ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੌਜਵਾਨ ਸੋਚ: ਭਗਤੀ ਲਹਿਰ ਚਿੰਤਨ ਪਰੰਪਰਾ

06:49 AM Jul 06, 2023 IST

ਭਗਤੀ ਲਹਿਰ: ਇੱਕ ਅਜ਼ਾਦ ਸੋਚ

ਭਗਤੀ ਲਹਿਰ ਦਾ ਆਰੰਭ ਅੱਠਵੀਂ ਸਦੀ ਈਸਵੀ ਵਿੱਚ ਦੱਖਣੀ ਭਾਰਤ ਵਿੱਚ ਹੋਇਆ। ਇਸ ਦਾ ਕਾਰਨ ਇਹ ਸੀ ਕਿ ਉੱਤਰੀ ਭਾਰਤ ਵਿੱਚ ਬੜੀ ਤੇਜ਼ੀ ਨਾਲ ਰਾਜਨੀਤਕ ਬਦਲਾਅ ਆ ਰਹੇ ਸਨ। ਮਹਾਰਾਜਾ ਹਰਸ਼ ਦੀ ਹਕੂਮਤ ਖ਼ਤਮ ਹੋ ਚੁੱਕੀ ਸੀ ਅਤੇ ਦੇਸ਼ ਛੋਟੀਆਂ ਛੋਟੀਆਂ ਰਾਜਪੂਤ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ, ਜਿਨ੍ਹਾਂ ਵਿੱਚ ਮੱਤਭੇਦ ਚੱਲਦਾ ਰਹਿੰਦਾ ਸੀ। ਇਸ ਦੇ ਉਲਟ ਦੱਖਣੀ ਹਿੰਦ ਵਿੱਚ ਸ਼ਾਂਤੀ ਵਾਲਾ ਮਹੌਲ ਸੀ। ਹਿੰਦੂ ਮੱਤ ਇਸ ਦੌਰਾਨ ਬੁੱਧ ਮੱਤ ਅਤੇ ਜੈਨ ਮੱਤ ਨਾਲ ਟੱਕਰ ਲੈ ਰਿਹਾ ਸੀ। ਭਗਤੀ ਲਹਿਰ ਵੀ ਸਮੇਂ ਦੀ ਲੋੜ ਅਨੁਸਾਰ ਵਿਕਸਤ ਹੋਈ। ਇਸ ਦੇ ਆਰੰਭ ਦੌਰਾਨ ਭਾਈਚਾਰਕ ਹਾਲਤਾਂ ਦਾ ਬਹੁਤ ਹੱਥ ਸੀ। ਵਧੇਰੇ ਕਰ ਕੇ ਇਹ ਸਮਾਜਿਕ ਗ਼ੁਲਾਮੀ ਤੇ ਬ੍ਰਾਹਮਣਵਾਦ ਦੇ ਕੱਟੜ ਫ਼ਲਸਫੇ ਵਿਰੁੱਧ ਪ੍ਰਤੀਕਰਮ ਦਾ ਸਿੱਟਾ ਸੀ। ਪਰਮਾਤਮਾ ਵਿੱਚ ਪੂਰਨ ਵਿਸ਼ਵਾਸ ਰੱਖਣ ਵਾਲਾ ਹਿੰਦੂ ਮੱਤ, ਬੁੱਧ ਮੱਤ ਨੂੰ ਬਹੁਤ ਦੇਰ ਤੱਕ ਸਵੀਕਾਰ ਨਾ ਕਰ ਸਕਿਆ ਜਿਹੜਾ ਕਿ ਰੱਬ ਦੀ ਹੋਂਦ ਬਾਰੇ ਬਿਲਕੁਲ ਚੁੱਪ ਸੀ। ਅਤੇ ਬਹੁਤਾ ਜ਼ੋਰ ਕਰਮ ਸਿਧਾਂਤ ਨੂੰ ਦਿੰਦਾ ਸੀ। ਦੱਖਣੀ ਹਿੱਸੇ ਵਿੱਚ ਸ਼ੈਵ ਮੱਤ ਤੇ ਵੈਸ਼ਨਵ ਮੱਤ ਦੇ ਸਾਧੂਆਂ ਨੇ ਲੋਕਾਂ ਨੂੰ ਸ਼ਿਵ ਤੇ ਵਿਸ਼ਨੂੰ ਦੀ ਪੂਜਾ ਵੱਲ ਲਿਆਉਣ ਦਾ ਪੂਰਾ ਯਤਨ ਕੀਤਾ। ਸ਼ੈਵ ਤੇ ਵੈਸ਼ਨਵ ਮੱਤਾਂ ਵਿੱਚੋਂ ਹੀ ਭਗਤੀ ਲਹਿਰ ਦਾ ਜਨਮ ਹੋਇਆ, ਕਿਉਂ ਜੋ ਸਨਾਤਨੀ ਧਰਮ ਦੀ ਪੁਨਰ ਸੁਰਜੀਤੀ ਦੇ ਰਾਹ ਵਿੱਚ ਕਾਫ਼ੀ ਔਕੜਾਂ ਸਨ, ਇਸ ਲਈ ਭਗਤੀ ਮੱਤ ਵਿੱਚ ਬੁੱਧ ਮੱਤ ਦੀਆਂ ਸਾਰੀਆਂ ਸਿਫ਼ਤਾਂ ਸ਼ਾਮਿਲ ਹੋ ਗਈਆਂ ਅਤੇ ਇਸੇ ਤਰ੍ਹਾਂ ਸ਼ੈਵ ਅਤੇ ਵੈਸ਼ਨਵ ਮੱਤ ਦੇ ਚੰਗੇ ਪੱਖਾਂ ਨੂੰ ਅਪਣਾਇਆ ਗਿਆ। ਨਵੇਂ ਉੱਠੇ ਭਗਤਾਂ ਨੇ ਲੋਕਾਂ ਨੂੰ ਰੱਬ ਦੀ ਹੋਂਦ ਤੇ ਉਸ ਦੀ ਮਿਹਰ ਵਿੱਚੋਂ ਖੁਸ਼ੀ ਪ੍ਰਾਪਤ ਕਰਨ ਦੀ ਸਿੱਖਿਆ ਦਿੱਤੀ।
ਸੁਖਪ੍ਰੀਤ ਕੌਰ, ਅਸਿਸਟੈਂਟ ਪ੍ਰੋਫੈਸਰ (ਸਾਇੰਸ), ਬਾਬਾ ਫਰੀਦ ਕਾਲਜ ਆਫ ਐਜੂਕੇਸ਼ਨ ਦਿਉਣ, ਬਠਿੰਡਾ।

