ਨੌਜਵਾਨ ਸੋਚ: ਵਾਤਾਵਰਨ ਸੰਭਾਲ ’ਚ ਮਨੁੱਖੀ ਭੂਮਿਕਾ
ਤੰਦਰੁਸਤ ਸਮਾਜ ਲਈ ਸਵੱਛ ਵਾਤਾਵਰਨ ਜ਼ਰੂਰੀ
ਗੁਰਬਾਣੀ ਵਿੱਚ ਵਾਤਾਵਰਨ ਦੀ ਸੰਭਾਲ ਨੂੰ ਮਹੱਤਵ ਦਿੰਦੇ ਹੋਏ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਅਸੀਂ ਗੁਰਬਾਣੀ ਦੀਆਂ ਇਨ੍ਹਾਂ ਤੁਕਾਂ ’ਤੇ ਕਿੰਨਾ ਕੁ ਅਮਲ ਕਰਦੇ ਹਾਂ, ਇਹ ਕਿਸੇ ਤੋਂ ਲੁਕਿਆ-ਛੁਪਿਆ ਨਹੀਂ ਹੈ। ਮਨੁੱਖ ਵੱਲੋਂ ਕੁਦਰਤ ਨਾਲ ਕੀਤੀ ਜਾ ਰਹੀ ਖਿਲਵਾੜ ਸਭ ਦੇ ਸਾਹਮਣੇ ਹੈ। ਅੱਜ ਸਾਨੂੰ ਵਾਤਾਵਰਨ ਸੰਭਾਲਣ ਲਈ ਬੇਹੱਦ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਵਾਤਾਵਰਨ ਨਾਲ ਮਨੁੱਖ ਦੀ ਛੇੜਛਾੜ ਦੇ ਨਤੀਜੇ ਅਸੀਂ ਇਸ ਵਾਰ ਹੜ੍ਹਾਂ ਵੱਲੋਂ ਮਚਾਈ ਤਬਾਹੀ ਰਾਹੀਂ ਅੱਖੀਂ ਦੇਖ ਚੁੱਕੇ ਹਾਂ। ਸਰਕਾਰਾਂ ਨੂੰ ਚਾਹੀਦਾ ਹੈ ਕਿ ਕੋਈ ਐਸਾ ਕਾਨੂੰਨ ਪਾਸ ਕਰਨ ਕਿ ਰਿਹਾਇਸ਼ੀ ਖੇਤਰਾਂ, ਖੇਤਾਂ ਅਤੇ ਸੜਕਾਂ ਦੇ ਆਸੇ-ਪਾਸੇ ਵੱਧ ਤੋਂ ਵੱਧ ਰੁੱਖ ਲਗਾਏ ਜਾਣ। ਸਮਾਜਿਕ ਤੇ ਜਨਤਕ ਜੱਥੇਬੰਦੀਆਂ ਦਾ ਫਰਜ਼ ਹੈ ਕਿ ਜੋ ਵੀ ਇਨਸਾਨ ਖੇਤ ‘ਚ ਅੱਗ ਲਗਾਉਣ ਸਮੇਂ ਰੁੱਖਾਂ ਨੂੰ ਸਾੜਦਾ ਹੈ ਉਹ ਪ੍ਰਸ਼ਾਸਨ ਦੇ ਧਿਆਨ ਹੇਠ ਲਿਆਉਣ ਤੇ ਉਸ ਜ਼ੁਲਮੀ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ। ਜੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੰਦਰੁਸਤ ਦੇਖਣਾ ਹੈ ਤਾਂ ਉਨ੍ਹਾਂ ਲਈ ਅੱਜ ਸਾਨੂੰ ਤੰਦਰੁਸਤ ਵਾਤਾਵਰਨ ਬੀਜਣਾ ਪਵੇਗਾ, ਨਾ ਕਿ ਸੁੱਕਿਆ ਸੜਿਆ। ਕੁਦਰਤ ਦੇ ਮੁਤਾਬਕ ਚੱਲਣਾ ਪਵੇਗਾ ਇਸ ਦੇ ਉਲਟ ਹੋ ਕੇ ਸਾਨੂੰ ਆਉਣ ਵਾਲੇ ਸਮੇਂ ‘ਚ ਹੋਰ ਵੀ ਭਿਆਨਕ ਨਤੀਜੇ ਭੁਗਤਣੇ ਪੈਣਗੇ। ਮਨੁੱਖਤਾ ਦੀ ਹੋਂਦ ਕੁਦਰਤ ’ਤੇ ਹੀ ਨਿਰਭਰ ਹੈ। ਕੁਦਰਤ ਨੂੰ ਬਚਾਉਣ ਲਈ ਇਕ ਵਿਅਕਤੀ ਹੀ ਨਹੀਂ ਬਲਕਿ ਸਭ ਨੂੰ ਵਾਤਾਵਰਨ ਸੰਭਾਲਣ ਲਈ ਯੋਗਦਾਨ ਪਾਉਣਾ ਪਵੇਗਾ।
ਗੁਰਪ੍ਰੀਤ ਮਾਨ ਮੌੜ, ਫ਼ਰੀਦਕੋਟ। ਸੰਪਰਕ: 98761-98000
ਵਿਕਾਸ ਦੇ ਨਾਂ ’ਤੇ ਰੁੱਖ ਵੱਢਣੇ ਬੰਦ ਹੋਣ
