ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੌਜਵਾਨ ਸੋਚ: ਭਗਤੀ ਲਹਿਰ ਚਿੰਤਨ ਪਰੰਪਰਾ

07:09 AM Jul 20, 2023 IST

ਭਾਈਚਾਰਕ ਸਾਂਝ ਦੀ ਮਜ਼ਬੂਤੀ

ਵਿਦਵਾਨ ਬਿਰਤੀ ਦੇ ਲੋਕ ਸਮਾਜ ਵਿਚਲੀਆਂ ਕੁਰੀਤੀਆਂ ਬਾਰੇ ਅਕਸਰ ਚਿੰਤਨ ਕਰਦੇ ਰਹਿੰਦੇ ਹਨ। ਚਿੰਤਨ ਜੀਵਨ ਦੀਆਂ ਔਕੜਾਂ ਨੂੰ ਦੂਰ ਕਰਨ ਲਈ ਤਰਕੀਬਾਂ ਪੈਦਾ ਕਰਦਾ ਹੈ। ਭਗਤੀ ਲਹਿਰ ਵੀ ਚਿੰਤਨ ਦੀ ਹੀ ਦੇਣ ਸੀ। ਉਸ ਸਮੇਂ ਸਮਾਜ ਵਿੱਚ ਪੈਦਾ ਹੋਈ ਸਥਿਤੀ ਜਿਸ ਵਿੱਚ ਜਾਤੀਵਾਦ ਦਾ ਬੋਲਬਾਲਾ ਸੀ, ਨੂੰ ਦੂਰ ਕਰਨ ਲਈ ਉਸ ਸਮੇਂ ਦੇ ਵਿਦਵਾਨਾਂ ਜਨਿ੍ਹਾਂ ਨੂੰ ਕਿ ਭਗਤ ਕਿਹਾ ਗਿਆ ਨੇ ਭਗਤੀ ਲਹਿਰ ਸ਼ੁਰੂ ਕੀਤੀ ਜਿਸ ਦਾ ਮੰਤਵ ਮਨੁੱਖ ਨੂੰ ਗਿਆਨ ਦੀਆਂ ਪ੍ਰਪਤੀ ਕਰਵਾ ਕੇ ਉਸ ਦੇ ਅੰਦਰੋਂ ਵੈਰ, ਕ੍ਰੋਧ, ਅਤੇ ਊਚ-ਨੀਚ ਨੂੰ ਖਤਮ ਕਰਨਾ ਸੀ ਤਾਂ ਜੋ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਜਾ ਸਕੇ। ਭਗਤੀ ਲਹਿਰ ਬਹੁਤ ਹੱਦ ਤੱਕ ਆਪਣੇ ਮਕਸਦ ਵਿੱਚ ਕਾਮਯਾਬ ਰਹੀ। ਅਜੋਕੇ ਸਮਾਜ ਲਈ ਵੀ ਅਜਿਹੀ ਹੀ ਕੋਈ ਲਹਿਰ ਨੂੰ ਪੈਦਾ ਕਰਨ ਦੀ ਲੋੜ ਹੈ ਜਿਸ ਵਿੱਚ ਆਪਣੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਜਾ ਸਕੇ ਤਾਂ ਜੋ ਆਲੇ ਦੁਆਲੇ ਵਾਪਰ ਰਹੀਆਂ ਕੁਰੀਤੀਆਂ ਨੂੰ ਖਤਮ ਕੀਤਾ ਜਾ ਸਕੇ।
ਜੀਤ ਹਰਜੀਤ, ਪ੍ਰੀਤ ਨਗਰ ਹਰੇੜੀ ਰੋਡ, ਸੰਗਰੂਰ। ਸੰਪਰਕ: 98146-34446

Advertisement

ਭਗਤੀ ਲਹਿਰ ਦਾ ਉਦਭਵ

ਭਗਤੀ ਲਹਿਰ ਦੇ ਉਦਭਵ ਬਾਰੇ ਵੱਖ-ਵੱਖ ਮਤ ਪ੍ਰਚਲਿਤ ਹਨ। ਇਹ ਮਤ ਜ਼ਿਆਦਾ ਪ੍ਰਚਲਿਤ ਹੈ ਕਿ ਭਗਤੀ ਲਹਿਰ ਦਾ ਉਦਭਵ ਮੁਸਲਮਾਨਾਂ ਹਮਲਾਵਰਾਂ ਦੇ ਹਮਲਿਆਂ ਸਮੇਂ 8ਵੀਂ ਸਦੀ ਵਿੱਚ ਹਿੰਦੂ ਮਤ ਦੇ ਪ੍ਰਚਾਰ ਹਿੱਤ ਹੋਇਆ ਪਰ ਸਵਾਲ ਇਹ ਹੈ ਕਿ ਕੀ ਭਗਤੀ ਵਰਗੀ ਭਾਵਨਾ ਇਉਂ ਇਕਦਮ ਨਿਕਾਸ ਕਰ ਸਕਦੀ ਹੈ? ਦੂਜਾ ਇਸਲਾਮ ਦਾ ਜਨਮ ਸੱਤਵੀਂ ਸਦੀ ਵਿੱਚ ਹੋਇਆ ਜਦਕਿ ਸ਼੍ਰੀ ਆਇੰਗਰ ਦੱਖਣੀ ਭਾਰਤ ਵਿੱਚ ਦੂਜੀ ਸਦੀ ਵਿੱਚ ਹੀ ਅਲਵਾਰ ਸੰਤਾਂ ਦੀ ਹੋਂਦ ਮੰਨਦੇ ਹਨ। ਸਗੋਂ ਕੁਝ ਵਿਦਵਾਨ ਤਾਂ ਭਗਤੀ ਲਹਿਰ ਦੇ ਪਿਛੋਕੜ ਨੂੰ ਇਸ ਤੋਂ ਵੀ ਪਿੱਛੇ ਤੱਕ ਲੈ ਜਾਂਦੇ ਹਨ। ਰਾਮਧਾਰੀ ਸਿੰਘ ਦਨਿਕਰ ਦੇ ਮਤ ਅਨੁਸਾਰ ਮੋਹਿੰਜੋਦੜੋ ਦੀ ਖੁਦਾਈ ਵਿੱਚ ਮਿਲੀ ਮੂਰਤੀ ਤੋਂ ਸਿੰਧੂ ਘਾਟੀ ਦੀ ਮੂਰਤੀ ਪੂਜਾ ਤੇ ਭਗਤੀ ਭਾਵਨਾ ਦੇ ਸੰਕੇਤ ਮਿਲਦੇ ਹਨ। ਉਨ੍ਹਾਂ ਅਨੁਸਾਰ ਭਗਤੀ ਭਾਰਤ ਦਾ ਪ੍ਰਾਚੀਨ ਲੋਕ-ਧਰਮ ਸੀ ਅਤੇ ਆਰਿਆਂ ਤੋਂ ਪਹਿਲਾਂ ਹੀ ਉਹ ਇਸ ਦੇਸ਼ ਵਿੱਚ ਪ੍ਰਚਲਿਤ ਸੀ। ਅਲਵਾਰ ਵਿਸ਼ਣੂ ਭਗਤ ਸਨ ਜਦਕਿ ਨਾਇਨਾਰ ਸ਼ਿਵ ਦੇ ਉਪਾਸ਼ਕ ਸਨ। ਇਹ ਬੁੱਧ ਅਤੇ ਜੈਨ ਮਤ ਦੇ ਉਲਟ ਈਸ਼ਵਰ ਭਗਤੀ ਵਿੱਚ ਵਿਸ਼ਵਾਸ ਰੱਖਦੇ ਸਨ। ਇਨ੍ਹਾਂ ਅਲਵਾਰ ਅਤੇ ਨਾਇਨਾਰ ਭਗਤਾਂ ਦੀਆਂ ਮੂਰਤੀਆਂ ਦੱਖਣੀ ਭਾਰਤ ਦੇ ਮੰਦਰਾਂ ਵਿੱਚ ਮਿਲਦੀਆਂ ਹਨ। ਅਲਵਾਰ ਸੰਤਾਂ ਦੁਆਰਾ ਰਚਿਤ ਸਾਹਿਤ ਨਾਥਮੁਨੀ ਨੇ ‘ਪ੍ਰਬੰਧਮ’ ਨਾਂ ਦੇ ਗ੍ਰੰਥ ਵਿੱਚ ਚਾਰ ਭਾਗਾਂ ਵਿੱਚ ਸੰਕਲਿਤ ਕੀਤਾ ਅਤੇ ਨਾਇਨਾਰਾਂ ਦੇ ਨਾਂਬੀ-ਆਂਦਾਰ-ਨੰਬੀ ਨੇ ਸ਼ੈਵ ਗੀਤਾਂ ਅਤੇ ਪਦਾਂ ਨੂੰ ਗਿਆਰਾਂ ਜਿਲਦਾਂ ਵਿੱਚ ‘ਤਿਰੂਮਰਈ’ ਨਾਂ ਹੇਠ ਸੰਕਲਿਤ ਕੀਤਾ। ਦੱਖਣ ਵਿੱਚਲੀ ਸੰਤਾਂ ਦੀ ਇਸੇ ਭਗਤੀ ਪਰੰਪਰਾ ਨੂੰ ਵੈਸ਼ਨਵ ਆਚਾਰਿਆ ਨੇ ਉੱਤਰੀ ਭਾਰਤ ਵਿੱਚ ਪਹੁੰਚਾਇਆ ਪਰ ਉੱਤਰ ਵਿੱਚ ਪਹੁੰਚਣ ਤੋਂ ਪਹਿਲਾਂ ਰਾਮਾਨੁਜ ਨੇ ਵੇਦਾਂਤ ਸੂਤਰਾਂ ਦੀ ਈਸ਼ਵਰਵਾਦੀ ਵਿਆਖਿਆ ਕੀਤੀ ਅਤੇ ਬ੍ਰਹਮਾ ਦੀ ਥਾਂ ਲੋਕਾਂ ਦੀਆਂ ਪ੍ਰਾਰਥਨਾਵਾਂ ਸੁਣਨ ਵਾਲੇ ਈਸ਼ਵਰ ਦਾ ਰੂਪ ਸਥਾਪਿਤ ਕੀਤਾ। ‘ਵੇਦ’ ਸਾਹਿਤ ਅਤੇ ‘ਪ੍ਰਬੰਧਮ’ ਸਾਹਿਤ ਦੇ ਸਤੁੰਲਨ ਵਾਲੀ ਭਗਤੀ-ਲਹਿਰ ਦੋ ਭਾਗਾਂ ਵਿੱਚ ਵੰਡੀ ਗਈ ਅਤੇ ‘ਪ੍ਰਬੰਧਮ’ ਵਾਲੀ ਭਗਤੀ ਲਹਿਰ ਦੱਖਣ ਵਿੱਚ ਚੱਲੀ ਜਦਕਿ ਵੇਦ-ਮਾਰਗ ਵਾਲੀ ਸ੍ਰੀ-ਸੰਪਰਦਾਇ ਭਗਤੀ ਲਹਿਰ ਰਾਮਾਨੰਦ ਦੁਆਰਾ ਉੱਤਰੀ ਭਾਰਤ ਵਿੱਚ ਪਹੁੰਚੀ।
ਡਾ. ਸੋਨੂੰ ਅਬੋਹਰ, ਧਰਮ ਪੁਰਾ, ਫ਼ਾਜ਼ਿਲਕਾ।
ਸੰਪਰਕ: 91159-30504

