ਨੌਜਵਾਨ ਸੋਚ : ਵਾਤਾਵਰਨ ਸੰਭਾਲ ’ਚ ਮਨੁੱਖੀ ਭੂਮਿਕਾ
ਮਿਲ ਕੇ ਵਾਤਾਵਰਨ ਸੰਭਾਲ ’ਚ ਯੋਗਦਾਨ ਪਾਈਏ
ਵਾਤਾਵਰਨ ਕੁਦਰਤ ਦਾ ਉਹ ਵਰਦਾਨ ਹੈ ਜੋ ਧਰਤੀ ਉੱਤੇ ਸਾਡੇ ਜੀਵਨ ਦਾ ਪਾਲਣ-ਪੋਸ਼ਣ ਕਰਦਾ ਹੈ। ਹਰ ਚੀਜ਼ ਜੋ ਅਸੀਂ ਆਪਣੇ ਜੀਵਨ ਵਿੱਚ ਮਹਿਸੂਸ ਕਰਦੇ ਹਾਂ, ਸਾਹ ਲੈਂਦੇ ਹਾਂ ਅਤੇ ਖਾਂਦੇ ਹਾਂ ਉਹ ਵਾਤਾਵਰਨ ਤੋਂ ਹੀ ਆਉਂਦੀ ਹੈ। ਮਨੁੱਖ ਨੇ ਕਰੋੜਾਂ ਸਾਲਾਂ ਵਿੱਚ ਉਪਜੇ ਸੰਤੁਲਤਿ ਵਾਤਾਵਰਨ ਨੂੰ ਪਿਛਲੇ ਕੁਝ ਸਾਲਾਂ ਵਿੱਚ ਹੀ ਬਰਬਾਦ ਕਰਕੇ ਰੱਖ ਦਿੱਤਾ ਹੈ। ਇਸ ਬਰਬਾਦੀ ਪਿੱਛੇ ਜਿੱਥੇ ਧਰਤੀ ਉੱਤੇ ਮਨੁੱਖਾਂ ਦੀ ਵਧਦੀ ਆਬਾਦੀ ਜ਼ਿੰਮੇਵਾਰ ਹੈ, ਉੱਥੇ ਅੰਨ੍ਹੇਵਾਹ ਵਿਕਾਸ, ਮਨੁੱਖ ਦੇ ਪੈਸਾ ਕਮਾਉਣ ਦੀ ਹਵਸ ਅਤੇ ਵਪਾਰਕ ਰੁਚੀਆਂ ਵੀ ਜ਼ਿੰਮੇਵਾਰ ਹਨ। ਅਜਿਹੀ ਸਥਤਿੀ ਵਿੱਚ ਵਾਤਾਵਰਨ ਦੀ ਸੰਭਾਲ ਲਈ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ ਨਹੀਂ ਤਾਂ ਧਰਤੀ ਉੱਤੋਂ ਮਨੁੱਖਾਂ ਸਮੇਤ ਜੀਵ-ਜਗਤ ਦਾ ਵਿਨਾਸ਼ ਹੋ ਜਾਵੇਗਾ। ਇਸ ਲਈ ਸਭ ਤੋਂ ਪਹਿਲਾਂ ਅਬਾਦੀ ਘਟਾਉਣ ਦੇ ਯਤਨ ਹੋਣੇ ਚਾਹੀਦੇ ਹਨ। ਰੁੱਖਾਂ ਦੀ ਕਟਾਈ ਬਿਲਕੁਲ ਬੰਦ ਹੋਣੀ ਚਾਹੀਦੀ ਹੈ। ਅਜਿਹੇ ਊਰਜਾ ਸਰੋਤਾਂ ਦੀ ਵਰਤੋਂ ਬਹੁਤ ਘੱਟ ਕਰ ਦੇਣੀ ਚਾਹੀਦੀ ਹੈ ਜਿਹੜੇ ਹਵਾ ਜਾਂ ਪਾਣੀ ਨੂੰ ਗੰਧਲਾ ਕਰਦੇ ਹਨ। ਰਸਾਇਣਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਥਾਂ ਆਰਗੈਨਿਕ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਆਓ ਅਸੀਂ ਆਪਣੇ ਇਸ ਅਨਮੋਲ ਖਜ਼ਾਨੇ ਰੂਪੀ ਵਾਤਾਵਰਨ ਦੀ ਸੰਭਾਲ ਲਈ ਆਪਣਾ ਯੋਗਦਾਨ ਪਾਈਏ।
