ਨੂੰ ਤੁਰੰਤ ਬਠਿੰਡਾ ਦੇ ਏਮਜ਼ ’ਚ ਭਰਤੀ ਕਰਵਾਇਆ, ਜਿਥੇ ਉਹ ਦਮ ਤੋੜ ਗਿਆ। ਉਸ ਨੇ ਪੁਲੀਸ ਤੋਂ ਮੰਗ ਕੀਤੀ ਕਿ ਕੇਂਦਰ ਨੂੰ ਸੀਲ ਕਰਕੇ ਦੋਸ਼ੀਆਂ ਖ਼ਿਲਾਫ ਕਤਲ ਦਾ ਕੇਸ ਦਰਜ ਕੀਤਾ ਜਾਵੇ। ਜ਼ਿਲ੍ਹੇ ਦੇ ਇਕਲੌਤੇ ਮੁੜ ਵਸੇਬਾ ਕੇਂਦਰ ਥੇਹੜੀ ਵਿਚ ਮਰੀਜ਼ਾਂ ਦੀ ਗਿਣਤੀ 5 ਤੋਂ 10 ਵਿਚਾਲੇ ਰਹਿੰਦੀ ਹੈ ਪਰ ਨਿੱਜੀ ਨਾਜਾਇਜ਼ ਕੇਂਦਰ ਨਸ਼ੇੜੀਆਂ ਨਾਲ ਭਰਿਆ ਰਹਿੰਦਾ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।
ਕੀ ਕਹਿੰਦੇ ਨੇ ਡਿਪਟੀ ਮੈਡੀਕਲ ਕਮਿਸ਼ਨਰ
ਡਿਪਟੀ ਮੈਡੀਕਲ ਕਮਿਸ਼ਨਰ ਵੰਦਨਾ ਬਾਂਸਲ ਨੇ ਕਿਹਾ ਕਿ ਇਸ ਕੇਂਦਰ ਦੀਆਂ ਪਹਿਲਾਂ ਵੀ ਕਈ ਸ਼ਿਕਾਇਤਾਂ ਆ ਚੁੱਕੀਆਂ ਹਨ ਪਰ ਜਦੋਂ ਵਿਭਾਗ ਪੁਲੀਸ ਦੀ ਮਦਦ ਨਾਲ ਛਾਪੇਮਾਰੀ ਕਰਦਾ ਹੈ ਤਾਂ ਉੱਥੇ ਸਭ ਕੁਝ ਠੀਕ ਮਿਲਦਾ ਹੈ, ਜਿੱਥੋਂ ਤੱਕ ਨੌਜਵਾਨ ਦੀ ਮੌਤ ਬਾਰੇ ਉਨ੍ਹਾਂ ਕੋਲ ਕੋਈ ਲਿਖਤ ਸ਼ਿਕਾਇਤ ਆਵੇਗੀ ਤਾਂ ਉਹ ਕਾਰਵਾਈ ਕਰਨਗੇ। ਇਸ ਕੇਂਦਰ ਦੀ ਦੇਖਭਾਲ ਕਰਨ ਵਾਲੇ ਦਾ ਪੱਖ ਜਾਨਣ ਲਈ ਫੋਨ ਕੀਤਾ ਤਾਂ ਉਹ ਕਿਸੇ ਹੋਰ ਨੇ ਸੁਣਦਿਆਂ ਕਿਹਾ ਕਿ ਉਹ ਅਧਿਕਾਰੀ ਨਾਲ ਉਨ੍ਹਾਂ ਦੀ ਗੱਲ ਕਰਵਾ ਦੇਣਗੇ ਪਰ ਇਸ ਤੋਂ ਬਾਅਦ ਕੋਈ ਪ੍ਰਤੀਕਿਰਿਆ ਨਾ ਦਿੱਤੀ।