ਨੌਜਵਾਨ ਦੋ ਕਿੱਲੋ ਹੈਰੋਇਨ ਸਣੇ ਗ੍ਰਿਫ਼ਤਾਰ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਕਮਿਸ਼ਨਰੇਟ ਪੁਲੀਸ ਨੇ ਅੱਜ ਇੱਕ 23 ਸਾਲ ਨੌਜਵਾਨ ਨੂੰ ਦੋ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਦਸ ਕਰੋੜ ਰੁਪਏ ਦੱਸੀ ਜਾ ਰਹੀ ਹੈ। ਮੁਲਜ਼ਮ ਦੀ ਪਛਾਣ ਪੰਕਜ ਕੁਮਾਰ ਵਾਸੀ ਟਾਵਰ ਐਨਕਲੇਵ, ਫੇਜ਼-1 ਵਡਾਲਾ ਚੌਕ, ਜਲੰਧਰ ਹਾਲ ਵਾਸੀ ਆਰੀਅਨ ਨਗਰ ਗੜਾ ਸੁਭਾਨਾ ਰੋਡ, ਜਲੰਧਰ ਵਜੋਂ ਹੋਈ ਹੈ।ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਇੱਕ ਐੱਸਯੂਵੀ ਗੱਡੀ ਵੀ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਗਸ਼ਤ ਕਰ ਰਹੀ ਪੁਲੀਸ ਪਾਰਟੀ ਨੇ ਜਦੋਂ ਆਫਿਸਰ ਐਨਕਲੇਵ ਲੋਹਾਰਾ ਨੰਗਲ ਨੇੜੇ ਫੋਲੜੀਵਾਲ ਰੋਡ, ਜਲੰਧਰ ਕੋਲ ਇੱਕ ਵਾਹਨ ਦੀ ਤਲਾਸ਼ੀ ਲਈ ਤਾਂ ਉਸ ਵਿੱਚ ਪਏ ਬੈਗ ਵਿੱਚੋਂ ਦੋ ਕਿੱਲੋ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦਾ ਭਰਾ ਦੀਪਕ ਕੁਮਾਰ ਅਤੇ ਮਾਂ ਜਸਵਿੰਦਰ ਕੋਰ ਉਰਫ਼ ਜੱਸੀ ਪਹਿਲਾਂ ਹੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜੇਲ੍ਹ ’ਚ ਹਨ। ਪੰਕਜ਼ ’ਤੇ ਵੀ ਸਾਲ 2018 ਤੇ 2020 ਵਿੱਚ ਐੱਨਡੀਪੀਐੱਸ ਐਕਟ ਤਹਿਤ ਦੋ ਕੇਸ ਦਰਜ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਪੰਕਜ ਜਲੰਧਰ ਦੇ ਇੱਕ ਕਾਲਜ ਵਿੱਚ ਬੀਏ ਫਾਈਨਲ ਦਾ ਵਿਦਿਆਰਥੀ ਹੈ। ਉਸ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਸ ਦਾ ਸਾਰਾ ਪਰਿਵਾਰ ਹੈਰੋਇਨ ਵੇਚਦਾ ਹੈ। ਉਹ ਸਰਹੱਦ ਪਾਰ ਤੋਂ ਹੈਰੋਇਨ ਦੀ ਖੇਪ ਮੰਗਾ ਕੇ ਅੱਗੇ ਸਪਲਾਈ ਕਰਦਾ ਸੀ।