ਯੂਥ ਅਕਾਲੀ ਦਲ ਨੇ ਨਸ਼ਿਆਂ ਦੇ ਮੁੱਦੇ ’ਤੇ ਸਰਕਾਰ ਘੇਰੀ
ਨਿੱਜੀ ਪੱਤਰ ਪ੍ਰੇਰਕ
ਮੋਗਾ, 18 ਸਤੰਬਰ
ਇੱਥੋਂ ਨੇੜਲੇ ਕਸਬਾ ਕੋਟ ਈਸੇ ਖਾਂ ਵਿੱਚ ਯੂਥ ਅਕਾਲੀ ਦਲ ਵੱਲੋਂ ‘ਪੰਜਾਬ ਯੂਥ ਮਿਲਣੀ’ ਪ੍ਰੋਗਰਾਮ ਵਿੱਚ ਸੂਬੇ ਵਿਚ ਵਧ ਰਹੇ ਨਸ਼ਿਆਂ ਦਾ ਮੁੱਦਾ ਭਾਰੂ ਰਿਹਾ। ਇਸ ਮੌਕੇ ਯੂਥ ਅਕਾਲੀ ਦਲ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਰੋਜ਼ਾਨਾ ਨਸ਼ੇ ਕਾਰਨ ਨੌਜਵਾਨ ਮਰ ਰਹੇ ਹਨ ਅਤੇ ਚਾਰ ਹਫ਼ਤਿਆਂ ਅੰਦਰ ਸੂਬੇ ’ਚੋਂ ਨਸ਼ਾ ਖਤਮ ਕਰਨ ਦੇ ਦਾਅਵੇ ਕਰਨ ਵਾਲੇ ‘ਆਪ’ ਪਾਰਟੀ ਦੇ ਉਹ ਆਗੂ ਹੁਣ ਦੱਸਣ ਕਿ ਪੰਜਾਬ ਅੰਦਰ ਨਸ਼ਾ ਕਿਵੇਂ ਅਤੇ ਕਿਉਂ ਵਿਕ ਰਿਹਾ ਹੈ? ਝਿੰਜਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦੇ ਹੁੰਦੇ ਸਨ ਕਿ ਸਰਕਾਰਾਂ ਹੀ ਨਸ਼ਾ ਵਕਾਉਦੀਆਂ ਹਨ ਤਾਂ ਹੁਣ ਰੋਜ਼ਾਨਾ ਨਸ਼ੇ ਨਾਲ ਹੋ ਰਹੀਆਂ ਮੌਤਾਂ ’ਤੇ ਮੁੱਖ ਮੰਤਰੀ ਪੰਜਾਬ ਚੁੱਪ ਕਿਉਂ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਮਾਮਲੇ ’ਚ ਬਾਦਲ ਪਰਿਵਾਰ ’ਤੇ ਸਵਾਲ ਚੁੱਕਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦਾ ਪਰਿਵਾਰ ਆਮ ਲੋਕਾਂ ਨੂੰ ਆਪਣੇ ਨੇੜੇ ਵੀ ਨਹੀਂ ਆਉਣ ਦੇ ਰਿਹਾ ਅਤੇ ਸੁਰੱਖਿਆ ਘੇਰੇ ਵਿਚ ਰਹਿੰਦਾ ਹੈ। ਇਸ ਮੌਕੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਜਿੰਨਾ ਵਿਕਾਸ ਪੰਜਾਬ ਅੰਦਰ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਓਨਾ ਕਿਸੇ ਸਰਕਾਰ ਸਮੇਂ ਨਹੀਂ ਹੋਇਆ। ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਢੇਕੇ ਨੇ ਕਿਹਾ ਕਿ ਪਹਿਲਾਂ ‘ਆਪ’ ਕਾਂਗਰਸ ਦੀ ਆਲੋਚਨਾ ਕਰਦੀ ਸੀ ਹੁਣ ਉਸੇ ਪਾਰਟੀ ਨਾਲ ਸਮਝੌਤਾ ਕਰ ਰਹੀ ਹੈ।