ਰਸੋਈ ਗੈਸ ਦੀਆਂ ਵਧਾਈਆਂ ਕੀਮਤਾਂ ਖ਼ਿਲਾਫ਼ ਯੂਥ ਕਾਂਗਰਸ ਵੱਲੋਂ ਰੋਸ ਮਾਰਚ
ਐਨ ਪੀ ਧਵਨ
ਪਠਾਨਕੋਟ, 10 ਅਪਰੈਲ
ਕੇਂਦਰ ਸਰਕਾਰ ਵੱਲੋਂ ਰਸੋਈ ਗੈਸ ਦੀਆਂ ਵਧਾਈਆਂ ਗਈਆਂ ਕੀਮਤਾਂ ਅਤੇ ਮੋਦੀ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ ਯੂਥ ਕਾਂਗਰਸ ਵੱਲੋਂ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਅਭਿਯਮ ਸ਼ਰਮਾ ਦੀ ਅਗਵਾਈ ਵਿੱਚ ਇਥੇ ਮੁੱਖ ਗਾਂਧੀ ਚੌਕ ਵਿੱਚ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਸਾਗਰ ਭੱਟੀ, ਰਾਕੇਸ਼ ਕੁਮਾਰ, ਰਾਮ ਲਾਲ, ਸ਼ਾਮ ਲਾਲ, ਮੋਹਨ ਲਾਲ ਆਦਿ ਹਾਜ਼ਰ ਸਨ।
ਜ਼ਿਲ੍ਹਾ ਪ੍ਰਧਾਨ ਨੇ ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 50 ਰੁਪਏ ਪ੍ਰਤੀ ਸਿਲੰਡਰ ਦਾ ਜੋ ਵਾਧਾ ਕੀਤਾ ਹੈ, ਇਹ ਨਾ ਕੇਵਲ ਘਰ ਦੀ ਰਸੋਈ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਇਸ ਦਾ ਸਿੱਧਾ ਅਸਰ ਉਨ੍ਹਾਂ ਗਰੀਬ ਲੋਕਾਂ _ਤੇ ਵੀ ਪਿਆ ਹੈ, ਜਿਨ੍ਹਾਂ ਨੂੰ ਉਜਵਲ ਸਕੀਮ ਦਾ ਲਾਭ ਦੇਣ ਲਈ ਮੋਦੀ ਸਰਕਾਰ ਢਿੰਡੋਰਾ ਪਿਟਦੀ ਆ ਰਹੀ ਹੈ। ਇਸ ਸਰਕਾਰ ਦਾ ਮਹਿੰਗਾਈ ਉਪਰ ਕੋਈ ਕੰਟਰੋਲ ਨਹੀਂ ਰਿਹਾ ਅਤੇ ਇਸ ਨੇ ਗਰੀਬਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ। ਬੇਰੁਜ਼ਗਾਰੀ ਵੀ ਬੇਲਗਾਮ ਵਧਦੀ ਜਾ ਰਹੀ ਹੈ। ਅਭਿਯਮ ਨੇ ਕਿਹਾ ਕਿ ਲਗਦਾ ਹੈ ਕਿ ਅੱਜ ਦੀਆਂ ਸਰਕਾਰਾਂ ਸਿਰਫ ਖੋਖਲੇ ਨਾਅਰੇ, ਵਿਗਿਆਪਨ ਅਤੇ ਭਵਿੱਖ ਦੇ ਸੁਪਨੇ ਦਿਖਾ ਕੇ ਹੀ ਆਪਣਾ ਉਲੂ ਸਿੱਧਾ ਕਰ ਰਹੀਆਂ ਹਨ। ਸਰਕਾਰਾਂ ਦੀ ਕਥਨੀ ਅਤੇ ਕਰਨੀ ਵਿੱਚ ਬਹੁਤ ਅੰਤਰ ਆ ਚੁੱਕਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਮਹਿੰਗਾਈ ਅਤੇ ਬੇਰੁਜ਼ਗਾਰੀ ਉਪਰ ਕਾਬੂ ਪਾਉਣ ਵਿੱਚ ਅਸਫਲ ਰਹੀ ਤਾਂ ਯੂਥ ਕਾਂਗਰਸ ਆਪਣੇ ਇਸ ਅੰਦੋਲਨ ਨੂੰ ਗਲੀਆਂ ਅਤੇ ਘਰ-ਘਰ ਤੱਕ ਪਹੁੰਚਾਏਗੀ।