ਨੌਜਵਾਨ ਸੋਚ: ਭਗਤੀ ਲਹਿਰ ਚਿੰਤਨ ਪਰੰਪਰਾ
ਭਗਤੀ ਲਹਿਰ ਦੇ ਸੰਤ ਤੇ ਆਮ ਲੋਕਾਂ ਦੀ ਭਾਸ਼ਾ
ਭਗਤੀ ਲਹਿਰ 7ਵੀਂ ਸਦੀ ਵਿੱਚ ਦੱਖਣੀ ਭਾਰਤ ਵਿਚ ਹਿੰਦੂ ਸਮਾਜ ਵਿੱਚ ਵਧ ਰਹੇ ਕਰਮ-ਕਾਂਡਾਂ ਤੇ ਅੰਧ ਵਿਸ਼ਵਾਸ਼ਾਂ ਵਿਰੁੱਧ ਸ਼ੁਰੂ ਹੋਈ| ਇਸ ਲਹਿਰ ਨੇ ਸਮਾਜਿਕ ਤੇ ਧਾਰਮਿਕ ਜੀਵਨ ਵਿੱਚ ਵੱਧ ਰਹੀਆਂ ਉਲਝਣਾਂ ਨੂੰ ਦੂਰ ਕਰਨ ਤੇ ਸਮਾਜ ਨੂੰ ਸਹਿਜ ਰੂਪ ਦੇਣ ਲਈ ਯਤਨ ਕੀਤਾ| ਉੱਤਰੀ ਭਾਰਤ ਵਿੱਚ ਸੰਤ ਰਾਮਾਨੰਦ ਨੇ 15ਵੀਂ ਸਦੀ ਵਿੱਚ ਭਗਤੀ ਲਹਿਰ ਦਾ ਮੁੱਢ ਬੰਨ੍ਹਿਆ। ਉੱਤਰੀ ਭਾਰਤ ਦੇ ਭਗਤ ਸੰਤ ਸੂਫ਼ੀ ਸੰਤਾਂ ਦੇ ਸੰਪਰਕ ਵਿੱਚ ਵੀ ਆਏ ਤੇ ਉਸ ਸੰਵਾਦ ਦੇ ਪ੍ਰਭਾਵ ਵੀ ਪਏ, ਮਿਸਾਲ ਵਜੋਂ ਇਕ ਪਰਮਾਤਮਾ ਨੂੰ ਮੰਨਣਾ ਤੇ ਮੂਰਤੀ ਪੂਜਾ ਨਾ ਕਰਨਾ। ਇਹ ਸੁਨੇਹਾ ਉਨ੍ਹਾਂ ਆਮ ਲੋਕਾਂ ਦੀ ਭਾਸ਼ਾ ਵਿੱਚ ਹੀ ਦਿੱਤਾ| ਇਸ ਤੋਂ ਪਹਿਲਾਂ ਸੰਸਕ੍ਰਿਤ ਨੂੰ ਹੀ ਪ੍ਰਮਾਤਮਾ ਦੀ ਭਾਸ਼ਾ ਸਮਝਿਆ ਜਾਂਦਾ ਸੀ, ਜੋ ਕਿ ਔਖੀ ਵੀ ਸੀ ਤੇ ਘੱਟ ਲੋਕ ਜਾਣਦੇ ਸਨ| ਧਾਰਮਿਕ ਤੇ ਸਮਾਜਿਕ ਰੀਤੀ ਰਿਵਾਜ ਕਰਨ ਵਾਸਤੇ ਲੋਕਾਂ ਨੂੰ ਬ੍ਰਾਹਮਣਾਂ ਦੀ ਲੋੜ ਪੈਂਦੀ ਸੀ| ਭਗਤੀ ਸੰਤਾਂ ਨੇ ਆਮ ਲੋਕਾਂ ਦੀਆਂ ਭਾਸ਼ਾਵਾਂ ਤੇ ਬੋਲੀਆਂ ਵਿੱਚ ਹੀ ਪ੍ਰਮਾਤਮਾ ਦੀ ਗੱਲ ਕੀਤੀ ਜੋ ਆਪਣੇ ਆਪ ਵਿੱਚ ਹੀ ਵਿਲੱਖਣ ਸੀ| ਗੁਰੂ ਨਾਨਕ ਦੇਵ ਵੀ ਇਸੇ ਪਰੰਪਰਾ ਦੇ ਹੀ ਮਹਾਨ ਗੁਰੂ ਹੋਏ, ਜਿਨ੍ਹਾਂ ਜੋ ਕੁਝ ਸਿੱਖਿਆਵਾਂ ਵਿੱਚ ਕਿਹਾ ਉਹੀ ਅਸਲ ਵਿੱਚ ਜੀਵਨ ਦੇ ਆਖਰੀ 20 ਸਾਲ ਕਰ ਕੇ ਵੀ ਦਿਖਾਇਆ। ਗੁਰੂ ਸਾਹਿਬ ਨੇ ਕਰਤਾਰਪੁਰ ਸਾਹਿਬ ਵਿਖੇ ਪਰਿਵਾਰ ਸਮੇਤ ਖੇਤੀ ਕੀਤੀ| ਸੰਤ ਕਬੀਰ ਜੀ ਨੇ ਸਮਾਜ ਦੇ ਆਰਥਿਕ ਢਾਂਚੇ ਵਿਰੁੱਧ ਗੱਲ ਕੀਤੀ| ਬਹੁਤੇ ਭਗਤੀ ਸੰਤ ਅਖੌਤੀ ਨੀਵੀਆਂ ਜਾਤਾਂ ਵਿਚੋਂ ਹੀ ਸੀ।
ਮਾਸਟਰ ਦਿਲਬਾਗ ਸਿੰਘ ਬਰਾੜ, ਪਿੰਡ ਹਰੀਕੇ ਕਲਾਂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
ਭਗਤੀ ਲਹਿਰ ਦਾ ਪ੍ਰਭਾਵ
ਭਗਤੀ ਲਹਿਰ ਦਾ ਆਰੰਭ ਅੱਠਵੀਂ ਸਦੀ ਈਸਵੀ ਵਿੱਚ ਦੱਖਣੀ ਭਾਰਤ ਵਿੱਚ ਹੋਇਆ। ਇਸ ਨੂੰ ਦੱਖਣੀ ਭਾਰਤ ਵਿੱਚ ਚਲਾਉਣ ਵਾਲੇ ਰਾਮਾਨੁਜ ਤੇ ਉੱਤਰੀ ਭਾਰਤ ਵਿੱਚ ਰਾਮਾਨੰਦ ਸਨ। ਇਸ ਵਿੱਚ ਰਚੀ ਗਈ ਬਾਣੀ ਨੇ ਸਮਾਜ ਵਿਚੋਂ ਨਫ਼ਰਤ ਤੇ ਭੇਦਭਾਵ ਨੂੰ ਖਤਮ ਕਰਕੇ ਭਗਤੀ ਤੇ ਸਾਂਝੀਵਾਲਤਾ ਕਾਇਮ ਕੀਤੀ। ਪੰਜਾਬੀ ਸਾਹਿਤ ਵਿੱਚ ਭਗਤ ਕਵੀਆਂ ਦੀਆਂ ਰਚਨਾਵਾਂ ਦਾ ਮਹੱਤਵਪੂਰਨ ਤੇ ਵਿਸ਼ੇਸ਼ ਸਥਾਨ ਹੈ। ਭਾਈ ਗੁਰਦਾਸ ਨੇ ਇਨ੍ਹਾਂ ਭਗਤਾਂ ਦਾ ਆਪਣੀਆਂ ਵਾਰਾਂ ਵਿੱਚ ਵਿਸ਼ੇਸ਼ ਜ਼ਿਕਰ ਕੀਤਾ ਹੈ। ਭਗਤੀ ਲਹਿਰ ਨੂੰ ਕਾਵਿ ਦੀਆਂ ਦੋ ਮੁੱਖ ਧਾਰਵਾਂ ਵਿੱਚ ਵੰਡਿਆ ਹੋਇਆ ਹੈ, ਸਰਗੁਣ ਧਾਰਾ ਤੇ ਨਿਰਗੁਣ ਧਾਰਾ। ਭਗਤ ਕਬੀਰ ਜੀ ਤੇ ਭਗਤ ਰਵਿਦਾਸ ਨਿਰਗੁਣ ਧਾਰਾ ਦੇ ਪ੍ਰਮੁੱਖ ਭਗਤ ਮੰਨੇ ਜਾਂਦੇ ਹਨ। ਸਰਗੁਣ ਧਾਰਾ ਦੇ ਸੰਤ ਸ੍ਰੀ ਰਾਮ ਅਤੇ ਕ੍ਰਿਸ਼ਨ ਦੀ ਭਗਤੀ ਕਰਦੇ ਸਨ। ਭਗਤਾਂ ਨੇ ਸਮੁੱਚੀ ਮਨੁੱਖਤਾ ਤੇ ਸਮੁੱਚੇ ਸੰਸਾਰ ਲਈ ਸਾਂਝੀ ਬਾਣੀ ਰਚੀ। ਭਗਤਾਂ ਨੇ ਦੇਵੀ -ਦੇਵਤਿਆਂ ਦੀ ਥਾਂ ਰੱਬ ਵਿੱਚ ਵਿਸ਼ਵਾਸ ਰੱਖਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਮਾਨਵੀ ਸਮਾਨਤਾ ਦਾ ਸੁਨੇਹਾ ਦੇ ਕੇ ਜਾਤ-ਪਾਤ, ਉੂਚ-ਨੀਚ, ਛੂਤਛਾਤ ਦੇ ਭਾਵ ਨੂੰ ਦੂਰ ਕੀਤਾ। ਭਗਤਾਂ ਨੇ ਲੋਕ ਬੋਲੀ ਵਿੱਚ ਬਾਣੀ ਰਚੀ ਤਾਂ ਕਿ ਸਾਧਾਰਨ ਮਨੁੱਖ ਨੂੰ ਸਮਝ ਆ ਜਾਵੇ। ਭਗਤੀ ਲਹਿਰ ਦਾ ਭਾਰਤ ਵਾਸੀਆਂ ’ਤੇ ਡੂੰਘਾ ਪ੍ਰਭਾਵ ਪਿਆ।
ਡਾ. ਕੁਲਦੀਪ ਕੌਰ, ਅਸਿਸਟੈਂਟ ਪ੍ਰੋਫੈਸਰ ਬਾਬਾ ਫ਼ਰੀਦ ਕਾਲਜ ਆਫ ਐਜੂਕੇਸ਼ਨ, ਬਠਿੰਡਾ।
ਭਗਤੀ ਲਹਿਰ ਦਾ ਯੋਗਦਾਨ
ਭਗਤੀ ਲਹਿਰ ਦਾ ਨਿਕਾਸ 7ਵੀਂ-8ਵੀਂ ਸਦੀ ਅੰਦਰ ਦੱਖਣੀ ਭਾਰਤ ਵਿਚ ਹੋਇਆ। ਇਹ ਲਹਿਰ ਸਮੇਂ ਦੀ ਲੋੜ ਅਨੁਸਾਰ ਉਠੀ ਜਿਸ ਨੂੰ ਉਸ ਸਮੇਂ ਦੇ ਸਮਾਜਿਕ ਅਤੇ ਰਾਜਨੀਤਿਕ ਹਾਲਾਤ ਨੇ ਬਹੁਤ ਪ੍ਰਭਾਵਿਤ ਕੀਤਾ। ਇਹ ਲਹਿਰ ਸ਼ਿਵ ਅਤੇ ਵੈਸ਼ਨਵ ਮਤ ਦੇ ਸਾਧੂਆਂ ਨੇ ਸ਼ੁਰੂ ਕੀਤੀ ਜੋ ਸਮਾਂ ਪਾ ਕੇ ਭਾਰਤ ਦੇ ਕਈ ਇਲਾਕਿਆਂ ਸਮੇਤ ਉੱਤਰੀ ਭਾਰਤ ਵਿੱਚ ਖਾਸ ਕਰਕੇ ਪੰਜਾਬ ਤੱਕ ਪੁੱਜੀ, ਜਿਥੇ ਇਸਦਾ ਸਿਖਰ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੋਇਆ। ਲਗਭਗ ਅੱਠ ਸੌ ਸਾਲ ਚੱਲੀ ਇਸ ਲਹਿਰ ਨੇ ਕਈ ਭਗਤਾਂ ਦੀ ਹੋਂਦ ਨੂੰ ਪ੍ਰਗਟ ਕੀਤਾ ਜਿਨ੍ਹਾਂ ਵਿੱਚੋਂ 15 ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਜੀ ਅੰਦਰ ਦਰਜ ਹੈ। ਇਹ ਉਹ ਭਗਤ ਸਨ ਜਿਨ੍ਹਾਂ ਸਮਾਜ ਨੂੰ ਪ੍ਰਮਾਤਮਾ ਦੇ ਅਸਲ ਸੱਚੇ ਮਾਰਗ ਨਾਲ ਜੋੜਿਆ ਅਤੇ ਸਾਂਝੀਵਾਲਤਾ ਦਾ ਉਪਦੇਸ਼ ਦ੍ਰਿੜ ਕਰਵਾਇਆ। ਭਗਤਾਂ ਨੇ ਕਿਸੇ ਇਕ ਭਾਸ਼ਾ ਨੂੰ ਤਰਜੀਹ ਨਾ ਦਿੰਦੇ ਹੋਏ ਲੋਕ ਭਾਸ਼ਾ ਦੀ ਵਧੇਰੇ ਵਰਤੋਂ ਕੀਤੀ ਜਿਸ ਨਾਲ ਆਮ ਲੋਕ ਉਨ੍ਹਾਂ ਦੀ ਵਿਚਾਰਧਾਰਾ ਸਮਝ ਸਕਣ। ਇਸ ਤਰ੍ਹਾਂ ਹੌਲੀ ਹੌਲੀ ਇਸ ਲਹਿਰ ਨੇ ਮਜ਼ਬ੍ਹਾਂ ਦੇ ਭੇਦ-ਭਾਵ ਨੂੰ ਖ਼ਤਮ ਕਰ ਦਿੱਤਾ ਜਿਸ ਨਾਲ ਸਿੱਖ, ਹਿੰਦੂ ਅਤੇ ਮੁਸਲਿਮ ਭਗਤ ਇਕ ਜੁੱਟ ਹੋ ਕੇ ਸਮਾਜਿਕ ਬੁਰਾਈਆਂ ਦੇ ਖਿਲਾਫ ਖੜ੍ਹੇ ਹੋ ਗਏ ਅਤੇ ਸਮਾਜਿਕ ਅਤੇ ਰਾਜਨੀਤਿਕ ਹਾਲਾਤਾਂ ਵਿਚ ਸੁਧਾਰ ਆਉਣਾ ਸ਼ੁਰੂ ਹੋ ਗਿਆ। ਜੇ ਅੱਜ ਦੇ ਹਲਾਤ ਦੀ ਗੱਲ ਕਰੀਏ ਤਾਂ ਇਹ ਵੀ ਪੁਰਾਤਨ ਹਲਾਤਾਂ ਨਾਲੋਂ ਕੋਈ ਵਧੇਰੇ ਚੰਗੇ ਨਹੀਂ ਹਨ। ਅੱਜ ਵੀ ਜਾਤ-ਪਾਤ, ਊਚ-ਨੀਚ ਅਤੇ ਅਮੀਰੀ-ਗਰੀਬੀ ਦੀ ਪਰਤ ਨੇ ਸਮਾਜ ਨੂੰ ਢੱਕ ਕੇ ਰੱਖਿਆ ਹੋਇਆ ਹੈ। ਸਾਨੂੰ ਚੰਗੇ ਸਮਾਜ ਦੀ ਸਿਰਜਣਾ ਲਈ ਆਪਣੇ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਹੈ।
ਗੁਰਭੇਜ ਸਿੰਘ, ਟੌਹੜਾ ਇੰਸਟੀਚਿਊਟ ਬਹਾਦਰਗੜ੍ਹ, ਪਟਿਆਲਾ। ਸੰਪਰਕ: 74139-28374