ਨੌਜਵਾਨ ਸੋਚ: ਭਗਤੀ ਲਹਿਰ ਚਿੰਤਨ ਪਰੰਪਰਾ
ਭਗਤੀ ਲਹਿਰ ਨੇ ਸਮਾਜਿਕ ਨਾਬਰਾਬਰੀ ਨੂੰ ਸੱਟ ਮਾਰੀ
ਭਾਰਤ ਵਿੱਚ ਭਗਤੀ ਲਹਿਰ ਮੱਧਕਾਲੀਨ ਯੁੱਗ ਵਿੱਚ ਚੱਲੀ ਧਾਰਮਿਕ ਜਾਗ੍ਰਿਤੀ ਲਹਿਰ ਸੀ। ਇਸ ਤਹਿਤ ਰਚੀ ਬਾਣੀ ਨੇ ਸਮਾਜਿਕ ਨਾਬਰਾਬਰੀ ਅਤੇ ਨਫ਼ਰਤ ਨੂੰ ਖਤਮ ਕਰ ਕੇ ਭਗਤੀ ਤੇ ਸਾਂਝੀਵਾਲਤਾ ਦੇ ਦਰਵਾਜ਼ੇ ਖੋਲ੍ਹੇ। ਇਸ ਲਹਿਰ ਨੂੰ ਭਗਤੀ ਅੰਦੋਲਨ ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ। ਭਗਤੀ ਲਹਿਰ ਦਾ ਆਰੰਭ ਅੱਠਵੀਂ ਸਦੀ ਈਸਵੀ ਵਿੱਚ ਦੱਖਣੀ ਭਾਰਤ ’ਚ ਹੋਇਆ। ਇਸ ਲਹਿਰ ਨੂੰ ਦੱਖਣੀ ਭਾਰਤ ਵਿੱਚ ਚਲਾਉਣ ਵਾਲੇ ਰਾਮਾਨੁਜ ਤੇ ਉੱਤਰੀ ਭਾਰਤ ਵਿੱਚ ਰਾਮਾਨੰਦ ਹੋਏ ਹਨ। ਦੇਸ਼ ਵਿਚ ਉੱਠੀਆਂ ਬਹੁਤੀਆਂ ਲਹਿਰਾਂ ਉੱਤਰ ਤੋਂ ਦੱਖਣ ਵੱਲ ਗਈਆਂ ਹਨ ਪਰ ਇਹ ਅਜਿਹੀ ਲਹਿਰ ਸੀ ਜਿਹੜੀ ਦੱਖਣ ਤੋਂ ਉੱਤਰ ਵੱਲ ਆਈ। ਭਗਤਾਂ ਨੇ ਸਮੁੱਚੀ ਮਾਨਵਤਾ ਨੂੰ ਜਿਥੇ ਫੋਕੇ ਕਰਮ-ਕਾਡਾਂ ਤੋਂ ਸੁਚੇਤ ਕੀਤਾ, ਉਥੇ ਪਰਮਾਤਮਾ ਉਤੇ ਅਟੁੱਟ ਵਿਸ਼ਵਾਸ ਰੱਖਦਿਆਂ, ਬੰਦਗੀ ਕਰਨ ਦਾ ਸੁਨੇਹਾ ਵੀ ਦਿੱਤਾ।
ਲੋਕ-ਪੱਖੀ ਕਾਰਜਾਂ ਕਾਰਨ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 15 ਭਗਤਾਂ ਦੀ ਬਾਣੀ ਦਰਜ ਹੈ। ਇਸ ਲਈ ਚੰਗੇ ਸਮਾਜ ਦੀ ਸਿਰਜਣਾ ਵਾਸਤੇ ਅੱਜ ਵੀ ਇਨ੍ਹਾਂ ਭਗਤਾਂ ਵੱਲੋਂ ਸਿਰਜੇ ਇਤਿਹਾਸ ਤੋਂ ਸਿੱਖਿਆ ਲੈਣ ਦੀ ਜ਼ਰੂਰਤ ਹੈ।
ਅਰਵਿੰਦਰ ਸਿੰਘ, ਸੂਰਤ ਨਗਰ ਜ਼ਿੰਦਾ ਰੋਡ, ਮਕਸੂਦਾਂ, ਜਲੰਧਰ। ਸੰਪਰਕ: 97813-20622
ਅਗਲਾ ਵਿਸ਼ਾ: ਵਾਤਾਵਰਨ ਸੰਭਾਲ ’ਚ ਮਨੁੱਖੀ ਭੂਮਿਕਾ
