ਖੇਤ ’ਚੋਂ ਆ ਰਹੇ ਨੌਜਵਾਨਾਂ ਦੀ ਕੁੱਟਮਾਰ, ਤਿੰਨ ਜ਼ਖ਼ਮੀ
ਪੱਤਰ ਪ੍ਰੇਰਕ
ਰਤੀਆ, 3 ਜੁਲਾਈ
ਪਿੰਡ ਬਾਹਮਣਵਾਲਾ ਵਿਚ ਅੱਜ ਕੁੱਝ ਨੌਜਵਾਨਾਂ ਨੇ ਟਰੈਕਟਰ ਰਾਹੀਂ ਖੇਤ ਤੋਂ ਆ ਰਹੇ 3 ਨੌਜਵਾਨਾਂ ਨੂੰ ਰਸਤੇ ਵਿਚ ਘੇਰ ਕੇ ਉਨ੍ਹਾਂ ’ਤੇ ਰਾਡ ਅਤੇ ਸੋਟੀਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਤਿੰਨ ਗੰਭੀਰ ਜ਼ਖ਼ਮੀ ਹੋ ਗਏ। ਇਸ ਦੌਰਾਨ ਪਿੰਡ ਦੇ ਮੇਘਾ ਸਿੰਘ, ਗੁਰਪ੍ਰੀਤ ਸਿੰਘ ਅਤੇ ਗੁਰਦੀਪ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਰਤੀਆ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਪਰ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਤਿੰਨਾਂ ਨੂੰ ਅਗਰੋਹਾ ਮੈਡੀਕਲ ਕਾਲਜ ਵਿਚ ਰੈਫਰ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਜਿੱਥੇ ਬਾਹਮਣਵਾਲਾ ਪੁਲੀਸ ਚੌਕੀ ਦੀ ਟੀਮ ਰਾਤ ਨੂੰ ਹੀ ਮੌਕੇ ’ਤੇ ਪਹੁੰਚ ਗਈ, ਉਥੇ ਹੀ ਸਵੇਰੇ ਅਗਰੋਹਾ ਮੈਡੀਕਲ ਕਾਲਜ ਵਿਚ ਪਹੁੰਚੇ ਬੀਟ ਅਧਿਕਾਰੀ ਅਮਰ ਸਿੰਘ ਨੇ ਜ਼ਖ਼ਮੀ ਹੋਏ ਮੇਘਾ ਸਿੰਘ ਦੀ ਸ਼ਿਕਾਇਤ ’ਤੇ ਪਿੰਡ ਕਿਲਾ ਸਿੰਘ, ਕੁਲਦੀਪ ਸਿੰਘ, ਕੱਲੂ, ਜੰਗ ਸਿੰਘ ਅਤੇ ਗੁੱਗੀ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਆਪਣੇ ਟਰੈਕਟਰ ਰਾਹੀਂ ਉਹ ਗੁਰਪ੍ਰੀਤ ਸਿੰਘ ਅਤੇ ਗੁਰਦੀਪ ਸਿੰਘ ਨਾਲ ਖੇਤ ’ਚੋਂ ਆਪਣੇ ਘਰ ਜਾ ਰਿਹਾ ਸੀ ਤਾਂ ਰਸਤੇ ਵਿਚ ਹੀ ਉਪਰੋਕਤ ਨੌਜਵਾਨ ਬੈਠੇ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਇਨ੍ਹਾਂ ਨੌਜਵਾਨਾਂ ਨੇ ਜਬਰਨ ਉਨ੍ਹਾਂ ਦਾ ਟਰੈਕਟਰ ਰੋਕ ਲਿਆ ਅਤੇ ਬਾਅਦ ਵਿਚ ਬਿਨਾਂ ਕਾਰਨ ਉਨ੍ਹਾਂ ’ਤੇ ਲੋਹੇ ਦੀ ਰਾਡ ਅਤੇ ਸੋਟੀਆਂ ਨਾਲ ਹਮਲਾ ਕਰ ਦਿੱਤਾ। ਰੌਲਾ ਪੈਣ ’ਤੇ ਰਾਹਗੀਰ ਇਕੱਠੇ ਹੋ ਗਏ, ਜਿਨ੍ਹਾਂ ਨੂੰ ਦੇਖ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।