ਆਪਣੀ ਬੋਲੀ
ਹਰਿੰਦਰ ਸਿੰਘ ਗੋਗਨਾ
ਚੀਨੂ ਸਕੂਲ ਤੋਂ ਘਰ ਆਇਆ ਤਾਂ ਉਸ ਦੇ ਪਾਪਾ ਮੋਬਾਈਲ ’ਤੇ ਕਿਸੇ ਨਾਲ ਗੱਲ ਕਰਦੇ ਹੋਏ ਚੀਨੂ ਦਾ ਜ਼ਿਕਰ ਵੀ ਕਰ ਰਹੇ ਸਨ। ਚੀਨੂ ਵੀ ਆਪਣਾ ਬਸਤਾ ਇੱਕ ਪਾਸੇ ਰੱਖ ਕੇ ਪਾਪਾ ਦੀਆਂ ਗੱਲਾਂ ਧਿਆਨ ਨਾਲ ਸੁਣਨ ਲੱਗਾ। ਫਿਰ ਜਵਿੇਂ ਹੀ ਉਸ ਦੇ ਪਾਪਾ ਨੇ ਮੋਬਾਈਲ ਫੋਨ ਬੰਦ ਕੀਤਾ ਤਾਂ ਚੀਨੂ ਨੇ ਪੁੱਛਿਆ, ‘‘ਪਾਪਾ, ਤੁਸੀਂ ਮੇਰੇ ਬਾਰੇ ਕਿਸ ਨਾਲ ਗੱਲ ਕਰ ਰਹੇ ਸੀ?’’
‘‘ਬੇਟਾ, ਮੇਰੇ ਇੱਕ ਪੁਰਾਣੇ ਦੋਸਤ ਹਨ ਜਿਹੜੇ ਵਿਦੇਸ਼ ਤੋਂ ਕਈ ਸਾਲਾਂ ਬਾਅਦ ਆਪਣੇ ਦੇਸ਼ ਮਤਲਬ ਆਪਣੇ ਸ਼ਹਿਰ ਆਏ ਹੋਏ ਹਨ। ਉਨ੍ਹਾਂ ਦਾ ਬੇਟਾ ਹੈਰੀ ਤੇਰੀ ਹੀ ਉਮਰ ਦਾ ਹੈ। ਬਹੁਤ ਪੜ੍ਹਿਆ ਲਿਖਿਆ ਪਰਿਵਾਰ ਹੈ। ਉਹ ਇੱਕ ਦੋ ਦਨਿ ਆਪਣੇ ਕੋਲ ਵੀ ਰਹਿਣਗੇ। ਸ਼ਾਇਦ ਕੱਲ੍ਹ ਜਾਂ ਪਰਸੋ ਆਪਣੇ ਕੋਲ ਆ ਜਾਣ। ਫਿਰ ਉਹ ਵਾਪਸ ਪਰਦੇਸ ਚਲੇ ਜਾਣਗੇ।’’
ਚੀਨੂ ਸੋਚਣ ਲੱਗਾ ਕਿ ਉਹ ਹੈਰੀ ਨਾਲ ਖੂਬ ਮਸਤੀ ਕਰੇਗਾ, ਪਰ ਫਿਰ ਇੱਕ ਖ਼ਿਆਲ ਉਸ ਦੇ ਮਨ ਵਿੱਚ ਆਇਆ ਕਿ ਉਹ ਤਾਂ ਬਹੁਤ ਪੜ੍ਹਿਆ ਲਿਖਿਆ ਪਰਿਵਾਰ ਹੈ। ਹੈਰੀ ਤਾਂ ਬਾਹਰਲੇ ਮੁਲਕ ਵਿੱਚ ਰਹਿਣ ਕਰਕੇ ਖੂਬ ਅੰਗਰੇਜ਼ੀ ਬੋਲਦਾ ਹੋਣਾ ਤੇ ਹਰ ਗੱਲ ਅੰਗਰੇਜ਼ੀ ਵਿੱਚ ਹੀ ਕਰਦਾ ਹੋਣਾ, ਪਰ ਉਸ ਦੀ ਅੰਗਰੇਜ਼ੀ ਤਾਂ ਕਾਫੀ ਕਮਜ਼ੋਰ ਹੈ। ਜੇ ਉਹ ਹੈਰੀ ਸਾਹਮਣੇ ਅੰਗਰੇਜ਼ੀ ਬੋਲ ਜਾਂ ਸਮਝ ਨਾ ਸਕਿਆ ਤਾਂ ਕਾਫ਼ੀ ਬੇਇਜ਼ਤੀ ਵਾਲੀ ਗੱਲ ਹੋਵੇਗੀ। ਫਿਰ ਉਸ ਨੇ ਸੋਚਿਆ ਕਿ ਉਹ ਜੋ ਵੀ ਗੱਲ ਕਰੇਗਾ ਨਾਪ ਤੋਲ ਕੇ ਹੀ ਕਰੇਗਾ ਤਾਂ ਕਿ ਸੱਪ ਵੀ ਮਰ ਜਾਵੇ ਤੇ ਲਾਠੀ ਵੀ ਨਾ ਟੁੱਟੇ।
ਫਿਰ ਅਗਲੇ ਦਨਿ ਦੁਪਹਿਰ ਹੀ ਉਸ ਦੇ ਪਾਪਾ ਦੇ ਦੋਸਤ ਤੇ ਉਨ੍ਹਾਂ ਦਾ ਬੇਟਾ ਉਨ੍ਹਾਂ ਦੇ ਘਰ ਆਏ।
‘‘ਹੈਲੋ, ਹਾਓ ਆਰ ਯੂ ?’’ ਜਵਿੇਂ ਹੀ ਚੀਨੂ ਦੇ ਪਾਪਾ ਨੇ ਚੀਨੂ ਦੀ ਮੁਲਾਕਾਤ ਆਪਣੇ ਦੋਸਤ ਦੇ ਬੇਟੇ ਹੈਰੀ ਨਾਲ ਕਰਵਾਈ ਤਾਂ ਚੀਨੂ ਅੰਗਰੇਜ਼ੀ ਝਾੜਦਿਆਂ ਬੋਲਿਆ। ਇਸ ਤੇ ਹੈਰੀ ਨੇ ਬੜੀ ਸਹਿਜਤਾ ਨਾਲ ਅੱਗੋਂ ਜੁਆਬ ਦਿੱਤਾ, ‘‘ਮੈਂ ਠੀਕ ਹਾਂ, ਤੁਸੀਂ ਸੁਣਾਓ?’’
ਚੀਨੂ ਨੂੰ ਹੈਰਾਨੀ ਹੋਈ ਕਿ ਉਹ ਤਾਂ ਸਮਝਦਾ ਸੀ ਕਿ ਵਿਦੇਸ਼ੀ ਧਰਤੀ ’ਤੇ ਰਹਿੰਦੇ ਹੋਏ ਹੈਰੀ ਹਰ ਗੱਲ ਹੀ ਅੰਗਰੇਜ਼ੀ ਵਿੱਚ ਕਰਦਾ ਹੋਣਾ, ਪਰ ਇਹ ਤਾਂ ਸ਼ੁੱਧ ਪੰਜਾਬੀ ਬੋਲਦਾ ਹੈ। ਉਹ ਛੇਤੀ ਹੀ ਘੁਲ ਮਿਲ ਗਏ। ਹੈਰੀ ਹਰ ਗੱਲ ਪੰਜਾਬੀ ਵਿੱਚ ਹੀ ਕਰ ਰਿਹਾ ਸੀ। ਕੈਰਮ ਬੋਰਡ ਖੇਡਦੇ ਖੇਡਦੇ ਚੀਨੂ ਨੇ ਹੈਰੀ ਨੂੰ ਆਪਣੇ ਮਨ ਵਿੱਚ ਆ ਰਿਹਾ ਸਵਾਲ ਕੀਤਾ,
‘‘ਇੱਕ ਗੱਲ ਪੁੱਛਾਂ ਹੈਰੀ...?’’
