ਯੂਥ ਕਾਂਗਰਸ ਵੱਲੋਂ ਸੰਸਦ ਦੇ ਬਾਹਰ ਨਾਅਰੇਬਾਜ਼ੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਜੁਲਾਈ
ਕਾਂਗਰਸ ਦੇ ਆਗੂ ਰਾਹੁਲ ਗਾਂਧੀ ਵੱਲੋਂ ਸੰਸਦ ਵਿੱਚ ਮੌਜੂਦਾ ਸੈਸ਼ਨ ਦੌਰਾਨ ਨੀਟ ਯੂਜੀ ਇਮਤਿਹਾਨ ਦੇ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਉਠਾਏ ਜਾਣ ਦੇ ਨਾਲ ਹੀ ਕਾਂਗਰਸ ਦੇ ਯੂਥ ਵਿੰਗ ਇੰਡੀਅਨ ਯੂਥ ਕਾਂਗਰਸ ਵੱਲੋਂ ਪਾਰਲੀਮੈਂਟ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇੰਡੀਅਨ ਯੂਥ ਕਾਂਗਰਸ ਦੇ ਕਾਰਕੁਨਾਂ ਵੱਲੋਂ ਨੀਟ ਪ੍ਰੀਖਿਆ ਰੱਦ ਕਰਨ ਸਬੰਧੀ ਨਾਅਰੇ ਲਾਏ ਗਏ।
ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਸਨ, ਜਿਨਾਂ ਉੱਪਰ ‘ਰੀ-ਨੀਟ’ ਦੇ ਨਾਅਰੇ ਲਿਖੇ ਹੋਏ ਸਨ। ਉਨ੍ਹਾਂ ਮੰਗ ਕੀਤੀ ਕਿ ਕੇਂਦਰੀ ਸਿੱਖਿਆ ਮੰਤਰੀ ਨੀਟ ਦੀ ਪ੍ਰੀਖਿਆ ਦੁਆਰਾ ਕਰਵਾਉਣ ਤੇ ਅਸਤੀਫ਼ਾ ਦੇਣ ਕਿਉਂਕਿ ਜੋ ਗੜਬੜੀਆਂ ਇਸ ਵਾਰ ਇਮਤਿਹਾਨਾਂ ਦੌਰਾਨ ਸਾਹਮਣੇ ਆਈਆਂ ਹਨ ਉਸ ਤੋਂ ਨੌਜਵਾਨਾਂ ਦੇ ਹੌਸਲੇ ਟੁੱਟੇ ਹਨ। ਇੰਡੀਅਨ ਯੂਥ ਕਾਂਗਰਸ ਵੱਲੋਂ ਬੀਤੇ ਦਿਨਾਂ ਤੋਂ ਕਈ ਵਾਰ ਨੀਟ ਪ੍ਰੀਖ਼ਿਆ ਦੁਆਰਾ ਕਰਵਾਉਣ ਦੇ ਮੁੱਦੇ ਨੂੰ ਲੈ ਕੇ ਦਿੱਲੀ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕਾਰਕੁਨਾਂ ਵੱਲੋਂ ਨੈਸ਼ਨਲ ਟੈਸਟਿੰਗ ਏਜੰਸੀ ਦੀ ਵੀ ਨਿਖੇਧੀ ਕੀਤੀ ਗਈ ਅਤੇ ਦੋਸ਼ ਲਾਇਆ ਕਿ ਇਸ ਏਜੰਸੀ ਨੇ ਭਾਰਤੀ ਸਿੱਖਿਆ ਪ੍ਰਣਾਲੀ ਨੂੰ ਤਹਿਸ ਨਹਿਸ ਰ ਦਿੱਤਾ ਹੈ। ਇੰਡੀਅਨ ਯੂਥ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਉਹ ਵਿਦਿਆਰਥੀਆਂ ਦੇ ਹੱਕਾਂ ਲਈ ਲਗਾਤਾਰ ਸੰਘਰਸ਼ ਜਾਰੀ ਰੱਖਣਗੇ।