ਯੁਵਕ ਤੇ ਵਿਰਾਸਤ ਮੇਲਾ: ਗਰੁੱਪ ਡਾਂਸ ਮੁਕਾਬਲੇ ’ਚ ਖਾਲਸਾ ਕਾਲਜ ਫਾਰ ਵਿਮੈੱਨ ਜੇਤੂ
ਸਤਵਿੰਦਰ ਬਸਰਾ
ਲੁਧਿਆਣਾ, 25 ਅਕਤੂਬਰ
ਸਥਾਨਕ ਸਰਕਾਰੀ ਕਾਲਜ ਲੜਕੀਆਂ ਵਿੱਚ ਚੱਲ ਰਹੇ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਸ਼ਹਿਰ ਦੇ ਵੱਖ ਵੱਖ 26 ਕਾਲਜਾਂ ਦੀਆਂ ਟੀਮਾਂ ਸ਼ਿਰਕਤ ਕਰ ਰਹੀਆਂ ਹਨ। ਇਸ ਮੇਲੇ ਦੇ ਅੱਜ ਚੌਥੇ ਦਿਨ ਗਰੁੱਪ ਡਾਂਸ ਵਿੱਚ ਖਾਲਸਾ ਕਾਲਜ ਫਾਰ ਵਿਮੈੱਨ ਦੀ ਟੀਮ ਜੇਤੂ ਰਹੀ ਜਦਕਿ ਕਲਾਸੀਕਲ ਡਾਂਸ ਵਿੱਚ ਐੱਸਸੀਡੀ ਕਾਲਜ ਦਾ ਤਨਰਜੋਤ ਸਿੰਘ ਜੇਤੂ ਐਲਾਨਿਆ ਗਿਆ। ਅੱਜ ਵਿਧਾਇਕ ਅਸ਼ੋਕ ਪਰਾਸ਼ਰ, ਮਦਨ ਲਾਲ ਬੱਗਾ, ਦਲਜੀਤ ਸਿੰਘ ਭੋਲਾ ਗਰੇਵਾਲ, ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਵਿਧਾਇਕ ਪਰਾਸ਼ਰ ਨੇ ਜੇਤੂਆਂ ਨੂੰ ਵਧਾਈ ਦਿੱਤੀ। ਅੱਜ ਹੋਏ ਵੱਖ ਵੱਖ ਮੁਕਾਬਲਿਆਂ ਵਿੱਚੋਂ ਫੌਕ ਡਾਂਸ ਲੜਕੇ ਵਿੱਚ ਜੀਜੀਐੱਨ ਖਾਲਸਾ ਕਾਲਜ ਨੇ ਪਹਿਲਾ ਜਦਕਿ ਐੱਸਸੀਡੀ ਸਰਕਾਰੀ ਕਾਲਜ ਅਤੇ ਐੱਸਸੀਡੀ ਸ਼ਾਮ ਦਾ ਕਾਲਜ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਹੈਰੀਟੇਜ਼ ਕੁਇਜ਼ ਵਿੱਚ ਐੱਸਸੀਡੀ ਸਰਕਾਰੀ ਕਾਲਜ, ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈੱਨ ਅਤੇ ਖਾਲਸਾ ਕਾਲਜ ਫਾਰ ਵਿਮੈੱਨ, ਫੌਕ ਡਾਂਸ ਵਿਅਕਤੀਗਤ ਵਿੱਚ ਗੁਰਜੀਤ ਸਿੰਘ ਐੱਸਸੀਡੀ ਸਰਕਾਰੀ ਕਾਲਜ, ਮਨਕੀਰਤ ਸਿੰਘ ਜੀਜੀਐੱਨ ਖਾਲਸਾ ਕਾਲਜ ਅਤੇ ਸਿਦਕਪ੍ਰੀਤ ਸਿੰਘ ਐੱਸਸੀਡੀ ਸਰਕਾਰੀ ਸ਼ਾਮ ਦਾ ਕਾਲਜ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਕਵੀਸ਼ਰੀ ਵਿੱਚ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ, ਵਾਰ ਵਿੱਚ ਏਐਸ ਕਾਲਜ ਖੰਨਾ, ਕਵਿਤਾ ਲਿਖਣ ’ਚ ਸ੍ਰੀ ਅਰਬਿੰਦੋ ਕਾਲਜ ਦਾ ਪ੍ਰਥਮ, ਮਿੰਨੀ ਕਹਾਣੀ ’ਚ ਗੁਰੂ ਨਾਨਕ ਨੈਸ਼ਨਲ ਕਾਲਜ ਦਾ ਸੁਰੀਤਾ ਮਸੀਹ, ਲੇਖ ਲਿਖਣ ਮੁਕਾਬਲੇ ਵਿੱਚ ਖਾਲਸਾ ਕਾਲਜ ਫਾਰ ਵਿਮੈੱਨ ਦੀ ਸੰਦੀਪ ਕੌਰ, ਕਲਾਸੀਕਲ ਡਾਂਸ ਵਿੱਚ ਐੱਸਸੀਡੀ ਕਾਲਜ ਦਾ ਤਰਨਜੋਤ ਸਿੰਘ ਪਹਿਲੇ ਸਥਾਨ ’ਤੇ ਆਇਆ। ਇਸੇ ਤਰ੍ਹਾਂ ਗਰੁੱਪ ਡਾਂਸ ਮੁਕਾਬਲੇ ਵਿੱਚ ਖਾਲਸਾ ਕਾਲਜ ਫਾਰ ਵਿਮੈੱਨ ਨੇ ਪਹਿਲਾ, ਸਰਕਾਰੀ ਕਾਲਜ ਫਾਰ ਗਰਲਜ਼ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਐੱਮਐੱਲਡੀ ਸਕੂਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ):
ਨੇੜਲੇ ਮਹੰਤ ਲਛਮਣ ਦਾਸ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਦੇ ਖਿਡਾਰੀਆਂ ਨੇ ਸੈਂਟਰਲ ਬੋਰਡ ਆਫ ਐਜੂਕੇਸ਼ਨ ਦੇ ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ ਵੱਲੋਂ ਕਰਵਾਏ ਗਏ ਖੇਡਾਂ ਦੇ ਵੱਖ-ਵੱਖ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮਹੰਤ ਲਛਮਣ ਦਾਸ ਸਕੂਲ ਦੀ ਕ੍ਰਿਕਟ ਅੰਡਰ-19 (ਲੜਕੇ) ਦੀ ਟੀਮ ਨੇ ਮੁਕਾਬਲਿਆਂ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬਾਸਕਿਟਬਾਲ ਅੰਡਰ-17 (ਲੜਕੇ) ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਬਾਕੀ ਟੀਮਾਂ ਦੇ ਖਿਡਾਰੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਬਲਦੇਵ ਬਾਵਾ ਨੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਤੇ ਵਧਾਈ ਦਿੱਤੀ।