ਆਪਣੀ ਡੁਗਡੁਗੀ...
ਕੁਲਵਿੰਦਰ ਸਿੰਘ ਮਲੋਟ
ਅਜੋਕੇ ਸਮੇਂ ਵਿੱਚ ਕੋਈ ਨਾ ਕੋਈ ਆਪਣੀ ਕਿਸੇ ਪ੍ਰਾਪਤੀ ਨੂੰ ਸ਼ੋਸਲ ਮੀਡੀਆ ‘ਤੇ ਪ੍ਰਚਾਰ ਰਿਹਾ ਹੁੰਦਾ ਹੈ। ਐਨਾ ਹੀ ਨਹੀਂ, ਪਾਈ ਗਈ ਪੋਸਟ ਨੂੰ ‘ਸ਼ੇਅਰ’ ਤੇ ‘ਲਾਈਕ’ ਕਰਨ ਲਈ ਵੀ ਕਿਹਾ ਜਾਂਦਾ ਹੈ। ਜਦੋਂ ਕਦੇ ਮੇਰਾ ਕੋਈ ਲੇਖ/ਕਵਿਤਾ ਕਿਸੇ ਅਖ਼ਬਾਰ ਜਾਂ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਹੁੰਦੀ ਹੈ ਤਾਂ ਬਹੁਤੇ ਸੱਜਣਾਂ ਦਾ ਸੁਝਾਅ ਹੁੰਦਾ ਹੈ ਕਿ ਫੇਸਬੁੱਕ ‘ਤੇ ਪਾ ਦਿੱਤੀ ਜਾਵੇ। ਇਸ ਵਿਸ਼ੇ ‘ਤੇ ਵਾਰਤਾਲਾਪ ਕਰਦਿਆਂ ਮੇਰੇ ਚੇਤਿਆਂ ਵਿੱਚ ਪ੍ਰਿੰਸੀਪਲ ਜਰਨੈਲ ਸਿੰਘ ਦੀ ਗੱਲ ਆ ਜਾਂਦੀ ਹੈ। ਉਹਨਾਂ ਸਾਡੀ ਕਲਾਸ ਨੂੰ ਅੱਠਵੀਂ ਤੋਂ ਦਸਵੀਂ ਤੱਕ ਗਣਿਤ, ਅੰਗਰੇਜ਼ੀ ਆਦਿ ਵਿਸ਼ਿਆਂ ਨੂੰ ਬੜੀ ਮੁਹਾਰਤ ਨਾਲ ਪੜ੍ਹਾਇਆ ਸੀ। ਥਿਊਰਮਾਂ ਕਰਾਉਂਦਿਆਂ ਉਹ ਸਾਡੇ ਹੱਥ ਵਿਚੋਂ ਕਾਪੀ ਪੈੱਨ ਨੂੰ ਬੈਂਚ ‘ਤੇ ਰਖਾ ਕੇ ‘ਏ ਬੀ’ ‘ਬੀ ਸੀ’ ਕਹਿੰਦੇ ਥਿਊਰਮ ਨਾਲ ਸੰਬੰਧਿਤ ਆਕ੍ਰਿਤੀ ਵੱਲ ਨਾਲੋ ਨਾਲ ਨਜ਼ਰ ਘੁਮਾਈ ਜਾਣ ਲਈ ਕਹਿੰਦੇ ਤੇ ਵਿੱਚ ਵਿੱਚ ਆਪਣੀ ਚੌਕੰਨੀ ਨਜ਼ਰ ਸਾਡੇ ਵੱਲ ਰੱਖਦੇ ਕਿ ਅਸੀਂ ਉਹਨਾਂ ਦੇ ਆਦੇਸ਼ਾਂ ਦਾ ਪਾਲਣ ਕਰ ਰਹੇ ਹਾਂ ਜਾਂ ਨਹੀਂ। ਉਹ ਆਪ ਵੀ ਬਲੈਕ-ਬੋਰਡ ਦੀ ਸੁਚੱਜੀ ਵਰਤੋਂ ਕਰਦੇ ਤੇ ਹੋਰ ਅਧਿਆਪਕਾਂ ਤੋਂ ਵੀ ਅਜਿਹੀ ਆਸ ਰੱਖਦੇ। ਦਸਵੀਂ ਪਾਸ ਕਰਨ ਉਪਰੰਤ ਜਦੋਂ ਵੀ ਉਹਨਾਂ ਨੂੰ ਰਾਜ ਤੇ ਰਾਸ਼ਟਰੀ ਪੁਰਸਕਾਰ ਮਿਲਣ ਦਾ ਪਤਾ ਲੱਗਦਾ ਤਾਂ ਮੈਂ ਉਹਨਾਂ ਨੂੰ ਵਧਾਈ ਪੱਤਰ ਲਿਖਦਾ ਰਿਹਾ। ਜਦੋਂ ਕਦੇ ਵੀ ਉਹਨਾਂ ਨੂੰ ਮਿਲਣ ਦਾ ਸਬੱਬ ਬਣਦਾ ਤਾਂ ਉਹ ਮੇਰੇ ਲਈ ਜ਼ਿੰਦਗੀ ਭਰ ਦਾ ਇੱਕ ਨਵਾਂ ਸਬਕ ਸਾਬਤ ਹੁੰਦਾ। ਇੱਕ ਵਾਰ ਜਦੋਂ ਮੈਂ ਉਹਨਾਂ ਨੂੰ ਮਿਲਣ ਜਾ ਰਿਹਾ ਸਾਂ ਤਾਂ ਮੈਂ ਸ਼ਰਟ ਦੇ ਉਪਰਲੇ ਤੇ ਕਫਾਂ ਦੇ ਬਟਨਾਂ ਨੂੰ ਚੈੱਕ ਕਰਨਾ ਜ਼ਰੂਰੀ ਸਮਝਿਆ। ਮੇਰੇ ਸਾਹਮਣੇ ਸਕੂਲ ਦਾ ਉਹ ਦ੍ਰਿਸ਼ ਸਾਕਾਰ ਹੋ ਗਿਆ ਜਦੋਂ ਸਵੇਰ ਦੀ ਸਭਾ ਵਿੱਚ ਉਹਨਾਂ ਨੇ ਸਾਰਿਆਂ ਨੂੰ ਚੌਕੜੀ ਮਾਰ ਕੇ ਬੈਠਣ ਲਈ ਆਖਿਆ। ਸਿਰ ਉੱਪਰ ਹੱਥ ਰੱਖ ਕੇ ਝੁਕਣ ਦਾ ਹੁਕਮ ਦਿੱਤਾ ਜਿਵੇਂ ਕੋਈ ਕਸਰਤ ਕਰਵਾ ਰਹੇ ਹੋਣ। ਫਿਰ ਉਹ ਲਾਈਨਾਂ ਵਿੱਚ ਘੁੰਮਦੇ ਹੋਏ ਕਿਸੇ ਕਿਸੇ ਬੱਚੇ ਨੂੰ ਉਠਾ ਕੇ ਸਾਹਮਣੇ ਖੜ੍ਹੇ ਹੋਣ ਲਈ ਆਖ ਰਹੇ ਸਨ। ਸਾਹਮਣੇ ਖੜ੍ਹੇ ਹੋਣ ਦਾ ਮਤਲਬ ਸੀ ਕਿ ‘ਖੈਰ’ ਨਹੀਂ। ਮੈਂ ਚੋਰ ਅੱਖ ਨਾਲ ਦੇਖ ਰਿਹਾ ਸੀ ਕਿ ਅੱਗੇ ਜਾਣ ਵਾਲਿਆਂ ਨੇ ਕੀ ਗਲਤੀ ਕੀਤੀ ਹੈ ਜਿਸ ਤੋਂ ਬਚਿਆ ਜਾ ਸਕੇ। ਐਨੇ ਨੂੰ ਮੈਨੂੰ ਵੀ ਅੱਗੇ ਜਾਣ ਦਾ ਇਸ਼ਾਰਾ ਹੋ ਗਿਆ। ਫਿਰ ਪ੍ਰਿੰਸੀਪਲ ਫੌਜੀ ਜਰਨੈਲ ਵਾਂਗ ਸਾਡੇ ਦੁਆਲੇ ਹੋ ਗਏ, ‘ਇਹ ਕਫਾਂ ਦੇ ਬਟਨ ਕਿਉਂ ਖੁੱਲ੍ਹੇ ਛੱਡੇ ਹੈ? ਇਉਂ ਪਤੈ ਕੌਣ ਕਰਦੇ ਹਨ?’ ਸਾਡੇ ਵਿੱਚੋਂ ਕਲਾਸ ਵਿੱਚ ਹੁਸ਼ਿਆਰ ਸਮਝੇ ਜਾਂਦੇ ਹਰਪਾਲ ਨੇ ਡਰਦੇ ਡਰਦੇ ਕਿਹਾ, ‘ਜੀ ਬਦਮਾਸ਼ ਲੋਕ’ ਤੇ ਫਿਰ ਉਨ੍ਹਾਂ ਦੀ ਆਵਾਜ਼ ਗੜ੍ਹਕੀ, ‘ਤੇ ਤੁਸੀਂ ਕਿਉਂ ਇਉਂ ਕੀਤਾ ਹੈ?’। ਹੁਣ ਅਸੀਂ ਇੱਕੋ ਸੁਰ ਵਿੱਚ ਬੋਲੇ, ‘ਜੀ, ਅੱਗੇ ਤੋਂ ਨਹੀਂ ਕਰਦੇ’। ਉਹਨਾਂ ‘ਠੀਕ ਹੈ’ ਕਹਿੰਦਿਆਂ ਜਦੋਂ ਸਾਨੂੰ ਬੈਠਣ ਲਈ ਕਿਹਾ ਤਾਂ ਸਾਡੇ ਸਾਹ ਵਿੱਚ ਸਾਹ ਆਇਆ।
ਮੈਂ ਸਕੂਲ ਦੇ ਦਰ ਅੱਗੇ ਪਹੁੰਚ ਕੇ ਸਕੂਲ ਨੂੰ ਸਿਜਦਾ ਕੀਤਾ। ਇਥੋਂ ਮੈਂ ਪੜ੍ਹਾਈ ਦੀਆਂ ਮੰਜ਼ਿਲਾਂ ਸਰ ਕੀਤੀਆਂ ਸਨ। ਗੱਲ ‘ਸਰ’ ਕਰਨ ਵਾਲੀ ਹੀ ਹੈ ਕਿਉਂਕਿ ਜਦੋਂ ਸਕੂਲ ਵਿੱਚ ਦਾਖ਼ਲ ਹੋਇਆ ਸੀ ਤਾਂ ਪੜ੍ਹਾਈ ਪੱਖੋਂ ਬਿਲਕੁਲ ਕੋਰਾ ਹੀ ਸਾਂ। ਅਧਿਆਪਕਾਂ ਦੀ ਮਿਹਨਤ ਸਦਕਾ ਅੱਠਵੀਂ ਵਿੱਚੋਂ ‘ਥਰਡ’ ਨੌਵੀਂ ਵਿੱਚੋਂ ‘ਸੈਕਿੰਡ’ ਤੇ ਦਸਵੀਂ ਕਲਾਸ ਵਿੱਚੋਂ ‘ਫਸਟ’ ਆਇਆ ਸੀ। ਸਵੇਰ ਦੀ ਸਭਾ ਖਤਮ ਹੋਣ ਦਾ ਇੰਤਜ਼ਾਰ ਕਰਨ ਲੱਗਾ। ਪ੍ਰਿੰਸੀਪਲ ਦੇ ਦਫਤਰ ਵਿੱਚ ਪਹੁੰਚਣ ਦੇ ਕੁੱਝ ਮਿੰਟਾਂ ਬਾਅਦ ਮੈਂ ਮਿਲਣ ਲਈ ਬੂਹਾ ਖੋਲ੍ਹਿਆ। ਉਹ ਕਲਰਕ ਤੇ ਹੋਰ ਅਧਿਆਪਕਾਂ ਨੂੰ ਬੁਲਾ ਕੇ ਆਪਣੇ ਵਧੀਆ ਨਤੀਜੇ ਲਈ ‘ਇਸ਼ਤਿਹਾਰ’ ਛਪਵਾਉਣ ਅਤੇ ਖ਼ਬਰਾਂ ਦੇਣ ਸਬੰਧੀ ਮਸਰੂਫ ਸਨ। ਉਨ੍ਹਾਂ ਮੈਨੂੰ ਬੈਠਣ ਦਾ ਇਸ਼ਾਰਾ ਕੀਤਾ। ਮੈਂ ਜਾਣ ਗਿਆ ਕਿ ਕੱਲ੍ਹ ਦਸਵੀਂ ਦੇ ਬੋਰਡ ਦੇ ਨਤੀਜੇ ਵਿੱਚ ਰਾਜ ਪੱਧਰ ‘ਤੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਸਨ। ਮੇਰੇ ਸੁਭਾਅ ਤੋਂ ਜਾਣੂ ਹੋਣ ਕਾਰਨ ਉਹਨਾਂ ਕਹਿਣਾ ਸ਼ੁਰੂ ਕੀਤਾ, ‘ਕੁਲਵਿੰਦਰ, ਪਹਿਲਾਂ ਜੇ ਕੋਈ ਚੰਗਾ ਕੰਮ ਕਰਦਾ ਜਾਂ ਕੋਈ ਨਾਮਣਾ ਖੱਟਦਾ ਤਾਂ ਲੋਕ ਸੱਥਾਂ ‘ਚ ਗੱਲਾਂ ਕਰਦੇ, ਉਸ ਦੀ ਪ੍ਰਸ਼ੰਸਾ ਕਰਦੇ, ਹੁਣ ਸਮਾਂ ਬਦਲ ਗਿਆ ਹੈ ਅੱਜਕਲ੍ਹ ਤਾਂ ਆਪਣੀ ਡੁਗਡੁਗੀ ਆਪ ਹੀ ਵਜਾਉਣੀ ਪੈਂਦੀ ਹੈ, ਦੂਸਰਾ ਕੋਈ ਤੁਹਾਡੀ ਸਿਫਤ ਨਹੀਂ ਕਰਦਾ, ਮਾੜੀਆਂ ਗੱਲਾਂ ਦਾ ਜ਼ਿਕਰ ਭਾਵੇਂ ਲੋਕ ਚੁਰਾਹੇ ‘ਚ ਖੜ ਕੇ ਕਰ ਦੇਣ।’ ਗੱਲ ਕਰਦਿਆਂ ਇੱਕ ਪੈਂਫਲਟ ਉਹਨਾਂ ਨੇ ਮੇਰੇ ਹੱਥ ਵਿੱਚ ਫੜਾ ਦਿੱਤਾ ਜਿਸ ’ਤੇ ਸਟੇਟ ਪੱਧਰ ਦੀਆਂ ਪ੍ਰਾਪਤੀਆਂ ਤੇ ਉੱਚ ਪ੍ਰਤੀਸ਼ਤ ਵਾਲੇ ਬੱਚਿਆਂ ਦਾ ਵੇਰਵਾ ਸੀ। ਪੈਂਫਲਟ ‘ਤੇ ਨਜ਼ਰ ਮਾਰਦਿਆਂ ਮੈਂ ਉਹਨਾਂ ਨੂੰ ਵਧਾਈ ਦਿੱਤੀ ਤੇ ਸੋਚਿਆ ਕਿ ਦਸਵੀਂ ਪਾਸ ਵੇਲੇ ਜਿਹੜੀ ਪ੍ਰਾਪਤੀ ਦਾ ਮੈਂ ਮਾਣ ਮਹਿਸੂਸ ਕਰ ਰਿਹਾ ਸੀ, ਉਸ ਤੋਂ ਕਈ ਦਰਜੇ ਜ਼ਿਆਦਾ ਅੰਕਾਂ ਨਾਲ ਸਾਰੇ ਵਿਦਿਆਰਥੀ ਪਾਸ ਹੋਏ ਸਨ।
ਹੁਣ ਜਦੋਂ ਕਦੇ ਸ਼ੋਸ਼ਲ ਮੀਡੀਆ ‘ਤੇ ਸਵੈ-ਪ੍ਰਸ਼ੰਸਾ ਦੀ ਨੁਮਾਇਸ਼ ਹੁੰਦੀ ਦੇਖਦਾ ਹਾਂ ਤਾਂ ਪ੍ਰਿੰਸੀਪਲ ਦੀ ਆਖੀ ਗੱਲ ਯਾਦ ਆ ਜਾਂਦੀ ਹੈ, ਪਰ ਇੱਕ ਸ਼ਿਕਵਾ ਵੀ ਰਹਿੰਦਾ ਹੈ ਕਿ ਕਿਸੇ ਦੇ ਚੰਗੇ ਕੰਮਾਂ ਦੀ ਚਰਚਾ ਦੂਜੇ ਲੋਕ ਕਿਉਂ ਨਹੀਂ ਕਰਦੇ? ਜੇਕਰ ਸਮਾਜ/ਦੇਸ਼ ਵਿੱਚ ਚੰਗਿਆਈ ਨੂੰ ਦੇਖਣਾ ਚਾਹੁੰਦੇ ਹਾਂ ਤਾਂ ਆਪਣੀ ਡੁਗਡੁਗੀ ਵਜਾਉਣ ਦੀ ਥਾਂ ਅਸਲ ਜ਼ਿੰਦਗੀ ਵਿੱਚ ਦੂਜਿਆਂ ਨੂੂੰ ਉਤਸ਼ਾਹਿਤ ਕਰਨਾ ਪਵੇਗਾ।
ਸੰਪਰਕ: 9876064576