ਨੌਜਵਾਨ ਚੂਰਾ ਪੋਸਤ ਸਣੇ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਰਤੀਆ, 6 ਜਨਵਰੀ
ਨਾਗਪੁਰ ਪੁਲੀਸ ਚੌਕੀ ਦੇ ਇੰਚਾਰਜ ਗੋਪਾਲ ਦਾਸ ਦੀ ਅਗਵਾਈ ਹੇਠ ਗਠਿਤ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਤਾਮਸਪੁਰਾ ਦੀ ਢਾਣੀ ਕੋਲ ਛਾਪਾ ਮਾਰਿਆ। ਇਸ ਦੌਰਾਨ ਇਕ ਨੌਜਵਾਨ ਨੂੰ ਚੂਰਾ ਪੋਸਤ ਸਣੇ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਰਾਮ ਸਿੰਘ ਵਾਸੀ ਤਾਮਸਪੁਰਾ ਵਜੋਂ ਹੋਈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਚੌਕੀ ਇੰਚਾਰਜ ਤੋਂ ਇਲਾਵਾ ਸਹਿਯੋਗੀ ਹੈੱਡ ਕਾਂਸਟੇਬਲ ਧਰਮਪਾਲ, ਐੱਸਪੀਓ ਹਰਬੰਸ ਸਿੰਘ, ਉਜਾਗਰ ਸਿੰਘ ਅਤੇ ਸਰਕਾਰੀ ਗੱਡੀ ਡਰਾਈਵਰ ਸੂਰਜ ਭਾਨ ਆਦਿ ਪਿੰਡ ਤਾਮਸਪੁਰਾ ਦੇ ਨਹਿਰ ਪੁਲ ’ਤੇ ਮੌਜੂਦ ਸਨ। ਇਸੇ ਦੌਰਾਨ ਕਿਸੇ ਨੇ ਗੁਪਤ ਸੂਚਨਾ ਦਿੱਤੀ ਕਿ ਪਿੰਡ ਦਾ ਰਾਮ ਸਿੰਘ ਕਚਰਾ ਚੂਰਾ ਪੋਸਤ ਵੇਚਣ ਦਾ ਧੰਦਾ ਕਰਦਾ ਹੈ। ਚੌਕੀ ਇੰਚਾਰਜ ਸਬੰਧਤ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਤੋਂ ਬਾਅਦ ਪਿੰਡ ਤਾਮਸਪੁਰਾ ਵੱਲ ਰਵਾਨਾ ਹੋਏ ਤਾਂ ਪਿੰਡ ਨੇੜੇ ਢਾਣੀ ਵਿੱਚੋਂ ਨੌਜਵਾਨ ਹੱਥ ਵਿੱਚ ਪਲਾਸਟਿਕ ਦਾ ਥੈਲਾ ਲੈ ਕੇ ਪੈਦਲ ਆਉਂਦਾ ਨਜ਼ਰ ਆਇਆ। ਪੁਲੀਸ ਦੀ ਗੱਡੀ ਦੇਖ ਕੇ ਉਹ ਵਾਪਸ ਤੇਜ਼ ਕਦਮਾਂ ਨਾਲ ਚੱਲਣ ਲੱਗਿਆ, ਪਰ ਪੁਲੀਸ ਨੇ ਫੁਰਤੀ ਨਾਲ ਉਸ ਨੂੰ ਕਾਬੂ ਕਰ ਲਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ ਗਈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਪਲਾਸਟਿਕ ਦੇ ਥੈਲੇ ਦੀ ਤਲਾਸ਼ੀ ਲਈ ਤਾਂ ਉਸ ਵਿੱਚ 1 ਕਿੱਲੋ 78 ਗ੍ਰਾਮ ਚੂਰਾ ਪੋਸਤ ਮਿਲਿਆ।
ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਸਦਰ ਥਾਣਾ ਵਿੱਚ ਕੇਸ ਦਰਜ ਕਰਦੇ ਹੋਏ ਇਸ ਦੀ ਅਗਲੀ ਜਾਂਚ ਚੌਕੀ ਦੇ ਸਬ ਇੰਸਪੈਕਟਰ ਰਾਧੇ ਸ਼ਾਮ ਨੂੰ ਸੌਂਪ ਦਿੱਤੀ ਹੈ। ਦੂਸਰੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਸਬੰਧਤ ਮੁਲਜ਼ਮ ਤੋਂ ਨਸ਼ੀਲੇ ਪਦਾਰਥ ਦੇ ਸਬੰਧ ਵਿਚ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਤਸਕਰ ਨੂੰ ਵੀ ਕਾਬੂ ਕੀਤਾ ਜਾ ਸਕੇ।