ਜਲਵਾਯੂ ਤਬਦੀਲੀਆਂ ਕਾਰਨ ਮਨੁੱਖ ਦੇ ਨਾਲ ਨਾਲ ਹੋਰ ਜੀਵਾਂ ਦੇ ਸਮੁੱਚੇ ਜੀਵਨ ਅਤੇ ਬਨਸਪਤੀ ਲਈ ਗੰਭੀਰ ਚੁਣੌਤੀਆਂ ਪੈਦਾ ਹੋ ਰਹੀਆਂ ਹਨ। ਇਨਸਾਨ ਦੀ ਕੁਦਰਤ ਨਾਲ ਅੰਨ੍ਹੇਵਾਹ ਕੀਤੀ ਗਈ ਛੇੜਛਾੜ ਕਾਰਨ ਪੈਦਾ ਹੋਏ ਵਿਗਾੜਾਂ ਕਰਕੇ ਵਾਤਾਵਰਨ ਉੱਤੇ ਲਗਾਤਾਰ ਮਾੜੇ ਪ੍ਰਭਾਵ ਪੈ ਰਹੇ ਹਨ। ਵਾਤਾਵਰਨ ਵਿਚ ਪੈਦਾ ਹੋਈਆਂ ਖ਼ਰਾਬੀਆਂ ਅਤੇ ਭਾਰੀ ਪ੍ਰਦੂਸ਼ਣ ਕਾਰਨ ਆਲਮੀ ਤਪਸ਼ ਵਧ ਰਹੀ ਹੈ ਅਤੇ ਸਾਨੂੰ ਅਕਸਰ ਹੀ ਅੰਤਾਂ ਦੀ ਗਰਮੀ, ਅੰਤਾਂ ਦੀ ਸਰਦੀ, ਅੰਤਾਂ ਦੇ ਮੀਂਹ ਜਾਂ ਬੇਹੱਦ ਸੋਕੇ ਵਰਗੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਦਿਨਾਂ ਦੌਰਾਨ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿਚ ਬਹੁਤ ਜ਼ਿਆਦਾ ਬਾਰਸ਼ਾਂ ਅਤੇ ਪੰਜਾਬ ਵਿਚ ਵੀ ਭਾਰੀ ਮੀਂਹ ਤੇ ਭਿਆਨਕ ਹੜ੍ਹਾਂ ਕਾਰਨ ਹੋਈ ਤਬਾਹੀ ਸਭ ਦੇ ਸਾਹਮਣੇ ਹੈ। ਹਵਾ ਤੇ ਪਾਣੀ ਦਾ ਵਧ ਰਿਹਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਮਾਰੂ ਸਾਬਤ ਹੋ ਰਿਹਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਦੇ ਸਿੱਟੇ ਹੋਰ ਵੀ ਘਾਤਕ ਹੋਣਗੇ। ਇਸ ਲਈ ਵਾਤਾਵਰਨ ਦੀ ਸੰਭਾਲ ਕਰਨਾ, ਇਸ ਨੂੰ ਹੋਰ ਵਿਗਾੜ ਤੇ ਪ੍ਰਦੂਸ਼ਣ ਤੋਂ ਬਚਾਉਣਾ ਸਮੁੱਚੀ ਮਨੁੱਖਤਾ ਦੀ ਸਮੂਹਿਕ ਜ਼ਿੰਮੇਵਾਰੀ ਹੈ। ਨੌਜਵਾਨ ਲੇਖਕ ਵਾਤਾਵਰਨ ਦੀ ਸੰਭਾਲ ਦੀ ਲੋੜ, ਇਸ ਸਬੰਧੀ ਉਠਾਏ ਜਾ ਸਕਣ ਵਾਲੇ ਕਦਮਾਂ ਅਤੇ ਉਨ੍ਹਾਂ ਵਿਚ ਸਰਕਾਰਾਂ, ਸਮਾਜਿਕ ਤੇ ਜਨਤਕ ਜਥੇਬੰਦੀਆਂ, ਪ੍ਰਸ਼ਾਸਨ, ਸਿਆਸੀ ਤੇ ਸਥਾਨਕ ਆਗੂਆਂ ਅਤੇ ਆਮ ਮਨੁੱਖ ਦੀ ਭੂਮਿਕਾ ਆਦਿ ਬਾਰੇ ਆਪਣੇ ਵਿਚਾਰ ਸਾਨੂੰ ਭੇਜਣ। ਰਚਨਾ ਵੱਧ ਤੋਂ ਵੱਧ 200 ਸ਼ਬਦਾਂ ਦੀ ਅਤੇ ਕੰਪਿਊਟਰ ’ਤੇ ਟਾਈਪ ਕੀਤੀ ਹੋਵੇ। ਲਿਖਤਾਂ ਭੇਜਣ ਦਾ ਈਮੇਲ ਪਤਾ ਹੈ: ptarticles@tribunemail.com
‘ਭਗਤੀ ਲਹਿਰ ਚਿੰਤਨ ਪਰੰਪਰਾ’ ਵਿਸ਼ੇ ’ਤੇ ਚਰਚਾ ਵਿਚ ਨੌਜਵਾਨ ਲੇਖਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਉਨ੍ਹਾਂ ਭਗਤੀ ਲਹਿਰ ਵੱਲੋਂ ਦੇਸ਼-ਸਮਾਜ ਵਿਚ ਸਮਾਜਿਕ, ਧਾਰਮਿਕ ਅਤੇ ਅਧਿਆਤਮਕ ਤੌਰ ’ਤੇ ਪਾਏ ਪ੍ਰਭਾਵ ਅਤੇ ਇਸ ਲਹਿਰ ਦੇ ਇਤਿਹਾਸਕ ਮਹੱਤਵ ਬਾਰੇ ਪੜਿ੍ਹਆ, ਜਾਣਿਆ ਅਤੇ ਇਸ ਦੇ ਸੰਤਾਂ-ਭਗਤਾਂ ਵੱਲੋਂ ਸਮਾਜਿਕ ਤੇ ਧਾਰਮਿਕ ਕੁਰੀਤੀਆਂ, ਜਾਤਪਾਤ, ਛੂਤ-ਛਾਤ ਅਤੇ ਸਮਾਜਿਕ ਤੇ ਆਰਥਿਕ ਨਾਬਰਾਬਰੀ ਖ਼ਿਲਾਫ ਪਾਏ ਯੋਗਦਾਨ ਬਾਰੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਨੌਜਵਾਨ ਲੇਖਕਾਂ ਨੇ ਰਾਇ ਪ੍ਰਗਟਾਈ ਕਿ ਇਨ੍ਹਾਂ ਭਗਤ ਸਾਹਿਬਾਨ ਦੀਆਂ ਸਿੱਖਿਆਵਾਂ ਅੱਜ ਵੀ ਉਂਨੀਆਂ ਹੀ ਸਾਰਥਿਕ ਹਨ। ਇਸ ਚਰਚਾ ਦੌਰਾਨ ਜਨਿ੍ਹਾਂ ਨੌਜਵਾਨਾਂ ਦੀਆਂ ਲਿਖਤਾਂ ਵੱਧ ਮੌਲਿਕ ਤੇ ਮਿਆਰੀ ਰਹੀਆਂ, ਉਨ੍ਹਾਂ ਦੇ ਨਾਂ ਹਨ:
1. ਜਗਜੀਤ ਸਿੰਘ, ਪਿੰਡ ਖੇੜੀ ਗੁਰਨਾ, ਜ਼ਿਲ੍ਹਾ ਪਟਿਆਲਾ।
2. ਡਾ. ਸੋਨੂੰ ਅਬੋਹਰ, ਪਿੰਡ ਧਰਮਪੁਰਾ, ਜ਼ਿਲ੍ਹਾ ਫ਼ਾਜ਼ਿਲਕਾ।
3. ਗੁਰਮੀਤ ਸਿੰਘ ਰੌਣੀ, ਪਿੰਡ ਰੌਣੀ, ਜ਼ਿਲ੍ਹਾ ਲੁਧਿਆਣਾ।
ਇਨ੍ਹਾਂ ਨੂੰ ਪੁਸਤਕਾਂ ਇਨਾਮ ਵਜੋਂ ਭੇਜੀਆਂ ਜਾ ਰਹੀਆਂ ਹਨ।