ਜਲੰਧਰ ਹਾਫ ਮੈਰਾਥਨ ’ਚ ਉਤਸ਼ਾਹ ਨਾਲ ਦੌੜੇ ਨੌਜਵਾਨ ਤੇ ਬੱਚੇ
ਪੱਤਰ ਪ੍ਰੇਰਕ
ਜਲੰਧਰ, 8 ਅਕਤੂਬਰ
ਦੂਸਰੀ ਕੈਪੀਟਲ ਸਮਾਲ ਫਾਇਨਾਂਸ ਬੈਂਕ ‘ਵਨ ਰੇਸ’ ਹਾਫ ਮੈਰਾਥਨ ‘ਦੌੜ ਜਲੰਧਰ’ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਅੱਜ ਰਵਾਨਾ ਕੀਤਾ ਗਿਆ ਜਿਸ ਨੂੰ ਅੰਤਰਰਾਸ਼ਟਰੀ ਵੈਟਰਨ ਐਥਲੀਟ ਫੌਜਾ ਸਿੰਘ, ਡੀ.ਸੀ.ਪੀ. ਅੰਕਰ ਗੁਪਤਾ, ਡੀ.ਸੀ.ਪੀ. ਜਗਮੋਹਣ ਸਿੰਘ ਅਤੇ ਸਾਬਕਾ ਮੰਤਰੀ ਅਮਰਜੀਤ ਸਿੰਘ ਸਮਰਾ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਦੌੜ ਵਿੱਚ ਜਲੰਧਰ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਤੋਂ ਇਲਾਵਾ ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ ਅਤੇ ਮੁੰਬਈ ਤੋਂ ਕਰੀਬਨ 3200 ਤੋਂ ਵੱਧ ਅਥਲੀਟਾਂ ਨੇ ਹਿੱਸਾ ਲਿਆ। ਇਸ ਮੌਕੇ 5, 10 ਅਤੇ 21.1 ਕਿਲੋਮੀਟਰ ਦੀਆਂ ਤਿੰਨ ਸ਼੍ਰੇਣੀਆਂ ਦੀਆਂ ਦੌੜਾਂ ਕਰਵਾਈਆਂ ਗਈਆਂ ਜਿਸ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਵੱਡੀ ਗਿਣਤੀ ਵਿੱਚ ਸੀਨੀਅਰ ਸਿਟੀਜ਼ਨ ਨੇ ਹਿੱਸਾ ਲਿਆ। ਹਾਫ ਮੈਰਾਥਨ ਪੁਰਸ਼ਾਂ ਦੀ 21.1 ਕਿਲੋਮੀਟਰ ਦੌੜ ਵਿੱਚ ਮਹਿੰਦਰ ਮੌਰਿਆ ਪਹਿਲੇ ਸਥਾਨ, ਸੋਨੂੰ ਕੁਸ਼ਵਾਹ ਦੂਸਰੇ ਸਥਾਨ ’ਤੇ ਅਤੇ ਵਰਿੰਦਰ ਸਿੰਘ ਤੀਸਰੇ ਸਥਾਨ ’ਤੇ ਰਹੇ ਰਹੇ ਜਦ ਕਿ ਮਹਿਲਾ ਵਰਗ ਵਿੱਚ ਪ੍ਰਿੰਸੀ ਨੇ ਪਹਿਲਾ ਸਥਾਨ, ਸ਼ਰੇਆ ਨੇ ਦੂਸਰਾ ਸਥਾਨ ਅਤੇ ਸੀਮਾ ਦੇਵੀ ਨੇ ਤੀਸਰਾ ਸਥਾਨ, ਪੁਰਸ਼ਾਂ ਦੀ 10 ਕਿਲੋਮੀਟਰ ਦੌੜ ਵਿੱਚ ਅਨੀਸ਼ ਚੰਦੇਲ, ਗੁਰਪਿੰਦਰ ਸਿੰਘ ਅਤੇ ਗੁਰਪੀਰਥ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ , ਇਸੇ ਤਰ੍ਹਾਂ ਮਹਿਲਾ ਵਰਗ ਵਿਚੋਂ ਸੀਮਾਨਾ ਚੌਹਾਨ ਨੇ ਪਹਿਲਾ, ਹਰਪ੍ਰੀਤ ਕੌਰ ਨੇ ਦੂਸਰਾ ਅਤੇ ਦੀਪਕ ਬਜਾਰ ਅਤੇ ਦਵਿੰਦਰ ਕੌਰ ਨੇ ਸਾਂਝੇ ਤੌਰ ’ਤੇ ਤੀਸਰਾ ਸਥਾਨ ਜਦ ਕਿ 5 ਕਿਲੋਮੀਟਰ ਦੌੜ ਦੇ ਪੁਰਸ਼ ਵਰਗ ਵਿੱਚ ਪਵਨ, ਸਚਨਿ ਕੁਮਾਰ ਅਤੇ ਅਭਿਸ਼ੇਕ ਕੁਮਾਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ, ਮਹਿਲਾ ਵਰਗ ਵਿੱਚ ਅੰਜੂ ਯਾਦਵ, ਵੰਦਨਾ ਕੁਮਾਰੀ ਅਤੇ ਵਰਸ਼ਾ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਇਨ੍ਹਾਂ ਤੋਂ ਇਲਾਵਾ ਹਰੇਕ ਉਮਰ ਵਰਗ ਵਿੱਚ ਵੀ ਪਹਿਲੇ, ਦੂਸਰੇ ਅਤੇ ਤੀਸਰੇ ਨੰਬਰ ’ਤੇ ਆਉਣ ਵਾਲੇ ਜੇਤੂਆਂ ਨੂੰ ਟ੍ਰਾਫੀਆਂ ਅਤੇ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। 12 ਤੋਂ 18 ਉਮਰ ਵਰਗ ਵਿੱਚ ਜੇਤੂ ਬੱਚਿਆਂ ਨੂੰ ਮੇਜਰ ਡੀ.ਪੀ. ਸਿੰਘ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਐੱਸਐੱਸਐੱਮ ਕਾਲਜ ਤੀਸਰੀ ਵਾਰ ਬਣਿਆ ਓਵਰਆਲ ਚੈਂਪੀਅਨ
ਦੀਨਾਨਗਰ (ਪੱਤਰ ਪ੍ਰੇਰਕ): ਐਸਐਸਐਮ ਕਾਲਜ ਦੀਨਾਨਗਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਕਰਵਾਏ ਗਏ ਸਾਲਾਨਾ ਯੂਥ ਫੈਸਟੀਵਲ ਵਿੱਚ ਬੀ ਜ਼ੋਨ ਦੇ ਤਮਾਮ ਕਾਲਜਾਂ ਨੂੰ ਪਛਾੜਦਿਆਂ ਤੀਸਰੀ ਵਾਰ ਓਵਰਆਲ ਚੈਂਪੀਅਨ ਟਰਾਫ਼ੀ (ਏ ਡਵਿੀਜ਼ਨ) ਜਿੱਤ ਕੇ ਇਤਿਹਾਸ ਸਿਰਜਿਆ ਹੈ। ਫੈਸਟੀਵਲ ਦੇ ਆਖ਼ਰੀ ਦਨਿ ਮੁੱਖ ਮਹਿਮਾਨ ਡੀਨ ਵਿਦਿਆਰਥੀ ਭਲਾਈ ਡਾ. ਪ੍ਰੀਤਮ ਮਹਿੰਦਰ ਸਿੰਘ ਬੇਦੀ ਅਤੇ ਇੰਚਾਰਜ ਯੁਵਕ ਭਲਾਈ ਵਿਭਾਗ ਡਾ. ਅਮਨਜੀਤ ਸਿੰਘ ਕੋਲੋਂ ਚੈਂਪੀਅਨ ਟਰਾਫ਼ੀ ਹਾਸਲ ਕਰਦਿਆਂ ਐਸਐਸਐਮ ਕਾਲਜ ਦੇ ਪ੍ਰਿੰਸੀਪਲ ਡਾ. ਆਰ.ਕੇ. ਤੁਲੀ ਨੇ ਇਸ ਪ੍ਰਾਪਤੀ ਨੂੰ ਹਲਕਾ ਦੀਨਾਨਗਰ ਲਈ ਬੜੇ ਮਾਣ ਵਾਲੀ ਗੱਲ ਦੱਸਿਆ। ਉਨ੍ਹਾਂ ਦੱਸਿਆ ਕਿ ਮੁਕਾਬਲੇ ਦੌਰਾਨ ਕਾਲਜ ਨੇ ਗਰੁੱਪ ਸ਼ਬਦ, ਭਜਨ, ਗਰੁੱਪ ਸੌਂਗ ਇੰਡੀਅਨ, ਫੋਕ ਆਰਕੈਸਟਰਾ, ਕਲਾਸੀਕਲ ਇੰਸਟਰੂਮੈਂਟ (ਪਰਕਸ਼ਨ), ਕਲਾਸੀਕਲ ਮਿਊਜ਼ਿਕ ਵੋਕਲ ਸੋਲੋ, ਕੋਲਜ਼, ਪੋਸਟਰ ਮੇਕਿੰਗ, ਇੰਸਟ੍ਰਾਲੇਸ਼ਨ, ਪ੍ਰਸ਼ਨੋਤਰੀ, ਪਹਿਰਾਵਾ, ਮਿਮਿਕਰੀ, ਸਕਿੱਟ, ਨਾਟਕ, ਵਾਰ ਗਾਇਨ, ਵੈਸਟਨ ਵੋਕਲ ਸੋਲੋ, ਵੈਸਟਨ ਗਰੁੱਪ ਸੌਂਗ ਅਤੇ ਵੈਸਟਨ ਇੰਸਟੂਮੈਂਟ ਸੋਲੋ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦਕਿ ਮਾਇਮ ਤੇ ਕਲੇਅ ਮਾਡਲਿੰਗ ਵਿੱਚ ਦੂਜਾ ਲਿਆ। ਇਸੇ ਤਰ੍ਹਾਂ ਪੇਟਿੰਗ ਆਨ ਸਪੌਟ, ਕਾਰਟੂਨਿੰਗ, ਕਵੀਸ਼ਰੀ, ਫੁਲਕਾਰੀ, ਗਿੱਧਾ ਅਤੇ ਗਰੁੱਪ ਡਾਂਸ ਵਿੱਚ ਤੀਸਰਾ ਸਥਾਨ ਹਾਸਲ ਕੀਤਾ। ਜੇਤੂ ਟਰਾਫ਼ੀ ਲੈ ਕੇ ਪਰਤੇ ਵਿਦਿਆਰਥੀਆਂ ਦਾ ਕਾਲਜ ਪੁੱਜਣ ’ਤੇ ਸਵਾਗਤ ਕੀਤਾ ਗਿਆ।