ਭਗਤੀ ਲਹਿਰ ਦੀ ਅਜੋਕੇ ਸਮੇਂ ਵਿਚ ਪ੍ਰਸੰਗਿਕਤਾ
ਰਾਮਾਨੰਦ ਦੱਖਣ ਤੋਂ ਵੇਦਾਂਤ ਮਾਰਗ ਵਾਲੀ ਸ੍ਰੀ-ਸੰਪਰਦਾਇ ਨਾਲ ਉੱਤਰੀ ਭਾਰਤ ਆਏ ਪਰ ਰਾਮਾਨੰਦ ਦੀ ਮੌਤ ਉਪਰੰਤ ਉਨ੍ਹਾਂ ਦੇ ਪੈਰੋਕਾਰ ਦੋ ਭਾਗਾਂ ਵਿੱਚ ਵੰਡੇ ਗਏ। ਇਕ ਵੇਦ ਤੇ ਵਰਣ ਆਸ਼ਰਮ ਦੇ ਹਮਾਇਤੀ ਅਤੇ ਦੂਜੇ ਵੇਦ ਤੇ ਵਰਣ ਆਸ਼ਰਮ ਦੇ ਵਿਰੋਧੀ ਸਨ। ਦੂਜੀ ਕਿਸਮ ਦੇ ਨਿਰਗੁਣਵਾਦੀ ਭਗਤਾਂ ਨੇ ਤਤਕਾਲੀ ਸਮਿਆਂ ਵਿੱਚ ਫੈਲ ਚੁੱਕੇ ਅੰਧਵਿਸ਼ਵਾਸ, ਜਾਤ-ਪਾਤ, ਆਰਥਿਕ ਨਾਬਰਾਬਰੀ ਅਤੇ ਰਾਜਨੀਤਿਕ ਧੱਕੇਸ਼ਾਹੀ ਦਾ ਵਿਰੋਧ ਕੀਤਾ। ਇਸ ਸਮੇਂ ਭਗਤ ਕਬੀਰ ਜੀ ‘ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥’ ਕਥਨ ਰਾਹੀਂ ਜਾਤੀ ਪ੍ਰਥਾ ’ਤੇ ਕਰਾਰੀ ਚੋਟ ਕਰਦੇ ਹਨ। ਇਸ ਤਰ੍ਹਾਂ ਨਿਰਗੁਣਵਾਦੀ ਭਗਤੀ ਗੁਰਮਤਿ ਆਸ਼ੇ ਅਨੁਸਾਰ ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’ ਦੇ ਮਾਰਗ ’ਤੇ ਚਲਦੀ ਹੋਈ ਮਾਨਵਵਾਦੀ ਵਿਚਾਰਧਾਰਾ ਹੈ। ਭਗਤ ਨਾਮਦੇਵ ਜੀ ‘ਹਿੰਦੂ ਅੰਨਾ ਤੁਰਕੂ ਕਾਣਾ॥ ਦੁਹਾਂ ਤੇ ਗਿਆਨੀ ਸਿਆਣਾ॥’ ਕਥਨ ਰਾਹੀਂ ਕਰਮਕਾਂਡਾਂ ਅਤੇ ਧਾਰਮਿਕ ਕੱਟੜਤਾ ਦਾ ਵਿਰੋਧ ਕਰਦੇ ਹਨ ਪਰ ਸਾਡੀ ਸਮਕਾਲੀ ਸੱਤਾ ਅਧੀਨ ਭਾਰਤ ਵਿੱਚ ਵਰਣ ਆਸ਼ਰਮ ਆਧਾਰਿਤ ਵਿਚਾਰਧਾਰਾ ਦਾ ਪ੍ਰਚਾਰ ਵਧੇਰੇ ਕੀਤਾ ਜਾ ਰਿਹਾ ਹੈ, ਜਿਸ ਕਾਰਨ ਅਸੀਂ ਅੱਜ ਤੱਕ ਵੀ ਜਾਤ-ਪਾਤ ਰਹਿਤ ਸਮਾਜ ਨਹੀਂ ਸਿਰਜ ਸਕੇ। ਆਰਥਿਕ ਨਾ-ਬਰਾਬਰੀ ਤੇ ਰਾਜਨੀਤਿਕ ਧੱਕੇਸ਼ਾਹੀ ਵਧ ਚੁੱਕੀ ਹੈ। ਇਸ ਲਈ ਮੱਧਕਾਲ ਵਿੱਚ ਵਿਕਸਿਤ ਹੋਈ ਮਾਨਵਵਾਦੀ ਵਿਚਾਰਧਾਰਾ ਸਾਡੇ ਸਮਕਾਲੀ ਦੌਰ ਵਿੱਚ ਵੀ ਉਂਨੀ ਹੀ ਪ੍ਰਸੰਗਿਕ ਹੈ।
ਡਾ. ਸੋਨੂੰ ਅਬੋਹਰ, ਪਿੰਡ ਧਰਮਪੁਰਾ, ਫ਼ਾਜ਼ਿਲਕਾ। ਸੰਪਰਕ: 91159-30504
ਮਨੁੱਖਤਾ ਅੰਦਰ ਆਤਮਿਕ ਤੇ ਅਧਿਆਤਮਕ ਜੋਤ ਜਗਾਈ
ਸਮੇਂ ਸਮੇਂ ’ਤੇ ਸਮਾਜ ਵਿੱਚ ਅਜਿਹੀਆਂ ਲਹਿਰਾਂ ਵੀ ਚੱਲੀਆਂ, ਜਿਨ੍ਹਾਂ ਦੇ ਅਸਰ ਨਾਲ ਪੂਰੀ ਮਾਨਵਤਾ ਦਾ ਇਤਿਹਾਸ ਹੀ ਬਦਲ ਗਿਆ। ਇਨ੍ਹਾਂ ਲਹਿਰਾਂ ਨੇ ਕੁਰਾਹੇ ਪਈ ਲੋਕਾਈ ਨੂੰ ਸੱਚ ਦਾ ਸਹੀ ਮਾਰਗ ਦਿਖਾਇਆ। ਮੱਧਕਾਲ ਦੌਰਾਨ ਭਾਰਤੀ ਸਮਾਜ ਵਿੱਚ ਧਰਮ ਨਾਲ ਜੁੜੇ ਸੰਸਕਾਰਾਂ ਵਿੱਚ ਜਾਗ੍ਰਿਤੀ ਦੀ ਇਕ ਜ਼ੋਰਦਾਰ ਲਹਿਰ ਚਲੀ, ਜਿਸ ਨੂੰ ਭਗਤੀ ਲਹਿਰ ਕਿਹਾ ਜਾਂਦਾ ਹੈ। ਸਾਰੇ ਧਰਮਾਂ ਦਾ ਮੁਲਅੰਕਣ ਅਤੇ ਸ਼ਾਂਤੀ ਦਾ ਵਿਚਕਾਰਲਾ ਰਸਤਾ ਲੱਭਣਾ ਹੀ ਭਗਤੀ ਲਹਿਰ ਹੈ। ਇਹ ਲਹਿਰ ਸੱਤਵੀਂ ਸਦੀ ਦੌਰਾਨ ਦੱਖਣੀ ਭਾਰਤ ਤੋਂ ਸ਼ੁਰੂ ਹੋ ਕੇ ਉਤਰੀ ਭਾਰਤ ਅਤੇ ਮੱਧ ਏਸ਼ੀਆ ਤਕ ਫੈਲ ਗਈ, ਜਿਸ ਨੇ ਆਮ ਜਨ ਜੀਵਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਭਗਤੀ ਲਹਿਰ ਨੇ ਮਨੁੱਖਤਾ ਦੇ ਦਿਲਾਂ ਵਿੱਚ ਆਤਮਿਕ ਅਤੇ ਅਧਿਆਤਮਕਤਾ ਦੀ ਜੋਤ ਜਗਾਈ। ਇਹ ਲਹਿਰ ਸਮੇਂ ਦੇ ਪ੍ਰਚਲਿਤ ਝੂਠੇ ਕਰਮ-ਕਾਂਡਾਂ, ਵਹਿਮਾਂ-ਭਰਮਾਂ ਅਤੇ ਮੂਰਤੀ ਪੂਜਾ ਦੇ ਵਿਰੋਧ ਵਿੱਚ ਖੜ੍ਹੀ ਹੋਈ, ਜਿਸ ਦਾ ਪ੍ਰਚਾਰ ਅਤੇ ਪਸਾਰਾ ਕਰਨ ਵਿੱਚ ਸਮਾਜ ਸੁਧਾਰਕਾਂ ਦਾ ਵੱਡਾ ਯੋਗਦਾਨ ਸੀ। ਇਸ ਤਰ੍ਹਾਂ ਸਮਾਜਿਕ, ਰਾਜਨੀਤਿਕ, ਸਭਿਆਚਾਰਕ ਧਾਰਮਿਕ ਲਹਿਰਾਂ ਵੀ ਭਗਤੀ ਲਹਿਰ ਨਾਲ ਆਣ ਜੁੜੀਆਂ। ਸੰਗੀਤ, ਸਭਿਆਚਾਰ, ਕਲਾ ਦੇ ਖੇਤਰ ਪ੍ਰਫੁੱਲਿਤ ਹੋਣ ਲੱਗੇ। ਭਗਤੀ ਲਹਿਰ ਦੇ ਭਗਤ ਨਾਮਦੇਵ, ਭਗਤ ਰਵਿਦਾਸ ਅਤੇ ਭਗਤ ਕਬੀਰ ਜੀ ਨੇ ਆਪਣੀਆਂ ਰਚਨਾਵਾਂ ਭਾਵ ਪਵਿੱਤਰ ਬਾਣੀ ਰਾਹੀਂ ਉਸ ਸਮੇਂ ਦੇ ਸਮਾਜ ਵਿੱਚ ਫੈਲੇ ਜਾਤੀਵਾਦ, ਊਚ-ਨੀਚ, ਛੂਤ-ਛਾਤ, ਅੰਧਵਿਸ਼ਵਾਸ, ਜਾਦੂ ਟੋਣੇ, ਰੂੜ੍ਹੀਵਾਦੀ ਬੰਧਨਾਂ, ਕੁਪ੍ਰਥਾਵਾਂ, ਮਹਾਰਾਜਿਆਂ-ਸ਼ਾਸਕਾਂ ਦੇ ਜ਼ੁਲਮਾਂ ਵਿਰੁੱਧ ਆਵਾਜ਼ ਉਠਾਈ ਅਤੇ ਲੋਕਾਂ ਨੂੰ ਪਰਮਾਤਮਾ ਦੀ ਭਗਤੀ ਕਰਨ ਅਤੇ ਸਰਵ ਸਾਂਝੀਵਾਲਤਾ ਤੇ ਆਪਸੀ ਭਾਈਚਾਰੇ ਦਾ ਉਪਦੇਸ਼ ਦਿਤਾ। ਭਗਤੀ ਲਹਿਰ ਨੇ ਹਿੰਦੋਸਤਾਨੀ ਉਪ ਮਹਾਂਦੀਪ ਵਿੱਚ ਧਾਰਮਿਕ, ਸਮਾਜਿਕ ਕ੍ਰਾਂਤੀ ਲਿਆਂਦੀ ਅਤੇ ਲੋਕਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਕੀਤਾ।
ਜਗਮੋਹਨ ਸਿੰਘ ਲੱਕੀ, ਵਿਦਿਆ ਨਗਰ, ਪਟਿਆਲਾ। ਸੰਪਰਕ: 94638-19174