ਤੁਹਾਡੇ ‘ਸੁਪਰੀਮ ਲੀਡਰ’ ਸਾਵਰਕਰ ਨੇ ਸੰਵਿਧਾਨ ਦੀ ਥਾਂ ਮਨੂਸਮ੍ਰਿਤੀ ਨੂੰ ਤਰਜੀਹ ਦਿੱਤੀ: ਰਾਹੁਲ
ਨਵੀਂ ਦਿੱਲੀ, 14 ਦਸੰਬਰ
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਹਿੰਦੂਤਵੀ ਵਿਚਾਰਧਾਰਕ ਵਿਨਾਇਕ ਦਾਮੋਦਰ ਸਾਵਰਕਰ ਦੇ ਇੱਕ ‘ਕਥਨ’ ਦੇ ਹਵਾਲੇ ਨਾਲ ਅੱਜ ਭਾਜਪਾ ਤੇ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਤੁਹਾਡੇ ‘ਸੁਪਰੀਮ ਲੀਡਰ’ ਸਾਵਰਕਰ ਨੇ ਸੰਵਿਧਾਨ ਦੀ ਥਾਂ ਮਨੂਸਮ੍ਰਿਤੀ ਨੂੰ ਤਰਜੀਹ ਦਿੱਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਜਿਸ ਤਰ੍ਹਾਂ ਏਕਲਵਿਆ ਦਾ ਅੰਗੂਠਾ ਕੱਟਿਆ ਗਿਆ ਸੀ, ਉਸੇ ਤਰ੍ਹਾਂ ਹੀ ਦੇਸ਼ ਦੇ ਨੌਜਵਾਨਾਂ, ਕਿਸਾਨਾਂ, ਪੱਛੜਿਆਂ ਤੇ ਗਰੀਬ ਲੋਕਾਂ ਦੇ ਅੰਗੂਠੇ ਕੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ‘ਸੰਵਿਧਾਨ ਬਨਾਮ ਮਨੁਸਮ੍ਰਿਤੀ’ ਦੀ ਲੜਾਈ ਹੈ।
ਗਾਂਧੀ ਨੇ ਅੱਜ ਸਦਨ ਵਿਚ ‘ਸੰਵਿਧਾਨ ਦੇ 75 ਸਾਲਾ ਸ਼ਾਨਾਮੱਤੀ ਸਫ਼ਰ’ ਬਾਰੇ ਬਹਿਸ ਦੌਰਾਨ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਹਿੰਦੁਤਵ ਦੇ ਵਿਚਾਰਧਾਰਕ ਵੀਡੀ ਸਾਵਰਕਰ ਨੇ ਇਹ ਕਹਿੰਦਿਆਂ ਸੰਵਿਧਾਨ ਦੀ ਨੁਕਤਾਚੀਨੀ ਕੀਤੀ ਸੀ ਕਿ ‘ਇਸ ਵਿਚ ਕੁਝ ਵੀ ਭਾਰਤੀ ਨਹੀਂ ਹੈ।’ ਗਾਂਧੀ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਜਦੋਂ ਸੰਵਿਧਾਨ ਨੂੰ ਬਚਾਉਣ ਦੀ ਗੱਲ ਕਰਦੀ ਹੈ ਤਾਂ ਇਹ ਆਪਣੇ ਹੀ ‘ਸੁਪਰੀਮ ਆਗੂ’ ਨੂੰ ‘ਬਦਨਾਮ’ ਤੇ ਉਸ ਦਾ ‘ਮਖੌਲ’ ਉਡਾ ਰਹੀ ਹੈ। ਗਾਂਧੀ ਨੇ ਕਿਹਾ ਕਿ ਭਾਜਪਾ ਤੇ ਆਰਐੱਸਐੱਸ ‘ਮਨੂਸਮ੍ਰਿਤੀ ਦੇ ਹਮਾਇਤੀ’ ਹਨ ਪਰ ਦੇਸ਼ ਸੰਵਿਧਾਨ ਉੱਤੇ ਚੱਲੇਗਾ।