‘‘ਹਾਂ ਹਾਂ, ਇੱਕ ਕਿਉਂ ਦੋ ਪੁੱਛ।’’ ਹੈਰੀ ਨੇ ਗੀਟੀ ਕੈਰਮ ਬੋਰਡ ਦੇ ਖਾਨੇ ਵਿੱਚ ਪਾਉਂਦੇ ਹੋਏ ਮੁਸਕਰਾ ਕੇ ਕਿਹਾ:
‘‘ਮੈਂ ਤਾਂ ਸਮਝਦਾ ਸੀ ਕਿ ਬਾਹਰ ਰਹਿਣ ਵਾਲੇ ਲੋਕ ਬਿਨਾ ਅੰਗਰੇਜ਼ੀ ਦੇ ਗੱਲ ਹੀ ਨਹੀਂ ਕਰਦੇ, ਪਰ ਤੂੰ ਤਾਂ ਵਧੀਆ ਪੰਜਾਬੀ ਜਾਣਦਾ ਹੈ।’’ ਚੀਨੂ ਨੇ ਗੀਟੀ ਚੁੱਕ ਕੇ ਹੈਰੀ ਨੂੰ ਫੜਾਉਂਦੇ ਕਿਹਾ। ਇਸ ’ਤੇ ਹੈਰੀ ਥੋੜ੍ਹਾ ਹੱਸਿਆ ਤੇ ਕਹਿਣ ਲੱਗਾ:
‘‘ਮੇਰੇ ਪਾਪਾ ਮੈਨੂੰ ਹਮੇਸ਼ਾਂ ਸਮਝਾਉਂਦੇ ਹਨ ਕਿ ਆਪਣੀ ਬੋਲੀ ਨੂੰ ਕਦੇ ਵੀ ਭੁੱਲਣਾ ਤੇ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਭਾਵੇਂ ਅਸੀਂ ਕਿਸੇ ਵੀ ਮੁਲਕ ਵਿੱਚ ਹੋਈਏ। ਹਾਂ, ਭਾਸ਼ਾਵਾਂ ਸਾਰੀਆਂ ਸਿੱਖ ਲਓ। ਇਸ ਵਿੱਚ ਕੋਈ ਬੁਰਾਈ ਨਹੀਂ। ਆਪਣੀ ਬੋਲੀ ਬੋਲਣ ਵਿੱਚ ਜੋ ਆਨੰਦ ਹੈ ਉਹ ਦੂਜੀ ਬੋਲੀ ਵਿੱਚ ਨਹੀਂ। ਫਿਰ ਸਾਡੀ ਬੋਲੀ ਹੀ ਤਾਂ ਸਾਡੀ ਪਛਾਣ ਹੈ। ਮੈਂ ਤਾਂ ਆਪਣੇ ਸਕੂਲ ਵਿੱਚ ਵੀ ਜ਼ਿਆਦਾਤਰ ਪੰਜਾਬੀ ਹੀ ਬੋਲਦਾ ਹਾਂ। ਜਿੱਥੇ ਕਿਸੇ ਨੂੰ ਸਮਝ ਨਾ ਆਵੇ ਤਾਂ ਅੰਗਰੇਜ਼ੀ ਦਾ ਉਪਯੋਗ ਕਰ ਲੈਂਦਾ ਹਾਂ।’’
