ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
ਮੋਹਿਤ ਸਿੰਗਲਾ
ਨਾਭਾ, 30 ਜਨਵਰੀ
ਇੱਥੇ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ। ਪੁਲੀਸ ਮੁਤਾਬਕ ਮ੍ਰਿਤਕ ਚੰਡੀਗੜ੍ਹ ਦਾ ਵਸਨੀਕ ਸੀ ਅਤੇ ਲਗਪਗ ਦੋ ਮਹੀਨੇ ਸਥਾਨਕ ਨਸ਼ਾ ਮੁਕਤੀ ਕੇਂਦਰ ਵਿੱਚ ਇਲਾਜ ਅਧੀਨ ਸੀ। ਉਸ ਨੂੰ ਅੱਜ ਹੀ ਛੁੱਟੀ ਮਿਲੀ ਸੀ। ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਮ੍ਰਿਤਕ ਨੂੰ ਐਂਬੂਲੈਂਸ ਰਾਹੀਂ ਲਿਆਂਦਾ ਗਿਆ ਸੀ ਅਤੇ ਇਸ ਦੌਰਾਨ ਮ੍ਰਿਤਕ ਕੋਲੋਂ ਸਰਿੰਜ ਮਿਲੀ ਸੀ। ਡਾਕਟਰ ਮੁਤਾਬਕ ਹਸਪਤਾਲ ਪਹੁੰਚਣ ਤੋਂ ਪਹਿਲਾਂ ਉਸ ਦੀ ਮੌਤ ਹੋ ਚੁੱਕੀ ਸੀ। ਪੁਲੀਸ ਨੇ ਪਰਿਵਾਰ ਨੂੰ ਇਤਲਾਹ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਐੱਸਐੱਚਓ ਜਸਵਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕੀਤਾ ਜਾਵੇਗਾ। ਮ੍ਰਿਤਕ ਨੂੰ ਹਸਪਤਾਲ ਰੋਡ ਦੇ ਭਰੇ ਬਾਜ਼ਾਰ ਵਿੱਚੋਂ ਚੁੱਕ ਕੇ ਹਸਪਤਾਲ ਲਿਆਂਦਾ ਗਿਆ ਸੀ।
ਇੱਕ ਹੋਰ ਘਟਨਾ ਵਿੱਚ ਬੀਤੇ ਸ਼ੁੱਕਰਵਾਰ ਨਾਭਾ ਦੀ ਸਬ ਤਹਿਸੀਲ ਭਾਦਸੋਂ ਦੇ ਪਿੰਡ ਦੰਦਰਾਲਾ ਵਿੱਚ ਦੋ ਨੌਜਵਾਨ ਸੜਕ ਕਿਨਾਰੇ ਖੇਤਾਂ ਵਿੱਚ ਬੇਹੋਸ਼ ਮਿਲੇ ਸਨ। ਉਨ੍ਹਾਂ ਦੀ ਵੀਡੀਓ ਵੀ ਵਾਇਰਲ ਹੋਈ ਸੀ। ਇਕ ਪਿੰਡ ਵਾਸੀ ਨੇ ਐਂਬੂਲੈਂਸ ਬੁਲਾਈ ਪਰ ਉਨ੍ਹਾਂ ਵਿੱਚੋਂ ਇੱਕ ਦੀ ਕਥਿਤ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਚੁੱਕੀ ਸੀ ਤੇ ਉਸ ਦੇ ਪਰਿਵਾਰ ਨੇ ਬਿਨਾਂ ਪੋਸਟ ਮਾਰਟਮ ਕਰਾਏ ਮ੍ਰਿਤਕ ਦਾ ਸਸਕਾਰ ਕਰ ਦਿੱਤਾ। ਦੂਜੇ ਵਿਅਕਤੀ ਨੂੰ ਪਹਿਲਾਂ ਭਾਦਸੋਂ ਮਗਰੋਂ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਲਿਆਂਦਾ ਗਿਆ। ਇਹ ਦੋਵੇਂ ਨੌਜਵਾਨ ਪਟਿਆਲਾ ਦੇ ਰੋੜੇਵਾਲ ਪਿੰਡ ਦੇ ਵਾਸੀ ਸਨ। ਪਿੰਡ ਦੇ ਸਰਪੰਚ ਬਲਵਿੰਦਰ ਕੰਗ ਨੇ ਘਟਨਾ ਦੀ ਪੁਸ਼ਟੀ ਕੀਤੀ।