Advertisement

ਵਿਆਪਕ ਪ੍ਰਭਾਵ ਵਾਲੀ ਲਹਿਰ

ਭਗਤੀ ਲਹਿਰ ਦਾ ਪਹਿਲਾ ਪ੍ਰਭਾਵ 8ਵੀਂ ਸਦੀ ਈਸਵੀ ਵਿੱਚ ਦੱਖਣ ਭਾਰਤ ਵਿੱਚ ਦੇਖਣ ਨੂੰ ਮਿਲਿਆ ਤੇ ਫੇਰ ਉੱਤਰੀ ਭਾਰਤ ਵਿੱਚ ਫੈਲ ਗਿਆ। ਇਸ ਸਮੇਂ ਉੱਤਰੀ ਭਾਰਤ ਸਮਾਜਿਕ ਤੇ ਰਾਜਨੀਤਿਕ ਤਬਦੀਲੀ ਦੀ ਚੇਤਨਤਾ ਦਾ ਕੇਂਦਰ ਬਣਿਆ ਹੋਇਆ ਸੀ। ਇਸ ਸਮੇਂ ਦੇਸ਼ ਰਾਜਪੂਤ ਰਿਆਸਤਾਂ ਵਿਚ ਵੰਡਿਆ ਹੋਇਆ ਸੀ ਤੇ ਇਨ੍ਹਾਂ ਰਿਆਸਤਾਂ ਵਿਚ ਆਪਸੀ ਲੜਾਈ ਝਗੜੇ ਚੱਲਦੇ ਰਹਿੰਦੇ ਸਨ। ਧਾਰਮਿਕ ਪੱਖ ਤੋਂ ਇਸ ਸਮੇਂ ਬੁੱਧ ਧਰਮ ਤੇ ਜੈਨ ਧਰਮ ਦਾ ਪ੍ਰਚਾਰ ਜ਼ੋਰਾਂ ’ਤੇ ਸੀ। ਬੁੱਧ ਧਰਮ ਅਤੇ ਹਿੰਦੂ ਧਰਮ ਦਾ ਆਪਸੀ ਵਿਰੋਧ ਵਧ ਰਿਹਾ ਸੀ। ਪਰ ਬੁੱਧ ਧਰਮ ਦੀ ਅਹਿੰਸਾਵਾਦ ਦੀ ਨੀਤੀ ਇਸਲਾਮੀ ਕੱਟੜਤਾਵਾਦ ਸਾਹਮਣੇ ਬੌਣੀ ਸਾਬਤ ਹੋ ਰਹੀ ਸੀ। ਹਿੰਦੂ ਮੱਤ ਦੀਆਂ ਆਪਣੀਆਂ ਸਮੱਸਿਆਵਾਂ ਸਨ। ਹਿੰਦੂ ਮਤ ਵਿੱਚ ਬ੍ਰਹਮਣਵਾਦੀ ਸੋਚ ਦਾ ਪ੍ਰਭਾਵ ਵਧਣ ਕਾਰਨ ਲੋਕ ਦੁੱਖੀ ਸਨ। ਭਗਤੀ ਲਹਿਰ ਦੇ ਸੰਤਾਂ ਨੇ ਲੋਕਾਂ ਨੂੰ ਸ਼ਿਵ ਤੇ ਵਿਸ਼ਨੂੰ ਦੀ ਪੂਜਾ ਕਰਨ ਲਈ ਪ੍ਰੇਰਤ ਕੀਤਾ। ਸੰਤਾਂ ਨੇ ਲੋਕਾਂ ਨੂੰ ਰੱਬ ਦੀ ਹੋਂਦ ਵਿਚ ਵਿਸ਼ਵਾਸ ਕਰਨ ਅਤੇ ਉਸ ਦੀ ਪੂਜਾ ਕਰਨ ਦਾ ਸੰਦੇਸ਼ ਦਿੱਤਾ। ਇਥੋਂ ਹੀ ਭਗਤੀ ਲਹਿਰ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਭਗਤੀ ਲਹਿਰ ਦੇ ਸਮਕਾਲ ਜਾਂ ਥੋੜਾ ਸਮਾਂ ਬਾਅਦ ਹੀ ਸੂਫ਼ੀਵਾਦ, ਬੀਰ ਕਾਵਿ ਤੇ ਗੁਰੂ ਨਾਨਕ ਦੀ ਵਿਚਾਰਧਾਰਾ ਪਨਪ ਰਹੀ ਸੀ। ਭਗਤੀ ਲਹਿਰ, ਸੂਫੀ ਕਾਵਿ ਤੇ ਗੁਰਬਾਣੀ ਵਿੱਚ ਭਾਸ਼ਾ ਅਤੇ ਬੋਲੀ ਦਾ ਸੁਮੇਲ ਦੇਖਿਆ ਜਾ ਸਕਦਾ ਹੈ। ਇਨ੍ਹਾਂ ਨੇ ਇੱਕ-ਦੂਜੇ ਦੀ ਭਾਸ਼ਾ, ਸ਼ੈਲੀ ਤੇ ਸ਼ਬਦਾਂ ਨੂੰ ਖੁੱਲ੍ਹ ਕੇ ਵਰਤਿਆ।
ਕੁਲਵਿੰਦਰ ਸਿੰਘ ਦੂਹੇਵਾਲਾ, ਸ੍ਰੀ ਮੁਕਤਸਰ ਸਾਹਿਬ।
(ਇਹ ਵਿਚਾਰ ਚਰਚਾ ਅਗਲੇ ਅੰਕ ਵਿਚ ਜਾਰੀ ਰਹੇਗੀ)

Advertisement
Advertisement
Tags :
ਚਿੰਤਨਨੌਜਵਾਨਪਰੰਪਰਾਭਗਤੀਲਹਿਰ