ਤੁਹਾਡੀ ਫ਼ਸਲ ਤਾਂ ਮੁਫ਼ਤ ਦੀ ਹੈ !
ਬਲਰਾਜ ਸਿੰਘ ਸਿੱਧੂ
ਕਿਸਾਨਾਂ ’ਤੇ ਕੋਈ ਨਾ ਕੋਈ ਮੁਸੀਬਤ ਟੁੱਟਦੀ ਹੀ ਰਹਿੰਦੀ ਹੈ। ਤੀਜੇ ਚੌਥੇ ਸਾਲ ਬੇਮੌਸਮੀ ਬਰਸਾਤ, ਸੋਕਾ, ਗੁਲਾਬੀ ਸੁੰਡੀ, ਨਕਲੀ ਕੀਟਨਾਸ਼ਕ, ਨਦੀਨ ਨਾਸ਼ਕ ਤੇ ਖਾਦਾਂ ਆਦਿ ਦੀ ਮਾਰ ਪੈ ਹੀ ਜਾਂਦੀ ਹੈ। ਜੇ ਰੱਬ ਰੱਬ ਕਰਦਿਆਂ ਫ਼ਸਲ ਸਹੀ ਸਲਾਮਤ ਅੰਜਾਮ ਨੂੰ ਪਹੁੰਚ ਵੀ ਜਾਵੇ ਤਾਂ ਫਿਰ ਇਸ ਸਾਲ ਦੇ ਝੋਨੇ ਵਾਂਗ ਮੰਡੀਆਂ ਵਿੱਚ ਬੇਕਦਰੀ। ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸਨ ਕਿ ਜਿਹੜਾ ਵਿਅਕਤੀ ਸਾਹ ਲੈਣ ਵਾਲਾ (ਪੋਲਟਰੀ ਅਤੇ ਡੇਅਰੀ), ਸੜਕ ’ਤੇ ਚੱਲਣ ਵਾਲਾ (ਟਰੱਕ ਟੈਕਸੀਆਂ ਆਦਿ) ਅਤੇ ਕੁਦਰਤ ’ਤੇ ਨਿਰਭਰ (ਖੇਤੀਬਾੜੀ) ਧੰਦਾ ਕਰਦਾ ਹੈ, ਉਹ ਕਦੇ ਵੀ ਸੁੱਖ ਦੀ ਨੀਂਦ ਨਹੀਂ ਸੌਂ ਸਕਦਾ। ਆਮ ਲੋਕ ਸਮਝਦੇ ਹਨ ਕਿ ਖੇਤੀਬਾੜੀ ਤਾਂ ਸੌਖੀ ਹੀ ਬਹੁਤ ਹੈ। ਬੱਸ, ਬੀਜ ਤੇ ਖਾਦ ਪਾਈ ਤੇ ਛੇ ਮਹੀਨਿਆਂ ਵਿੱਚ ਫ਼ਸਲ ਤਿਆਰ। ਉਨ੍ਹਾਂ ਨੂੰ ਨਹੀਂ ਪਤਾ ਕਿ ਮੰਡੀ ਵਿੱਚ ਪਈ ਕਣਕ ਜਾਂ ਝੋਨੇ ਦੀ ਢੇਰੀ ਦੇ ਪਿੱਛੇ ਕਿੰਨੀ ਮਿਹਨਤ ਲੱਗਦੀ ਹੈ। ਸੌਣ ਭਾਦੋਂ ਦੀਆਂ ਹੁੰਮਸ ਭਰੀਆਂ ਧੁੱਪਾਂ ਤੇ ਪੋਹ ਮਾਘ ਦੀ ਹੱਡ ਜਮਾ ਦੇਣ ਵਾਲੀ ਸਰਦੀ ਵਿੱਚ ਨੰਗੇ ਪੈਰੀਂ ਖੇਤਾਂ ਨੂੰ ਪਾਣੀ ਲਗਾਉਣਾ, ਖ਼ਾਦ ਖਿਲਾਰਨੀ ਅਤੇ ਕੀਟ ਨਾਸ਼ਕ ਤੇ ਨਦੀਨ ਨਾਸ਼ਕ ਸਪਰੇਅ ਕਰਨੇ ਪੈਂਦੇ ਹਨ। ਜਿਸ ਵੇਲੇ ਅੱਧਾ ਭਾਰਤ ਏ.ਸੀ. ਦੀ ਠੰਢਕ ਜਾਂ ਹੀਟਰ ਦੇ ਨਿੱਘ ਦਾ ਆਨੰਦ ਮਾਣ ਰਿਹਾ ਹੁੰਦਾ ਹੈ, ਉਸ ਵੇਲੇ ਕਿਸਾਨ ਖੇਤਾਂ ਵਿੱਚ ਡਟੇ ਹੁੰਦੇ ਹਨ। ਇਹ ਦੁਨੀਆ ਦਾ ਇੱਕੋ-ਇੱਕ ਵਪਾਰ ਹੈ ਜਿਸ ਵਿੱਚ ਵਿਕਰੇਤਾ ਦੀ ਬਜਾਏ ਰੇਟ ਖਰੀਦਦਾਰ ਤੈਅ ਕਰਦਾ ਹੈ।
ਪੈਂਤੀ-ਚਾਲੀ ਸਾਲ ਪੁਰਾਣੀ ਗੱਲ ਹੈ, ਜਦੋਂ ਮੈਂ ਪੜ੍ਹਾਈ ਦੇ ਨਾਲ-ਨਾਲ ਖੇਤੀਬਾੜੀ ਵਿੱਚ ਆਪਣੇ ਪਿਤਾ ਜੀ ਦਾ ਹੱਥ ਵਟਾਉਂਦਾ ਹੁੰਦਾ ਸੀ। ਸਾਡੇ ਪਿੰਡ ਕਈ ਦੁਕਾਨਾਂ ਸਨ ਪਰ ਇੱਕ ਦੁਕਾਨਦਾਰ ਕਿੰਦੇ (ਕਾਲਪਨਿਕ ਨਾਮ) ਨਾਲ ਸਾਡਾ ਕਾਫੀ ਪਿਆਰ ਸੀ ਤੇ ਉਧਾਰ ਸੁਧਾਰ ਵੀ ਚੱਲਦਾ ਸੀ। ਇੱਕ ਦਿਨ ਮੈਂ ਕਿੰਦੇ ਦੀ ਦੁਕਾਨ ਦੇ ਪੀਪੇ ਵਿੱਚੋਂ ਮੂੰਗਫਲੀ ਦੀ ਮੁੱਠ ਭਰ ਲਈ। ਕਿੰਦਾ ਮੈਨੂੰ ਕਹਿਣ ਲੱਗਾ, ‘‘ਅਠਿਆਨੀ (ਪੰਜਾਹ ਪੈਸੇ) ਦੀ ਊ, ਐਵੇਂ ਮੁਫਤ ਨਾ ਸਮਝ ਲਈਂ।’’ ਮੈਂ ਮੂੰਗਫਲੀ ਵਾਪਸ ਪੀਪੇ ਵਿੱਚ ਸੁੱਟ ਦਿੱਤੀ ਤੇ ਬੋਲਿਆ, ‘‘ਤੂੰ ਜਿਹੜੇ ਸਾਡੇ ਖੇਤਾਂ ਵਿੱਚੋਂ ਤੀਜੇ ਚੌਥੇ ਦਿਨ ਛਟਾਲੇ (ਬਰਸੀਮ) ਦੀ ਪੰਡ ਵੱਢ ਲਿਆਉਨਾ, ਗਾਜਰਾਂ ਮੂਲੀਆਂ, ਗੋਂਗਲੂ, ਗੋਭੀ ਤੇ ਸਾਗ ਤੋੜ ਲਿਆਉਨਾ, ਉਨ੍ਹਾਂ ਦਾ ਕੋਈ ਮੁੱਲ ਨਹੀਂ? ਉਹ ਅੱਗੋਂ ਦੰਦੀਆਂ ਕੱਢ ਕੇ ਬੋਲਿਆ, ‘‘ਧਾਡਾ (ਤੁਹਾਡਾ) ਸਾਮਾਨ ਤਾਂ ਮੁਫ਼ਤ ਦਾ ਹੁੰਦਾ ਆ।’’ ਉਸ ਦੀ ਗੱਲ ਮੇਰੇ ਕਲੇਜੇ ’ਤੇ ਲੜ ਗਈ, ‘‘ਅੱਛਾ, ਉਹ ਆਪੇ ਉੱਗ ਪੈਂਦੀਆਂ ਨੇ? ਬੀਜ ਤੇ ਖਾਦ ਮੁਫ਼ਤ ਮਿਲਦੇ ਆ? ਕੋਈ ਨੀਂ ਪੁੱਤ ਦੁਬਾਰਾ ਆਈਂ, ਦੱਸੂਗਾਂ ਤੈਨੂੰ ਸਾਡੀ ਫ਼ਸਲ ਫਰੀ ਦੀ ਹੁੰਦੀ ਆ ਕਿ ਮੁੱਲ ਦੀ।’’ ਇਹ ਕਹਿ ਕੇ ਮੈਂ ਘਰ ਨੂੰ ਚੱਲ ਪਿਆ ਤੇ ਕਿੰਦਾ ਸਮਝ ਗਿਆ ਕਿ ਉਸ ਨੇ ਗ਼ਲਤੀ ਕਰ ਲਈ ਹੈ। ਉਹ ਲਿਫ਼ਾਫੇ ਵਿੱਚ ਕਾਫੀ ਸਾਰੀ ਮੂੰਗਫਲੀ ਪਾ ਕੇ ਮੇਰੇ ਪਿੱਛੇ ਭੱਜਿਆ ਤੇ ਗ਼ਲਤੀ ਮੰਨ ਕੇ ਮੂੰਗਫਲੀ ਦੇ ਕੇ ਗਿਆ।
ਮੇਰਾ ਇੱਕ ਦੋਸਤ ਤੇਜਾ (ਕਾਲਪਨਿਕ ਨਾਮ) ਬਟਾਲੇ ਨੇੜੇ ਰਹਿੰਦਾ ਹੈ ਤੇ ਤਰਬੂਜ਼ ਤੇ ਖਰਬੂਜ਼ਿਆਂ ਦੀ ਕਾਸ਼ਤ ਕਰਦਾ ਹੈ। ਇੱਕ ਦਿਨ ਉਹ ਸੁਵੱਖਤੇ ਤਰਬੂਜ਼ਾਂ ਦੀ ਟਰਾਲੀ ਲੈ ਕੇ ਧਾਰੀਵਾਲ ਦੀ ਸਬਜ਼ੀ ਮੰਡੀ ਵਿੱਚ ਖੜ੍ਹਾ ਸੀ ਕਿ ਸੈਰ ਕਰਦਾ ਹੋਇਆ ਇੱਕ ਵਿਅਕਤੀ ਆਇਆ ਤੇ ਬਿਨਾਂ ਦੱਸੇ ਪੁੱਛੇ ਦੋ ਵਧੀਆ ਜਿਹੇ ਤਰਬੂਜ਼ ਚੁੱਕ ਕੇ ਚੱਲਦਾ ਬਣਿਆ। ਤੇਜਾ ਪਹਿਲਾਂ ਹੀ ਗਰਮੀ ਅਤੇ ਲੱਗ ਰਹੇ ਘੱਟ ਰੇਟ ਤੋਂ ਸੜਿਆ ਬਲਿਆ ਪਿਆ ਸੀ। ਉਸ ਨੇ ਉਸ ਵਿਅਕਤੀ ਨੂੰ ਜਾ ਘੇਰਿਆ ਤੇ ਪੁੱਛਿਆ ਕਿ ਭਾਈ ਸਾਹਿਬ ਇਹ ਕੀ ਕਰ ਰਹੇ ਹੋ? ਉਸ ਵਿਅਕਤੀ ਨੇ ਪੂਰੀ ਢੀਠਤਾਈ ਨਾਲ ਜਵਾਬ ਦਿੱਤਾ, ‘‘ਕਾਕਾ ਤੂੰ ਮੈਨੂੰ ਪਛਾਣਿਆ ਨਈਂ? ਮੈਂ ਸਾਬਕਾ ਮੰਤਰੀ ਫਲਾਣਾ ਸਿੰਘ ਆਂ।’’ ‘‘ਮੈਂ ਧਾਨੂੰ (ਤੁਹਾਨੂੰ) ਚੰਗੀ ਤਰ੍ਹਾਂ ਜਾਣਦਾ ਆਂ। ਪਰ ਤੁਹਾਡਾ ਫਰਜ਼ ਨਈਂ ਬਣਦਾ ਕਿ ਮੈਨੂੰ ਪੁੱਛ ਕੇ ਤਰਬੂਜ਼ ਚੁੱਕਦੇ? ਹੁਣ ਜੇ ਮੈਂ ਧਾਡੇ ਕੋਲੋਂ ਹਦਵਾਣੇ ਖੋਹ ਲਵਾਂ ਤਾਂ ਧਾਡੇ ਪੱਲੇ ਕੀ ਰਹੂਗਾ?’’ ਪਰ ਉਹ ਲੀਡਰ ਵੀ ਸਿਰੇ ਦਾ ਢੀਠ ਸੀ, ‘‘ਉਹ ਕਾਕਾ, ਦੋ ਹਦਵਾਣਿਆਂ ਲਈ ਮੈਂ ਤੈਨੂੰ ਕੀ ਪੁੱਛਦਾ? ਨਾਲੇ ਜੱਟਾਂ ਨੂੰ ਕੀ ਫ਼ਰਕ ਪੈਂਦਾ ਦੋ ਚਾਰ ਹਦਵਾਣਿਆਂ ਨਾਲ।’’ ਤੇ ਉਹ ਤਰਬੂਜ਼ ਲੈ ਕੇ ਤੁਰਦਾ ਬਣਿਆ। ਮੇਰਾ ਇੱਕ ਦੋਸਤ ਹਰਬੰਸ ਲਹਿਰਾਗਾਗਾ ਨੇੜੇ ਨੰਗਲਾ ਪਿੰਡ ਦਾ ਰਹਿਣ ਵਾਲਾ ਹੈ। ਅੱਜ ਤੋਂ 15-20 ਪਹਿਲਾਂ ਉੱਥੇ ਵੱਡੇ ਪੱਧਰ ’ਤੇ ਮੂੰਗਫਲੀ ਦੀ ਕਾਸ਼ਤ ਹੁੰਦੀ ਸੀ। ਇੱਕ ਵਾਰ ਉਸ ਦਾ ਤਾਇਆ ਲਹਿਰੇ ਮੰਡੀ ਮੂੰਗਫਲੀ ਲੈ ਕੇ ਗਿਆ ਤਾਂ ਹਰ ਲੰਘਦਾ ਵੜਦਾ ਬੰਦਾ ਮੂੰਗਫਲੀ ਦੀਆਂ ਮੁੱਠੀਆਂ ਭਰ ਕੇ ਲਿਜਾਣ ਲੱਗਾ। ਇਹ ਸਭ ਕੁਝ ਤਾਂ ਤਾਇਆ ਬਰਦਾਸ਼ਤ ਕਰ ਗਿਆ ਪਰ ਇੱਕ ਬੰਦੇ ਨੇ ਤਾਂ ਕਮਾਲ ਹੀ ਕਰ ਦਿੱਤੀ। ਪਹਿਲਾਂ ਤਾਂ ਖ਼ੁਦ ਜੇਬ ਭਰ ਲਈ ਤੇ ਫਿਰ ਘਰ ਜਾ ਕੇ ਤਿੰਨ ਚਾਰ ਜਵਾਕ ਲੈ ਆਇਆ ਜਿਨ੍ਹਾਂ ਨੇ ਮੂੰਗਫਲੀ ਲਿਫ਼ਾਫਿਆਂ ਵਿੱਚ ਭਰਨੀ ਸ਼ੁਰੂ ਕਰ ਦਿੱਤੀ। ਤਾਇਆ ਜਾਣਦਾ ਸੀ ਕਿ ਇਸ ਬੰਦੇ ਦੀ ਬਾਜ਼ਾਰ ਵਿੱਚ ਹਲਵਾਈ ਦੀ ਦੁਕਾਨ ਹੈ ਤੇ ਇਹ ਠੋਕ ਕੇ ਰੇਟ ਲਾਉਂਦਾ ਹੈ। ਲਿਫ਼ਾਫੇ ਵੇਖ ਕੇ ਤਾਏ ਦੇ ਸਬਰ ਦਾ ਪਿਆਲਾ ਉੱਛਲ ਗਿਆ ਤੇ ਉਹ ਉਸ ਦੇ ਪਿੱਛੇ ਪੈ ਗਿਆ। ਪਹਿਲਾਂ ਤਾਂ ਉਸ ਨੇ ਲਿਫ਼ਾਫੇ ਖੋਹ ਕੇ ਢੇਰੀ ’ਤੇ ਉਲੱਦ ਦਿੱਤੇ ਤੇ ਫਿਰ ਉਸ ਦੀ ਲਾਹ-ਪਾਹ ਕਰ ਦਿੱਤੀ। ਹਲਵਾਈ ਅੱਗੋਂ ਢਿੱਲਾ ਜਿਹਾ ਪੈ ਕੇ ਕਹਿਣ ਲੱਗਾ, ‘‘ਸਰਦਾਰ ਜੀ ਐਨੀ ਵੱਡੀ ਗੱਲ ਤਾਂ ਕੋਈ ਨਈਂ ਸੀ। ਬੱਸ ਬੱਚਿਆਂ ਦਾ ਮਨ ਜਿਹਾ ਕਰ ਆਇਆ ਸੀ ਮੂੰਗਫਲੀ ਖਾਣ ਲਈ।’’ ਤਾਏ ਨੇ ਜਵਾਬ ਦਿੱਤਾ, ‘‘ਸੇਠ ਸਾਹਿਬ, ਜਦੋਂ ਸਾਡੇ ਬੱਚੇ ਧਾਡੀਆਂ ਦੁਕਾਨਾਂ ਅੱਗੋਂ ਲੰਘਦੇ ਆ ਨਾ, ਉਨ੍ਹਾਂ ਦਾ ਵੀ ਬਹੁਤ ਦਿਲ ਕਰਦਾ ਆ ਸਮਾਨ ਲੈਣ ਲਈ। ਫਿਰ ਅਸੀਂ ਵੀ ਮੁਫ਼ਤ ਮਠਿਆਈਆਂ ਚੁੱਕ ਕੇ ਲੈ ਜਾਇਆ ਕਰੀਏ? ਸਾਡੀ ਢੇਰੀ ਤਾਂ ਤੁਸੀਂ ਮੁਫਤ ਦਾ ਮਾਲ ਸਮਝ ਕੇ ਲਿਫ਼ਾਫੇ ਭਰੀ ਜਾਂਦੇ ਉ, ਕਿਸੇ ਰੇਹੜੀ ਤੋਂ ਮੂੰਗਫਲੀ ਦੀ ਇੱਕ ਗੰਢੀ ਚੁੱਕ ਕੇ ਤਾਂ ਵਿਖਾਉ।’’ ਸੰਪਰਕ: 95011-00062