ਏਸੀ ਦਾ ਕੰਪਰੈਸਰ ਫ਼ਟਣ ਨਾਲ ਨੌਜਵਾਨ ਦੀ ਮੌਤ; ਦੂਜਾ ਗੰਭੀਰ ਜ਼ਖ਼ਮੀ
ਕਰਮਜੀਤ ਸਿੰਘ ਚਿੱਲਾ
ਬਨੂੜ, 14 ਮਾਰਚ
ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ’ਤੇ ਨੀਲਮ ਹਸਪਤਾਲ ਵਿੱਚ ਏਅਰ ਕੰਡੀਸ਼ਨਰ ਦੀ ਮੁਰੰਮਤ ਕਰਦੇ ਸਮੇਂ ਕੰਪਰੈਸਰ ਫਟਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਦੋਵੇਂ ਏਸੀ ਮਕੈਨਿਕਾਂ ਨੂੰ ਹਸਪਤਾਲ ਵਿਚ ਏਅਰਕੰਡੀਸ਼ਨਡਾਂ ਵਾਲੀ ਕੰਪਨੀ ਵੱਲੋਂ ਭੇਜਿਆ ਗਿਆ ਸੀ। ਹਾਦਸਾ ਅੱਜ ਦੁਪਹਿਰ ਵੇਲੇ ਵਾਪਰਿਆ। ਘਟਨਾ ਦਾ ਪਤਾ ਲੱਗਦਿਆਂ ਹੀ ਬਨੂੜ ਪੁਲੀਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।
ਥਾਣਾ ਬਨੂੜ ਦੇ ਏਐਸਆਈ ਤੇ ਸਬੰਧਿਤ ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਜਸਪਾਲ ਸਿੰਘ ਨੇ ਉਕਤ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਬੰਧਿਤ ਮਕੈਨਿਕ ਏਸੀ ਵਾਲੀ ਕੰਪਨੀ ਵੱਲੋਂ ਨੀਲਮ ਹਸਪਤਾਲ ਵਿਚ ਏਸੀ ਦੀ ਮੁਰੰਮਤ ਕਰਨ ਲਈ ਭੇਜੇ ਗਏ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਹੈਰੀ ਰਾਣਾ (23) ਪੁੱਤਰ ਰਾਮ ਕੁਮਾਰ, ਵਾਸੀ ਪਿੰਡ ਤਿਊੜ, ਜ਼ਿਲ੍ਹਾ ਮੁਹਾਲੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਦੀ ਪਛਾਣ ਅੰਕੁਸ਼ ਰਾਣਾ (31) ਪੁੱਤਰ ਪਵਨ ਕੁਮਾਰ ਵਾਸੀ ਪਿੰਡ ਰਾਮਪੁਰ ਸਾਹਨੀ ਜ਼ਿਲ੍ਹਾ ਰੂਪਨਗਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਹਸਪਤਾਲ ਵਿੱਚ ਹੀ ਜ਼ੇਰੇ ਇਲਾਜ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।