ਸੌ ਗਰਾਮ ਅਫ਼ੀਮ ਸਣੇ ਨੌਜਵਾਨ ਕਾਬੂ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 11 ਜਨਵਰੀ
ਜ਼ਿਲ੍ਹਾ ਪੁਲੀਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਤੇ ਸ਼ਿੰਕਜਾ ਕੱਸਦੇ ਹੋਏ ਨਸ਼ੀਲਾ ਪਦਾਰਥ ਸਪਲਾਈ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਪੁਲੀਸ ਕਪਤਾਨ ਵਰੁਣ ਸਿੰਗਲਾ ਦੇ ਮਾਰਗ ਦਰਸ਼ਨ ਵਿਚ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਡਿੰਪਲ ਉਰਫ ਵਿਸ਼ੂ ਵਾਸੀ ਸੰਗਮ ਮਾਰਕੀਟ ਲਾਡਵਾ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ਵਿੱਚੋਂ ਸੌ ਗਰਾਮ ਅਫੀਮ ਬਰਾਮਦ ਕੀਤੀ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਏਐੱਸਆਈ ਰਾਜਪਾਲ ਦੀ ਅਗਵਾਈ ਹੇਠ ਇੰਦਰੀ ਚੌਕ ਲਾਡਵਾ ’ਤੇ ਮੌਜੂਦ ਸੀ। ਇਸ ਦੌਰਾਨ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਕਿ ਡਿੰਪਲ ਉਰਫ ਵਿਸ਼ੂ ਅਫੀਮ ਵੇਚਣ ਦਾ ਕੰਮ ਕਰਦਾ ਹੈ ਜੋ ਅੱਜ ਵੀ ਮੋਟਰਸਾਈਕਲ ਨੰਬਰ ਐੱਚਆਰ 06 ਵੀ 9962 ’ਤੇ ਅਨਾਜ ਮੰਡੀ ਲਾਡਵਾ ਵੱਲੋਂ ਹਿਨੌਰੀ ਚੌਕ ’ਤੇ ਚਲਦੇ ਫਿਰਦੇ ਨਸ਼ੇੜੀਆਂ ਨੂੰ ਅਫੀਮ ਵੇਚਣ ਲਈ ਆਵੇਗਾ।
ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਹਿਨੌਰੀ ਚੌਕ ’ਤੇ ਨਾਕੇ ਦੌਰਾਨ ਚੈਕਿੰਗ ਸ਼ੁਰੂ ਕਰ ਦਿੱਤੀ। ਥੋੜ੍ਹੀ ਦੇਰ ਬਾਅਦ ਪੁਲੀਸ ਨੂੰ ਮੋਟਰਸਾਈਕਲ ਨੰਬਰ ਐੱਚਆਰ 06ਵੀ 9962 ’ਤੇ ਨੌਜਵਾਨ ਆਉਂਦਾ ਦਿਖਾਈ ਦਿੱਤਾ। ਉਸ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਸਰਕਾਰੀ ਅਧਿਕਾਰੀ ਸਾਹਮਣੇ ਤਲਾਸ਼ੀ ਲਈ ਜਿਸ ’ਤੇ ਉਸ ਕੋਲੋਂ 100 ਗਰਾਮ ਅਫੀਮ ਬਰਾਮਦ ਹੋਈ। ਪੁਲੀਸ ਨੇ ਮੋਟਰਸਾਈਕਲ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਖ਼ਿਲਾਫ਼ ਥਾਣਾ ਲਾਡਵਾ ਵਿੱਚ ਨਸ਼ੀਲੇ ਪਦਾਰਥਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮਗਰੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਸਬੰਧੀ ਹੋਰ ਗ੍ਰਿਫ਼ਤਾਰੀਆਂ ਹੋੋਣ ਦੀ ਸੰਭਾਵਨਾ ਹੈ।