ਨੌਜਵਾਨ ਦੀ ਰਾਡ ਮਾਰ ਕੇ ਹੱਤਿਆ
ਸਰਬਜੀਤ ਗਿੱਲ
ਫਿਲੌਰ, 6 ਜਨਵਰੀ
ਪਿੰਡ ਅਕਲਪੁਰ ਵਿਚ ਰੰਜਿਸ਼ ਕਾਰਨ ਨੌਜਵਾਨ ’ਤੇ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਦੀ ਲੁਧਿਆਣਾ ਦੇ ਹਸਪਤਾਲ ਲਿਜਾਂਦੇ ਹੋਏ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 42 ਸਾਲਾ ਜਗਤਾਰ ਸਿੰਘ ਤਾਰੂ ਵਜੋਂ ਹੋਈ। ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਆਪਣੇ ਘਰ ਵਿੱਚ ਮੌਜੂਦ ਸੀ ਜਦੋਂ ਉਸ ਨੂੰ ਇੱਕ ਫੋਨ ਆਇਆ ਤਾਂ ਉਹ ਉੱਠ ਕੇ ਬਾਹਰ ਚਲਾ ਗਿਆ। ਪਰਿਵਾਰ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਸ ਦੀ ਕਿਸੇ ਨਾਲ ਲੜਾਈ ਹੋਈ ਹੈ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਉਪਰੰਤ ਉਸ ਦੀ ਮੌਤ ਹੋ ਗਈ। ਉਸ ਦੀ ਮਾਤਾ ਨੇ ਦੱਸਿਆ ਕਿ ਉਸ ਦਾ ਇੱਕ ਪੁੱਤ ਪਹਿਲਾਂ ਇਟਲੀ ’ਚ ਇਕ ਹਾਦਸੇ ਦੌਰਾਨ ਫੌਤ ਹੋ ਗਿਆ ਸੀ। ਪਿੰਡ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਅਕਲਪੁਰ ਦੇ ਗੇਟ ਨਾਲ ਬਣੀ ਦੁਕਾਨ ਨੇੜੇ ਕੁਝ ਨੌਜਵਾਨਾਂ ਨੇ ਆ ਕੇ ਤੇਜ਼ਧਾਰ ਹਥਿਆਰਾਂ ਨਾਲ ਤਾਰੂ ਦੀ ਵੱਢ ਟੁੱਕ ਕੀਤੀ ਤੇ ਸਿਰ ’ਤੇ ਲੋਹੇ ਦੀ ਰਾਡ ਮਾਰੀ। ਸਬ ਇੰਸਪੈਕਟਰ ਸੁਖਦੇਵ ਸਿੰਘ ਨੇ ਪੁਲੀਸ ਪਾਰਟੀ ਨਾਲ ਘਟਨਾ ਸਥਾਨ ਦਾ ਜਾਇਜ਼ਾ ਲਿਆ। ਥਾਣਾ ਮੁਖੀ ਸੰਜੀਵ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਸੀਮਾ ਦੇ ਬਿਆਨਾਂ ’ਤੇ ਪੰਜ ਜਣਿਆਂ ਰਾਜਬੀਰ ਸਿੰਘ, ਅਜਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਪਰਮਿੰਦਰ ਸਿੰਘ ਅਤੇ ਲਖਬੀਰ ਸਿੰਘ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।