ਰਤੀਆ ਵਿੱਚ ਨੌਜਵਾਨ ਅਸਲੇ ਸਮੇਤ ਗ੍ਰਿਫ਼ਤਾਰ
ਕੇਕੇ ਬਾਂਸਲ
ਰਤੀਆ, 1 ਨਵੰਬਰ
ਪੁਲੀਸ ਵੱਲੋਂ ਚਲਾਈ ਮੁਹਿੰਮ ਤਹਿਤ ਬੀਤੀ ਰਾਤ ਸੀਆਈਏ ਸਟਾਫ ਫਤਿਆਬਾਦ ਦੀ ਟੀਮ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਸ਼ਹਿਰ ਦੇ ਅਰੋੜਾ ਕਲੋਨੀ ਇਲਾਕੇ ਵਿਚ ਛਾਪਾ ਮਾਰ ਕੇ ਇੱਕ ਨੌਜਵਾਨ ਨੂੰ ਪਿਸਤੌਲ ਤੇ ਇੱਕ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਏਐੱਸਆਈ ਬਸੰਤ ਸਿੰਘ ਤੋਂ ਇਲਾਵਾ ਸਹਿਯੋਗੀ ਭੁਪਿੰਦਰ ਸਿੰਘ, ਰਾਮ ਅਵਤਾਰ ਅਤੇ ਸਰਕਾਰੀ ਗੱਡੀ ਚਾਲਕ ਸਤੀਸ਼ ਕੁਮਾਰ ਆਦਿ ਅਪਰਾਧਕ ਘਟਨਾਵਾਂ ਨੂੰ ਰੋਕਣ ਲਈ ਸ਼ਹਿਰ ਦੇ ਲਹੌਰੀ ਚੌਕ ’ਤੇ ਮੌਜੂਦ ਸਨ। ਇਸੇ ਦੌਰਾਨ ਹੀ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਸ਼ਹਿਰ ਦੀ ਅਰੋੜਾ ਕਲੋਨੀ ਦੇ ਇੱਕ ਮੋੜ ’ਤੇ ਸੋਵਨ ਨਾਮਕ ਨੌਜਵਾਨ ਖੜ੍ਹਾ ਹੈ ਅਤੇ ਇਸ ਕੋਲ ਇੱਕ ਪਿਸਤੌਲ ਵੀ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਸਬੰਧਤ ਟੀਮ ਨੇ ਸ਼ਹਿਰ ਦੇ ਅਰੋੜਾ ਕਲੋਨੀ ਵਿੱਚ ਜਦੋਂ ਛਾਪਾ ਮਾਰਿਆ ਤਾਂ ਇਹ ਨੌਜਵਾਨ ਖੜ੍ਹਾ ਸੀ। ਉਹ ਪੁਲੀਸ ਦਾ ਵਾਹਨ ਦੇ ਕੇ ਖਾਲੀ ਮੈਦਾਨ ਵੱਲ ਤੇਜ਼ ਕਦਮਾਂ ਨਾਲ ਚੱਲਣ ਲੱਗਿਆ। ਪੁਲੀਸ ਟੀਮ ਨੇ ਜਦੋਂ ਉਕਤ ਵਿਅਕਤੀ ਦਾ ਨਾਂ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਸੋਵਨ ਕੁਮਾਰ ਨਿਵਾਸੀ ਵਾਰਡ ਨੰ: 12 ਅਰੋੜਾ ਕਲੋਨੀ ਰਤੀਆ ਦੱਸਿਆ। ਜਦੋਂ ਪੁਲੀਸ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੇ ਕਬਜ਼ੇ ਵਿੱਚੋਂ ਇੱਕ ਪਿਸਤੌਲ .32 ਬੋਰ ਅਤੇ ਇੱਕ ਕਾਰਤੂਸ ਬਰਾਮਦ ਹੋਇਆ। ਪੁਲੀਸ ਨੇ ਉਕਤ ਨੌਜਵਾਨ ਖਿਲਾਫ਼ ਸ਼ਹਿਰ ਥਾਣਾ ਵਿਚ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਅਤੇ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਟੀਮ ਵੱਲੋਂ ਸਬੰਧਤ ਨੌਜਵਾਨ ਤੋਂ ਨਾਜਾਇਜ਼ ਪਿਸਤੌਲ ਦੇ ਸਬੰਧ ਵਿਚ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।