ਸਮਾਜਕ ਬਰਾਬਰੀ ਦਾ ਸੰਕਲਪ

ਮੱਧਕਾਲੀ ਭਾਰਤੀ ਸਮਾਜ ਵਿਚਲੀਆਂ ਕੁਰੀਤੀਆਂ, ਜਾਤਪਾਤ, ਲੁੱਟ-ਖਸੁੱਟ, ਅਨੈਤਿਕ ਕਾਰਜਾਂ ਅਤੇ ਸਮਾਜ ਦੀ ਅਧੋਗਤੀ ਦੇ ਵਿਰੋਧ ਵਿੱਚ ਭਗਤੀ ਲਹਿਰ ਦਾ ਉਦੈ ਹੋਇਆ। ਭਗਤੀ ਮਾਰਗ ਇਨਕਲਾਬੀ ਲਹਿਰ ਸੀ, ਜਿਸ ਨੇ ਸਮੇਂ ਦੇ ਸ਼ਾਸਕਾਂ ਦੇ ਕੁਪ੍ਰਬੰਧ ਵਿਰੁੱਧ ਆਵਾਜ਼ ਉਠਾਈ ਤੇ ਨਾਲ ਹੀ ਸਮਾਜ ਦੀਆਂ ਕੁਰੀਤੀਆਂ ਬਾਰੇ ਭਾਵਪੂਰਤ ਢੰਗ ਨਾਲ ਆਪਣਾ ਮੱਤ ਪੇਸ਼ ਕੀਤਾ। ਭਗਤ ਬਾਣੀ ਸਮਾਜਕ ਬੁਰਾਈਆਂ ਦੀ ਨਿਖੇਧੀ ਕਰਨ ਦੇ ਨਾਲ ਆਤਮ ਚਿੰਤਨ ਕਰਨ ਉਪਰ ਵੀ ਬਲ ਦਿੰਦੀ। ਭਗਤੀ ਲਹਿਰ ਨੇ ਕਿਰਤ ਨੂੰ ਮਹੱਤਵ ਦਿੱਤਾ ਹੈ। ਸਾਫ਼ ਸੁਥਰਾ ਅਤੇ ਸੁਚੱਜਾ ਸਮਾਜ ਸਿਰਜਣ ਲਈ ਮਨੁੱਖ ਨੂੰ ਕਿਰਤ ਨਾਲ ਜੁੜਨਾ ਜ਼ਰੂਰੀ ਹੈ। ਭਗਤੀ ਮਾਰਗ ਦੇ ਮੁੱਖ ਸੰਕਲਪ ਵਿੱਚ ਕਰਮ ਮਾਰਗ, ਗਿਆਨ ਮਾਰਗ, ਯੋਗ ਮਾਰਗ ਗੁਰੂ ਅਤੇ ਨਾਮ ਸਾਧਨਾ ਨੂੰ ਮੰਨਿਆ ਜਾਂਦਾ ਹੈ। ਅਜਿਹੀ ਇਨਕਲਾਬੀ ਚੇਤਨਾ ਪ੍ਰਦਾਨ ਕਰਨ ਵਾਲੀ ਵਿਚਾਰਧਾਰਾ ਦੀ ਅਜੋਕੇ ਪ੍ਰਸੰਗ ਵਿੱਚ ਬਹੁਤ ਅਹਿਮੀਅਤ ਹੈ। ਅਜੋਕੀਆਂ ਸਮਾਜਕ ਵਿਸੰਗਤੀਆਂ ਦਾ ਮੁਕਾਬਲਾ ਕਰਨ ਲਈ ਭਗਤੀ ਲਹਿਰ ਇੱਕ ਆਦਰਸ਼ਕ ਸੋਚ ਹੈ। ਭਗਤ ਬਾਣੀ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ।
ਸੰਦੀਪ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਸੰਪਰਕ: 94789-13000
Advertisement

Advertisement
Tags :
ਚਿੰਤਨਨੌਜਵਾਨਪਰੰਪਰਾਭਗਤੀਲਹਿਰ