ਗਾਂਧੀ ਨੇ ਏਕਲਵਿਆ, ਜਿਸ ਨੂੰ ‘ਗੁਰੂ ਦਕਸ਼ਿਣਾ’ ਵਜੋਂ ਆਪਣਾ ਅੰਗੂਠਾ ਦਰੋਣਾਚਾਰੀਆ ਨੂੰ ਦੇਣਾ ਪਿਆ ਸੀ, ਦੀ ਕਹਾਣੀ ਨਾਲ ਤੁਲਨਾ ਕਰਦਿਆਂ ਕਿਹਾ ਕਿ ਵੱਖ ਵੱਖ ਖੇਤਰਾਂ ਵਿਚ ਅਡਾਨੀ ਲਈ ‘ਖੁਦਮੁਖਤਿਆਰੀਆਂ’ ਸਿਰਜ ਕੇ, ਅਗਨੀਪਥ ਸਕੀਮ ਲਿਆ ਕੇ, ਪ੍ਰਦਰਸ਼ਨਕਾਰੀ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗ਼ ਕੇ, ਲੈਟਰਲ ਐਂਟਰੀ ਰਾਹੀਂ ਭਰਤੀਆਂ ਤੇ ਪੇਪਰ ਲੀਕ ਦੀ ਖੁੱਲ੍ਹ ਦੇ ਕੇ...ਸਰਕਾਰ ਨੇ ਨੌਜਵਾਨਾਂ, ਕਿਸਾਨਾਂ, ਪੱਛੜੇ ਵਰਗ ਦੇ ਲੋਕਾਂ ਤੇ ਗਰੀਬਾਂ ਦਾ ਅੰਗੂਠਾ ‘ਵੱਢ’ ਦਿੱਤਾ ਹੈ। ਬਹਿਸ ਦੌਰਾਨ ਗਾਂਧੀ ਨੇ ਅੰਗੂਠੇ ਨੂੰ ਰੋਜ਼ੀ ਰੋਟੀ ਤੇ ਪ੍ਰਤਿਭਾ ਦੇ ਪ੍ਰਤੀਕ ਵਜੋਂ ਵਰਤਿਆ।
ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਹਰੇਕ ਗਰੀਬ ਵਿਅਕਤੀ ਨੂੰ ਦੱਸਣਾ ਚਾਹੁੰਦੇ ਹਨ ਕਿ ਸੰਵਿਧਾਨ ਉਨ੍ਹਾਂ ਦੀ ਰਾਖੀ ਕਰਦਾ ਹੈ, ਪਰ ਭਾਜਪਾ ਲਗਾਤਾਰ ਇਸ ਉੱਤੇ ਹਮਲੇ ਕਰ ਰਹੀ ਹੈ। ਰਾਹੁਲ ਨੇ ਕਿਹਾ ਕਿ ਸਾਵਰਕਰ ਨੇ ਆਪਣੀਆਂ ਲਿਖਤਾਂ ਵਿਚ ਸਪਸ਼ਟ ਕੀਤਾ ਹੈ ਕਿ ਸੰਵਿਧਾਨ ਬਾਰੇ ਕੁਝ ਵੀ ਭਾਰਤੀ ਨਹੀਂ ਹੈ ਤੇ ਜਿਸ ਕਿਤਾਬ ਦੇ ਅਧਾਰ ’ਤੇ ਇਹ ਦੇਸ਼ ਚੱਲ ਰਿਹਾ ਹੈ, ਨੂੰ ਮਨੂਸਮ੍ਰਿਤੀ ਨਾਲ ਬਦਲਿਆ ਜਾਣਾ ਚਾਹੀਦਾ ਹੈ। ਗਾਂਧੀ ਨੇ ਕਿਹਾ ਕਿ ਸਾਰੀ ਲੜਾਈ ਇਸੇ ਗੱਲ ਦੀ ਹੈ। ਇਕ ਸੰਸਦ ਮੈਂਬਰ ਨੇ ਜਦੋਂ ਸਵਾਲ ਪੁੱਛਿਆ ਕਿ ਉਨ੍ਹਾਂ ਦੀ ਦਾਦੀ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਾਵਰਕਰ ਬਾਰੇ ਕੀ ਸੋਚਦੀ ਸੀ, ਤਾਂ ਗਾਂਧੀ ਨੇ ਕਿਹਾ, ‘‘ਉਨ੍ਹਾਂ (ਇੰਦਰਾ) ਮੈਨੂੰ ਦੱਸਿਆ ਸੀ ਕਿ ਸਾਵਰਕਰ ਨੇ ਬਰਤਾਨਵੀ ਨਿਜ਼ਾਮ ਨਾਲ ਸਮਝੌਤਾ ਕੀਤਾ ਸੀ।’’ -ਪੀਟੀਆਈ