ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਢਾਣੀ ਸਿੱਖਾਂਵਾਲੀ ਵਿੱਚ ਵਿਆਹ ਦੌਰਾਨ ਕਥਿਤ ਤੌਰ ’ਤੇ ਨਸ਼ੇ ਦੀ ਵੱਧ ਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦਾ ਦੋਸਤ ਏਮਸ ਬਠਿੰਡਾ ਵਿੱਚ ਜ਼ੇਰੇ ਇਲਾਜ ਹੈ। ਮ੍ਰਿਤਕ ਦੀ ਪਛਾਣ ਹੁਸਨਪ੍ਰੀਤ ਉਰਫ ਕਾਲੀ ਵਜੋਂ ਹੋਈ ਹੈ। ਅੱਠ ਮਾਰਚ ਨੂੰ ਦਿਹਾੜੀਦਾਰ ਮਜ਼ਦੂਰ ਲਖਵਿੰਦਰ ਸਿੰਘ ਉਰਫ ਮਿੱਠਾ ਦੇ ਭਤੀਜੇ ਲਵਪ੍ਰੀਤ ਸਿੰਘ ਉਰਫ ਗਿਆਨੀ ਦਾ ਵਿਆਹ ਸੀ। ਇਸੇ ਦੌਰਾਨ ਲਖਵਿੰਦਰ ਸਿੰਘ ਨੂੰ ਸੂਚਨਾ ਮਿਲੀ ਕਿ ਉਸ ਦਾ ਦੂਜਾ ਭਤੀਜਾ ਹੁਸਨਪ੍ਰੀਤ ਸਿੰਘ ਉਰਫ ਕਾਲੀ ਤੇ ਉਸ ਦਾ ਦੋਸਤ ਮਲਕੀਤ ਵਾਸੀ ਤੇਜਾਖੇੜਾ ਖੇਤਾਂ ਵਿੱਚ ਨਸ਼ੇ ਦੀ ਹਾਲਤ ਵਿੱਚ ਮਿਲੇ। ਲਖਵਿੰਦਰ ਸਿੰਘ ਵੱਲੋਂ ਪੁਲੀਸ ਨੂੰ ਦਿੱਤੇ ਬਿਆਨ ਮੁਤਾਬਕ ਦੋਵਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਚੌਟਾਲਾ ਲਿਆਂਦਾ ਗਿਆ। ਹਾਲਤ ਵਿਗੜਨ ’ਤੇ ਦੋਵਾਂ ਨੂੰ ਏਮਸ ਬਠਿੰਡਾ ਲਿਜਾਇਆ ਗਿਆ। ਹੁਸਨਪ੍ਰੀਤ ਉਰਫ ਕਾਲੀ ਦੀ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਮਲਕੀਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਦਰ ਪੁਲੀਸ ਨੇ ਲਖਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਰਾਮ ਕੁਮਾਰ, ਵਿਕਾਸ, ਵਿਜੇ ਅਤੇ ਅਮਰਦੀਪ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।