ਯੂਥ ਕਾਂਗਰਸੀਆਂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ
ਸ਼ਗਨ ਕਟਾਰੀਆ
ਬਠਿੰਡਾ, 17 ਸਤੰਬਰ
ਯੂਥ ਕਾਂਗਰਸ ਬਠਿੰਡਾ (ਸ਼ਹਿਰੀ) ਦੇ ਵਰਕਰਾਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਉਨ੍ਹਾਂ ਦਾ ਪੁਤਲਾ ਫੂਕ ਕੇ ਰੋਸ ਦਿਖਾਵਾ ਕੀਤਾ।
ਇਸ ਮੌਕੇ ਯੂਥ ਕਾਂਗਰਸ ਦੇ ਸੂਬਾ ਮੀਤ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਕਾਰਪੋਰੇਟਾਂ ਅੱਗੇ ਗੋਡੇ ਟੇਕਣ ਵਾਲੇ ਪ੍ਰਧਾਨ ਮੰਤਰੀ ਨੇ ਪਹਿਲਾਂ ਤੋਂ ਮਿਲਦੀਆਂ ਨੌਕਰੀਆਂ ’ਤੇ ਵੀ ਰੋਕ ਲਾ ਕੇ ਦੇਸ਼ ਵਿਚ ਬੇਰੁਜ਼ਗਾਰਾਂ ਦੀ ਗਿਣਤੀ ਵਧਾ ਦਿੱਤੀ ਹੈ। ਮਹਿਲਾ ਪਹਿਲਵਾਨਾਂ ਦੇ ਮਾਮਲੇ ਬਾਰੇ ਬੋਲਦਿਆਂ ਕਾਂਗਰਸੀ ਆਗੂ ਨੇ ਕਿਹਾ ਕਿ ਇਸ ਧੱਕੇਸ਼ਾਹੀ ਬਾਰੇ ਸ੍ਰੀ ਮੋਦੀ ਦੀ ਚੁੱਪ ਸਾਜਿਸ਼ੀ ਹੈ।
ਹਿਤੇਸ਼ ਗਰਗ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਮਹਿੰਗਾਈ ਦੇ ਮੁੱਦੇ ਧਰਨੇ ਲਾਉਣ ਵਾਲੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਹੁਣ ਅੰਬਰੀ ਚੜ੍ਹੀ ਮਹਿੰਗਾਈ ਦੇ ਸਮੇਂ ਗਾਇਬ ਹੈ। ਉਨ੍ਹਾਂ ਕੇਂਦਰ ਸਰਕਾਰ ’ਤੇ ਨੌਜਵਾਨ ਪੀੜ੍ਹੀ ਨੂੰ ਧਾਰਮਿਕ ਮਾਮਲਿਆਂ ਵਿੱਚ ਉਲਝਾਉਣ ਦਾ ਦੋਸ਼ ਲਾਇਆ। ਬਠਿੰਡਾ (ਸ਼ਹਿਰੀ) ਦੇ ਮੀਤ ਪ੍ਰਧਾਨ ਰਾਜਨਦੀਪ ਸਿੰਘ ਨੇ ਕਿਹਾ ਕਿ ਜੇ ਸ੍ਰੀ ਮੋਦੀ ਹਰ ਇੱਕ ਵਿਅਕਤੀ ਦੇ ਖਾਤੇ ਵਿੱਚ 15 ਲੱਖ ਰੁਪਏ ਪਾ ਦੇਣ ਤਾਂ ਦੇਸ਼ ਵਿੱਚੋਂ ਬੇਰੁਜ਼ਗਾਰੀ ਖ਼ਤਮ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਸਾਨੀ ਬਾਰੇ ਤਿੰਨ ਕਾਲੇ ਕਾਨੂੰਨਾਂ ਬਾਰੇ ਵੀ ਮੋਦੀ ਸਰਕਾਰ ਦੀ ਆਲੋਚਨਾ ਕੀਤੀ।
ਇਸ ਮੌਕੇ ਸੁਖਵੀਰ ਕੌਰ, ਪਿੰਕੀ, ਜੌਨੀ ਠਾਕੁਰ, ਸਾਹਿਲ ਕੁਮਾਰ, ਪ੍ਰਭਜੋਤ ਸਿੰਘ, ਰਾਕੇਸ਼ ਕੁਮਾਰ, ਅਮਨਦੀਪ ਸਿੰਘ, ਅਰਸ਼ਵੀਰ ਸਿੰਘ, ਸੰਜੇ ਕੁਮਾਰ, ਲਲਿਤ ਕੁਮਾਰ ਅਤੇ ਬਹੁਤ ਸਾਰੇ ਹੋਰ ਆਗੂ ਹਾਜ਼ਰ ਸਨ।