ਮਨੁੱਖ ਨੇ ਕਰੋੜਾਂ ਸਾਲਾਂ ਵਿਚ ਉਪਜੇ ਸੰਤੁਲਿਤ ਵਾਤਾਵਰਨ ਨੂੰ ਪਿਛਲੇ ਸਾਲਾਂ ਵਿਚ ਬਰਬਾਦ ਕਰਕੇ ਰੱਖ ਦਿੱਤਾ ਹੈ। ਕਈ ਤਰ੍ਹਾਂ ਦੇ ਜ਼ਹਿਰੀਲੇ ਕਣਾਂ, ਜ਼ਹਿਰੀਲੀਆਂ ਗੈਸਾਂ, ਫੈਕਟਰੀਆਂ ਅਤੇ ਡੀਜ਼ਲ/ ਪੈਟਰੋਲ ਨਾਲ ਚੱਲਣ ਵਾਲੇ ਵਾਹਨਾਂ ਦੇ ਧੂੰਏ, ਪਰਮਾਣੂ ਤਜਰਬਿਆਂ ਤੇ ਬਿਜਲੀ ਉਪਕਰਨਾਂ ਵਿੱਚੋਂ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ ਨੇ ਹਵਾ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ। ਸਨਅਤੀ ਇਕਾਈਆਂ ਵਿੱਚੋਂ ਨਿਕਲਦਾ ਜ਼ਹਿਰੀਲਾ ਪਾਣੀ ਅਤੇ ਸੀਵਰੇਜ ਦਾ ਗੰਦਮੰਦ ਨਹਿਰਾਂ ਅਤੇ ਨਦੀਆਂ ਵਿੱਚ ਸੁੱਟਿਆ ਜਾਂਦਾ ਹੈ ਜਿਸ ਕਾਰਨ ਇਹ ਪਾਣੀ ਫ਼ਸਲਾਂ ਅਤੇ ਪਸ਼ੂਆਂ ਲਈ ਮਾਰੂ ਸਾਬਤ ਹੁੰਦਾ ਹੈ। ਖੇਤੀ ਲਈ ਵਰਤੀਆਂ ਜਾਂਦੀਆਂ ਖਾਦਾਂ ਅਤੇ ਫ਼ਸਲਾਂ ’ਤੇ ਛਿੜਕਣ ਵਾਲੀਆਂ ਜ਼ਹਿਰੀਲੀਆਂ ਕੀੜੇਮਾਰ ਦਵਾਈਆਂ ਦਾ ਅਸਰ ਨਾ ਕੇਵਲ ਵਾਤਾਵਰਨ ‘ਤੇ ਹੀ ਹੋ ਰਿਹਾ ਹੈ ਸਗੋਂ ਧਰਤੀ ਉੱਪਰਲੇ ਤੇ ਹੇਠਲੇ ਪਾਣੀ ਉਤੇ ਵੀ ਹੁੰਦਾ ਹੈ। ਜ਼ਰੂਰੀ ਹੈ ਕਿ ਵਿਕਾਸ ਦੇ ਨਾਂ ਰੁੱਖ ਨਾ ਵੱਢੇ ਜਾਣ, ਸਗੋਂ ਵੱਧ ਤੋਂ ਵੱਧ ਨਵੇਂ ਰੁੱਖ ਲਾਏ ਜਾਣ। ਅਬਾਦੀ ਵਿੱਚ ਲਗਾਤਾਰ ਹੋ ਰਹੇ ਵਾਧੇ ’ਤੇ ਰੋਕ ਲਾਉਣੀ ਹੋਰ ਵੀ ਜ਼ਰੂਰੀ ਹੈ। ਹਵਾ ਤੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੇ ਊਰਜਾ-ਸਾਧਨਾਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਣੀ ਚਾਹੀਦੀ ਹੈ। ਸੂਰਜੀ ਊਰਜਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਰਸਾਇਣਕ ਖਾਦਾਂ ਅਤੇ ਕੀੜੇਮਾਰਾਂ ਦੀ ਥਾਂ ਆਰਗੈਨਿਕ ਖਾਦਾਂ ਅਤੇ ਕੀੜੇਮਾਰਾਂ ਦੀ ਵਰਤੋਂ ਹੋਣੀ ਚਾਹੀਦੀ ਹੈ। ਸਾਨੂੰ ਵਿਅਕਤੀਗਤ ਤੌਰ ’ਤੇ ਵੀ ਚਾਹੀਦਾ ਹੈ ਕਿ ਅਸੀਂ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਵਿੱਚ ਯੋਗਦਾਨ ਪਾਈਏ।
ਸ਼ਾਕਸੀ ਸ਼ਰਮਾ, ਬਾਬਾ ਫਰੀਦ ਆਫ ਐਜੂਕੇਸ਼ਨ, ਦਿਉਣ, ਜ਼ਿਲ੍ਹਾ ਬਠਿੰਡਾ।