ਚੀਨੂ ਬੁੱਤ ਜਿਹਾ ਬਣਿਆ ਹੈਰੀ ਦੀਆਂ ਗੱਲਾਂ ਧਿਆਨ ਨਾਲ ਸੁਣ ਰਿਹਾ ਸੀ। ਹੈਰੀ ਵੀ ਸਮਝ ਰਿਹਾ ਸੀ ਕਿ ਚੀਨੂ ਆਪਣੇ ਸਵਾਲ ਦਾ ਜੁਆਬ ਸੁਣ ਕੇ ਕਿੰਨੀ ਸੰਤੁਸ਼ਟੀ ਮਹਿਸੂਸ ਕਰ ਰਿਹਾ ਹੈ। ਉਸ ਨੇ ਆਪਣੀ ਗੱਲ ਜਾਰੀ ਰੱਖੀ ਤੇ ਕਹਿਣ ਲੱਗਾ, ‘‘ਚੀਨੂ, ਮੇਰੇ ਪਾਪਾ ਨੇ ਘਰ ਵਿੱਚ ਇੱਕ ਛੋਟੀ ਜਿਹੀ ਲਾਇਬ੍ਰੇਰੀ ਵੀ ਬਣਾ ਰੱਖੀ ਹੈ ਜਿਸ ਵਿੱਚ ਜ਼ਿਆਦਾਤਰ ਪੰਜਾਬੀ ਭਾਸ਼ਾ ਦੀਆਂ ਪੁਸਤਕਾਂ ਦਾ ਭੰਡਾਰ ਹੈ। ਜਦ ਵੀ ਲੋੜ ਹੁੰਦੀ ਹੈ ਉਹ ਆਪਣੀ ਭਾਸ਼ਾ ਦੀਆਂ ਮਨਪਸੰਦ ਪੁਸਤਕਾਂ ਕੋਰੀਅਰ ਰਾਹੀਂ ਮੰਗਵਾ ਲੈਂਦੇ ਹਨ। ਮੈਂ ਵੀ ਸਮਾਂ ਕੱਢ ਕੇ ਬੜੇ ਚਾਅ ਨਾਲ ਆਪਣੀ ਭਾਸ਼ਾ ਦੀਆਂ ਪੁਸਤਕਾਂ ਪੜ੍ਹਦਾ ਹਾਂ। ਤਦੇ ਤਾਂ ਮੇਰੀ ਬੋਲੀ ਵਿੱਚ ਕੋਈ ਫ਼ਰਕ ਨਹੀਂ ਪਿਆ। ਕਿਤਾਬਾਂ ਸਾਨੂੰ ਗਿਆਨ ਹੀ ਨਹੀਂ ਦਿੰਦੀਆਂ ਸਗੋਂ ਆਪਣੀ ਭਾਸ਼ਾ ਨਾਲ ਵੀ ਜੋੜ ਕੇ ਰੱਖਦੀਆਂ ਹਨ।’’
ਚੀਨੂ ਹੈਰਾਨ ਸੀ ਕਿ ਹੈਰੀ ਕਿੰਨੀਆਂ ਸਿਆਣਪ ਭਰੀਆਂ ਗੱਲਾਂ ਕਰ ਰਿਹਾ ਹੈ। ਉਸ ਨੂੰ ਖੁਸ਼ੀ ਸੀ ਕਿ ਉਸ ਨੂੰ ਇੱਕ ਵਧੀਆ ਦੋਸਤ ਮਿਲ ਗਿਆ ਜਿਸ ਨੇ ਉਸ ਨੂੰ ਸਹੀ ਰਾਹ ਵਿਖਾਇਆ। ਉਸ ਨੇ ਹੈਰੀ ਨਾਲ ਵਾਅਦਾ ਕੀਤਾ ਕਿ ਉਹ ਫਿਰ ਕਦੇ ਵੀ ਝੂਠੀ ਸ਼ਾਨ ਵਿਖਾਉਣ ਲਈ ਆਪਣੀ ਬੋਲੀ ਨੂੰ ਨਜ਼ਰਅੰਦਾਜ਼ ਨਹੀਂ ਕਰੇਗਾ। ਫਿਰ ਦੋਵੇਂ ਦੋਸਤ ਖੇਡ ਵਿੱਚ ਮਸਤ ਹੋ ਗਏ।