ਯੂਥ ਕਾਂਗਰਸ ਵੱਲੋਂ ‘ਰੁਜ਼ਗਾਰ ਦੋ ਨਿਆਏ ਦੋ’ ਮੁਹਿੰਮ ਸ਼ੁਰੂ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਜਨਵਰੀ
ਪੰਜਾਬ ਯੂਥ ਕਾਂਗਰਸ ਵੱਲੋਂ ਅੱਜ ਇੱਥੇ ਪੰਜਾਬ ਕਾਂਗਰਸ ਭਵਨ ਵਿਖੇ ਆਪਣਾ ਫਲੈਗਸ਼ਿਪ ਪ੍ਰੋਗਰਾਮ ‘ਰੁਜ਼ਗਾਰ ਦੋ ਨਿਆਏ ਦੋ’ ਦੀ ਸ਼ੁਰੂਆਤ ਕੀਤੀ ਗਈ। ਇਹ ਮੁਹਿੰਮ ਪੰਜਾਬ ਦੇ ਸਾਰੇ 13 ਸੰਸਦੀ ਹਲਕਿਆਂ ਤੋਂ ਸ਼ੁਰੂ ਹੋਵੇਗੀ ਅਤੇ ਘਰ-ਘਰ ਜਾ ਕੇ ਹਰ ਵਿਧਾਨ ਸਭਾ ਹਲਕੇ ਨੂੰ ਕਵਰ ਕਰੇਗੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਮੌਕੇ ਕਿਹਾ ਕਿ ਪੰਜਾਬ ’ਚ ਵੱਡੇ ਪੱਧਰ ’ਤੇ ਲੋਕ ਕਾਨੂੰਨੀ ਅਤੇ ਗੈਰ-ਕਾਨੂੰਨੀ ਤਰੀਕਿਆਂ ਰਾਹੀਂ ਦੂਜੇ ਦੇਸ਼ਾਂ ’ਚ ਜਾ ਰਹੇ ਹਨ। ਅਜਿਹਾ ਉਦੋਂ ਹੀ ਹੁੰਦਾ ਹੈ ਜਦੋਂ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਉਨ੍ਹਾਂ ਨੂੰ ਰੁਜ਼ਗਾਰ ਦੇਣ ਵਿੱਚ ਅਸਫ਼ਲ ਰਹਿੰਦੀਆਂ ਹਨ।
ਇੰਡੀਅਨ ਯੂਥ ਕਾਂਗਰਸ ਦੇ ਇੰਚਾਰਜ ਕ੍ਰਿਸ਼ਨਾ ਅਲਾਵਰੂ ਨੇ ਕਿਹਾ ਕਿ ਦੇਸ਼ ਵਿੱਚ ਵੱਡੇ ਪੱਧਰ ’ਤੇ ਬੇਰੁਜ਼ਗਾਰੀ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ। ਅੱਜ ਹਰ ਛੇਵਾਂ ਗਰੈਜੂਏਟ ਬੇਰੁਜ਼ਗਾਰ ਹੈ ਜਦਕਿ ਮੋਦੀ ਸਰਕਾਰ ਦੇ 9 ਸਾਲਾਂ ਵਿੱਚ ਸ਼ਾਸ਼ਨਕਾਲ ਵਿੱਚ 22 ਕਰੋੜ ਬੇਰੁਜ਼ਗਾਰਾਂ ਨੇ ਨੌਕਰੀਆਂ ਲਈ ਅਰਜ਼ੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਬੇਰੁਜ਼ਗਾਰੀ ਦੇ ਸੰਕਟ ਨਾਲ ਜੂਝ ਰਿਹਾ ਹੈ ਪਰ ਕੇਂਦਰ ਸਰਕਾਰ ‘ਹਮ ਦੋ ਹਮਾਰੇ ਦੋ’ ’ਤੇ ਕੰਮ ਕਰ ਰਹੀ ਹੈ। ਸੱਤਾ ਵਿੱਚ ਆਉਣ ਤੋਂ ਪਹਿਲਾਂ ਮੋਦੀ ਸਰਕਾਰ ਨੇ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਜਿਸ ਨਾਲ 16 ਕਰੋੜ ਨੌਕਰੀਆਂ ਬਣਦੀਆਂ ਹਨ ਪਰ ਹੁਣ ਤੱਕ 7 ਲੱਖ ਨੂੰ ਨੌਕਰੀਆਂ ਦਿੱਤੀਆਂ ਗਈਆਂ ਸਨ।
ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੇ ਕਿਹਾ ਕਿ ਯੂਥ ਕਾਂਗਰਸ ਇਸ ਮੁਹਿੰਮ ਨੂੰ ਪੰਜਾਬ ਦੇ ਹਰ ਲੋਕ ਸਭਾ ਹਲਕਿਆਂ ਵਿੱਚ ਲੈ ਕੇ ਜਾਵੇਗੀ। ਯੂਥ ਕਾਂਗਰਸ ਨੇ ਵੀ ਅੱਜ ਸੂਬਾ ਕਾਰਜਕਾਰਨੀ ਦੀ ਮੀਟਿੰਗ ਕੀਤੀ ਜਿਸ ਵਿੱਚ ਵੱਖ-ਵੱਖ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਗਈ।
ਸਰਕਾਰ ’ਤੇ ਪ੍ਰਚਾਰ ਵੈਨਾਂ ਰਾਹੀਂ ਖ਼ਜ਼ਾਨੇ ਦੀ ਬਰਬਾਦੀ ਕਰਨ ਦਾ ਦੋਸ਼
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਵੱਲੋਂ ਝੂਠੇ ਪ੍ਰਚਾਰ ’ਤੇ ਕਰੋੜਾਂ ਰੁਪਏ ਬਰਬਾਦ ਕੀਤੇ ਜਾਣ ’ਤੇ ਤਿੱਖਾ ਹਮਲਾ ਬੋਲਿਆ ਹੈ। ਬਾਜਵਾ ਨੇ ਇੱਕ ਖ਼ਬਰ ਦੇ ਹਵਾਲੇ ਨਾਲ ਕਿਹਾ ਕਿ ‘ਆਪ’ ਸਰਕਾਰ ਨੇ 5 ਫਰਵਰੀ ਨੂੰ ਪ੍ਰਚਾਰ ਵੈਨਾਂ ਚਲਾਉਣ ਲਈ 31 ਜਨਵਰੀ ਤੱਕ 97 ਵਾਹਨਾਂ ਲਈ ਦਿਲਚਸਪੀ ਦਾ ਪ੍ਰਗਟਾਵਾ ਮੰਗਿਆ ਸੀ। ਇਨ੍ਹਾਂ ਵੈਨਾਂ ਨਾਲ ‘ਆਪ’ ਸਰਕਾਰ ਆਪਣੀ ਕਾਰਗੁਜ਼ਾਰੀ ਦਾ ਪ੍ਰਚਾਰ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਅੰਦਰੂਨੀ ਸੂਤਰਾਂ ਨੇ ਪਹਿਲਾਂ ਹੀ ਦਾਅਵਾ ਕੀਤਾ ਹੈ ਕਿ ਸਰਕਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਜਿਹੀਆਂ 200 ਵੈਨਾਂ ਲਾਂਚ ਕਰੇਗੀ। ‘ਆਪ’ ਸਰਕਾਰ ਇਨ੍ਹਾਂ ਵੈਨਾਂ ਨੂੰ ਅਸਲ ਕਿਰਾਏ ਤੋਂ ਜ਼ਿਆਦਾ ਕਿਰਾਏ ’ਤੇ ਲੈ ਰਹੀ ਹੈ। ਬਾਜਵਾ ਨੇ ਕਿਹਾ ਕਿ ਇਸ ਨਾਲ ਸਰਕਾਰੀ ਖਜ਼ਾਨੇ ’ਤੇ ਦਬਾਅ ਪਵੇਗਾ ਜੋ ਪਹਿਲਾਂ ਹੀ ਖਸਤਾ ਹਾਲਤ ’ਚ ਹੈ। ਬਾਜਵਾ ਨੇ ਕਿਹਾ ਕਿ ਸਰਕਾਰ ਆਪਣੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਲੋਕਾਂ ਦੀਆਂ ਉਮੀਦਾਂ ਅਨੁਸਾਰ ਕੰਮ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਇਸ ਨੇ ਦੋ ਸਾਲਾਂ ਵਿੱਚ ਆਪਣੇ 5 ਫ਼ੀਸਦੀ ਵਾਅਦੇ ਵੀ ਪੂਰੇ ਨਹੀਂ ਕੀਤੇ।