ਵਾਤਾਵਰਨ ਦੀ ਰਾਖੀ ਸਭ ਦੀ ਨੈਤਿਕ ਜ਼ਿੰਮੇਵਾਰੀ
ਪੈਸੇ ਦੇ ਲਾਲਾ ਵਿਚ ਮਨੁੱਖ ਲਗਾਤਾਰ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ। ਇਸ ਦਖਲਅੰਦਾਜ਼ੀ ਖ਼ਿਲਾਫ਼ ਕੁਦਰਤ ਵਾਰ-ਵਾਰ ਮਨੁੱਖ ਨੂੰ ਖ਼ਬਰਦਾਰ ਕਰ ਰਹੀ ਹੈ, ਪਰ ਇਨਸਾਨ ਇਸ ਨੂੰ ਸਮਝ ਨਹੀਂ ਰਿਹਾ। ਕਣਕ/ਝੋਨੇ ਦੀ ਵਾਢੀ ਸ਼ੁਰੂ ਹੁੰਦਿਆਂ ਹੀ ਪਰਾਲੀ/ਨਾੜ ਸਾੜਨਾ ਵੀ ਸ਼ੁਰੂ ਹੋ ਜਾਂਦਾ ਹੈ। ਕੋਈ ਸਮਾਂ ਸੀ ਕਿਸਾਨ ਦਾਤੀ ਨਾਲ ਵਾਢੀ ਕਰਦੇ ਸਨ। ਅੱਜ ਕੱਲ੍ਹ ਮਸ਼ੀਨਾਂ (ਕੰਬਾਈਨਾਂ) ਰਾਹੀਂ ਕਣਕ/ਝੋਨੇ ਦੀ ਕਟਾਈ ਕੀਤੀ ਜਾਂਦੀ ਹੈ। ਹਰ ਸਾਲ ਕਿਸਾਨਾਂ ਨੂੰ ਪਰਾਲੀ/ਨਾੜ ਨਾ ਸਾੜਨ ਲਈ ਪ੍ਰੇਰਿਆ ਜਾਂਦਾ ਹੈ। ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ। ਖੇਤਾਂ ਵਿੱਚ ਪਰਾਲੀ ਸਾੜਨ ਨਾਲ ਉੱਠਦੇ ਧੂੰਏਂ ਕਾਰਨ ਸੜਕ ਹਾਦਸੇ ਵਾਪਰਦੇ ਹਨ। ਹਰੇ ਭਰੇ ਦਰੱਖਤ ਸੜ ਜਾਂਦੇ ਹਨ, ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ। ਇਸ ਸਬੰਧੀ ਸਰਕਾਰਾਂ ਵੱਲੋਂ ਕਿਸਾਨਾਂ ਦੀ ਮਦਦ ਕਰਨ ਦੇ ਕੀਤੇ ਐਲਾਨ ਵੀ ਫੋਕੇ ਹੀ ਸਾਬਤ ਹੋਏ ਹਨ। ਚੰਗਾ ਹੋਵੇ ਜੇ ਸਰਕਾਰਾਂ ਰਾਹੀਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ, ਤਾਂ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ। ਇਸੇ ਤਰ੍ਹਾਂ ਫ਼ੈਕਟਰੀਆਂ ਦੀ ਰਹਿੰਦ-ਖੂਹਿੰਦ ਨੂੰ ਨਦੀਆਂ-ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਹੈ। ਫੈਕਟਰੀਆਂ ਦੀਆਂ ਚਿਮਨੀਆਂ ਵਿੱਚੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਵੀ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ। ਜ਼ਰੂਰੀ ਹੈ ਕਿ ਅਸੀਂ ਇਸ ਪਾਸੇ ਹੁਣੇ ਧਿਆਨ ਦੇਈਏ, ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ।
ਸੰਜੀਵ ਸਿੰਘ ਸੈਣੀ, ਮੁਹਾਲੀ। ਸੰਪਰਕ: 78889-66168