ਯੂਥ ਕਾਂਗਰਸ ਵੱਲੋਂ ਭਾਜਪਾ ਆਗੂ ਬਿਧੂੜੀ ਦੇ ਘਰ ਅੱਗੇ ਪ੍ਰਦਰਸ਼ਨ
ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜਨਵਰੀ
ਭਾਜਪਾ ਆਗੂ ਰਮੇਸ਼ ਬਿਧੂੜੀ ਵੱਲੋਂ ਕਾਂਗਰਸ ਦੀ ਜਨਰਲ ਸਕੱਤਰ ਸ੍ਰੀਮਤੀ ਪ੍ਰਿਯੰਕਾ ਗਾਂਧੀ ਵਾਡਰਾ ਬਾਰੇ ਦਿੱਤੇ ਗਏ ਇਤਰਾਜ਼ਯੋਗ ਬਿਆਨ ਨੂੰ ਲੈ ਕੇ ਅੱਜ ਦਿੱਲੀ ਪ੍ਰਦੇਸ਼ ਯੂਥ ਕਾਂਗਰਸ ਨੇ ਰਮੇਸ਼ ਬਿਧੂੜੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ।
ਇਸ ਪ੍ਰਦਰਸ਼ਨ ਦੌਰਾਨ ਦਿੱਲੀ ਪ੍ਰਦੇਸ਼ ਯੂਥ ਕਾਂਗਰਸ ਦੇ ਸੂਬਾਈ ਆਗੂ ਅਤੇ ਯੂਥ ਕਾਂਗਰਸ ਦੇ ਕਈ ਵਰਕਰ ਮੌਜੂਦ ਸਨ। ਇਸੇ ਦੌਰਾਨ ਕਿਸੇ ਨੇ ਬਿਧੂੜੀ ਦੀ ਸਰਕਾਰੀ ਰਿਹਾਇਸ਼ ਦੇ ਗੇਟ ਉਪਰ ਤਿੱਖੀ ਟਿੱਪਣੀ ਕਰਦਾ ਸਲੋਗਨ ਕਾਲੇ ਰੰਗ ਨਾਲ ਲਿਖ ਦਿੱਤਾ ਕਿ ਬਿਧੂੜੀ ਮਹਿਲਾ ਵਿਰੋਧੀ ਹੈ।
ਪ੍ਰਦਰਸ਼ਨ ਵਿੱਚ ਮਹਿਲਾ ਕਾਰਕੁਨ ਵੀ ਹਾਜ਼ਰ ਸਨ। ਇਸ ਮੌਕੇ ਦਿੱਲੀ ਪ੍ਰਦੇਸ਼ ਯੂਥ ਕਾਂਗਰਸ ਦੇ ਪ੍ਰਧਾਨ ਅਕਸ਼ੈ ਲਾਕਰਾ ਨੇ ਕਿਹਾ ਕਿ ਭਾਜਪਾ ਆਗੂ ਰਮੇਸ਼ ਬਿਧੂੜੀ ਦੇ ਇਤਰਾਜ਼ਯੋਗ ਬਿਆਨ ਦੀ ਨਿਖੇਧੀ ਨਹੀਂ ਕੀਤੀ ਜਾ ਸਕਦੀ। ਭਾਜਪਾ ਅਤੇ ਸੰਘ ਹਮੇਸ਼ਾ ਹੀ ਔਰਤਾਂ ਵਿਰੋਧੀ ਰਹੇ ਹਨ। ਇਹ ਰਮੇਸ਼ ਬਿਧੂੜੀ ਦੀ ਗਲਤ ਵਿਵਹਾਰ ਅਤੇ ਮਾੜੀ ਭਾਸ਼ਾ ਦੀ ਆਦਤ ਹੈ। ਕਾਂਗਰਸੀ ਵਰਕਰਾਂ ਨੇ ਇਸ ਦੌਰਾਨ ਰਮੇਸ਼ ਬਿਧੂੜੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਆਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਕਾਲਕਾ ਜੀ ਵਿਧਾਨ ਸਭਾ ਦੇ ਲੋਕ ਬਿਧੂੜੀ ਨੂੰ ਮੁਆਫ਼ ਨਹੀਂ ਕਰਨਗੇ।
ਇਸ ਦੌਰਾਨ ਅਕਸ਼ੇ ਲਾਕੜਾ ਨੇ ਇਹ ਵੀ ਕਿਹਾ ਕਿ ਰਮੇਸ਼ ਬਿਧੂੜੀ ਦਾ ਪ੍ਰਿਅੰਕਾ ਗਾਂਧੀ ਬਾਰੇ ਬਿਆਨ ਬਹੁਤ ਸ਼ਰਮਨਾਕ ਹੈ, ਉਨ੍ਹਾਂ ਨੂੰ ਇਸ ਘਟੀਆ ਸੋਚ ਲਈ ਮੁਆਫੀ ਮੰਗਣੀ ਚਾਹੀਦੀ ਹੈ। ਜਦੋਂ ਤੱਕ ਰਮੇਸ਼ ਬਿਧੂੜੀ ਮੁਆਫ਼ੀ ਨਹੀਂ ਮੰਗਦੇ, ਉਦੋਂ ਤੱਕ ਯੂਥ ਕਾਂਗਰਸ ਦਾ ਧਰਨਾ ਜਾਰੀ ਰਹੇਗਾ।