ਅਮਰਜੋਤ, ਬਾਬਾ ਫਰੀਦ ਕਾਲਜ ਆਫ ਐਜੂਕੇਸ਼ਨ ਦਿਉਣ, ਬਠਿੰਡਾ। ਸੰਪਰਕ: amarjot7178@gmail.com
ਵਾਤਾਵਰਨ ਦੀ ਰਾਖੀ ਲਈ ਸਾਰੇ ਅੱਗੇ ਆਉਣ
ਵਾਤਾਵਰਨ ਸਾਡਾ ਸਭ ਦਾ ਘਰ ਹੈ ਜਿਸ ਵਿੱਚ ਅਸੀਂ ਰਹਿੰਦੇ ਹਾਂ| ਵਾਤਾਵਰਨ ਸਾਡੇ ਤੋਂ ਵੱਖਰਾ ਨਹੀਂ ਹੈ| ਵਾਤਾਵਰਨ ਵਿੱਚ ਹੋਣ ਵਾਲੀਆਂ ਤਬਦੀਲੀਆਂ ਦਾ ਸਾਡੇ ਸਭ ’ਤੇ ਅਸਰ ਪੈਂਦਾ ਹੈ| ਸਾਡੇ ਧਾਰਮਿਕ ਗ੍ਰੰਥ ਤਾਂ ਵਾਤਾਵਰਨ ਨੂੰ ਮਾਂ ਬਾਪ ਦਾ ਦਰਜਾ ਦਿੰਦੇ ਹਨ। ਅਜੋਕੇ ਯੁੱਗ ਵਿੱਚ ਮਨੁੱਖ ਵਾਤਾਵਰਨ ਨੂੰ ਖ਼ਰਾਬ ਕਰਨ ’ਤੇ ਤੁਲਿਆ ਹੋਇਆ ਹੈ, ਜਿਸ ਦੇ ਮਾਰੂ ਪ੍ਰਭਾਵ ਅਸੀਂ ਹਰ ਰੋਜ਼ ਦੇਖ ਰਹੇ ਹਾਂ, ਜਿਵੇਂ 2013 ਦੀ ਕੇਦਾਰਨਾਥ ਤ੍ਰਾਸਦੀ, 2022 ਦੀ ਯੂਰਪ ਦੀ ਗਰਮੀ ਦੀ ਲਹਿਰ ਜਿਸ ਵਿੱਚ 6000 ਲੋਕ ਮਾਰੇ ਗਏ, 2023 ਵਿੱਚ ਭਾਰਤ ਨਾਲ ਲਗਦੇ ਅਰਬ ਸਾਗਰ ਵਿੱਚ ਆਏ ਬਿਪ੍ਰਜੁਆਏ ਤੂਫ਼ਾਨ ਅਤੇ ਇਸੇ ਸਾਲ ਹਿਮਾਚਲ ਪ੍ਰਦੇਸ਼, ਉਤਰਾਖੰਡ ਵਿੱਚ ਬੇਹਿਸਾਬੀ ਵਰਖਾ ਸਭ ਵਾਤਾਵਰਨੀ ਗੜਬੜੀ ਦੀਆਂ ਮਿਸਾਲਾਂ ਹਨ| ਮਨੁੱਖ ਨੂੰ ਇਹ ਗੱਲ ਭੁੱਲ ਗਈ ਹੈ ਕਿ ਵਾਤਾਵਰਨ ਨਾਲ ਅਸੀਂ ਹਾਂ, ਵਾਤਾਵਰਨ ਸਾਡੇ ਕਰਕੇ ਨਹੀਂ| ਜੰਗਲਾਂ ਦੀ ਕਟਾਈ, ਫ਼ਸਲਾਂ ਵਿੱਚ ਕੀਟਨਾਸ਼ਕ ਅਤੇ ਰਸਾਇਣਕ ਖਾਦਾਂ ਦੀ ਲੋੜੋਂ ਵੱਧ ਵਰਤੋਂ, ਦਰਿਆਈ ਪਾਣੀਆਂ ਵਿੱਚ ਫੈਕਟਰੀਆਂ ਦਾ ਗੰਦਾ ਪਾਣੀ ਮਿਲਾਉਣਾ, ਪਹਾੜਾਂ ਦੀ ਅੰਨ੍ਹੇਵਾਹ ਕਟਾਈ ਅਤੇ ਹੋਰ ਅਨੇਕਾਂ ਕਾਰਨ ਇਸ ਲਈ ਜ਼ਿੰਮੇਵਾਰ ਹਨ| ਲੋੜ ਹੈ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਖ਼ਾਤਰ ਵਾਤਾਵਰਨ ਦੀ ਸੰਭਾਲ ਲਈ ਲਾਮਬੰਦ ਹੋਈਏ|
ਪਰਮਜੀਤ ਜੰਡਾਂਵਾਲਾ ਵਿੰਝੂਕਾ, ਬਠਿੰਡਾ।
ਸੰਪਰਕ: 97790-37788