ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੌਜਵਾਨ ਸੋਚ: ਵਾਤਾਵਰਨ ਸੰਭਾਲ ’ਚ ਮਨੁੱਖੀ ਭੂਮਿਕਾ

07:42 AM Nov 16, 2023 IST

ਲੋਕ, ਸਰਕਾਰਾਂ, ਸੰਸਥਾਵਾਂ ਮਿਲ ਕੇ ਹੰਭਲਾ ਮਾਰਨ

ਵਾਤਾਵਰਨ ਦੀ ਸੰਭਾਲ ਸੱਚਮੁੱਚ ਅੱਜ ਮਨੁੱਖਤਾ ਸਾਹਮਣੇ ਨਾਜ਼ੁਕ ਮੁੱਦਾ ਹੈ। ਜ਼ਰੂਰੀ ਹੈ ਕਿ ਅਸੀਂ ਇਨ੍ਹਾਂ ਚੁਣੌਤੀਆਂ ਦੇ ਟਾਕਰੇ ਲਈ ਆਪਣੀ ਭੂਮਿਕਾ ਪਛਾਣੀਏ ਅਤੇ ਮੌਜੂਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਦੀ ਰੱਖਿਆ ਵਾਸਤੇ ਕਦਮ ਚੁੱਕੀਏ। ਨੌਜਵਾਨ ਲੇਖਕ ਲਿਖਤਾਂ, ਬਲੌਗਾਂ ਅਤੇ ਸੋਸ਼ਲ ਮੀਡੀਆ ਰਾਹੀਂ ਜਾਗਰੂਕਤਾ ਪੈਦਾ ਕਰਕੇ ਅਹਿਮ ਭੂਮਿਕਾ ਨਿਭਾ ਸਕਦੇ ਹਨ। ਸਰਕਾਰਾਂ ਨੂੰ ਅਜਿਹੀਆਂ ਨੀਤੀਆਂ ਅਤੇ ਨਿਯਮ ਲਾਗੂ ਕਰਨੇ ਚਾਹੀਦੇ ਹਨ ਜੋ ਪ੍ਰਦੂਸ਼ਣ ਘਟਾਉਣ ਅਤੇ ਕੁਦਰਤੀ ਸਰੋਤਾਂ ਦੀ ਰਾਖੀ ਕਰਨ। ਉਹ ਨਵਿਆਉਣਯੋਗ ਊਰਜਾ ਵਿੱਚ ਨਿਵੇਸ਼ ਤੇ ਵਾਤਾਵਰਨ-ਪੱਖੀ ਆਵਾਜਾਈ ਬਦਲਾਂ ਨੂੰ ਉਤਸ਼ਾਹਿਤ ਕਰ ਸਕਦੀਆਂ ਹਨ। ਐਨਜੀਓਜ਼ ਸਫਾਈ ਮੁਹਿੰਮਾਂ ਚਲਾ ਸਕਦੀਆਂ ਹਨ। ਸਥਾਨਕ ਅਤੇ ਰਾਸ਼ਟਰੀ ਪ੍ਰਸ਼ਾਸਨ ਨੂੰ ਵਾਤਾਵਰਨ ਸਬੰਧੀ ਕਾਨੂੰਨ ਤੇ ਨਿਯਮ ਸਖਤੀ ਨਾਲ ਲਾਗੂ ਕਰਨੇ ਚਾਹੀਦੇ ਹਨ। ਰਾਜਨੀਤਿਕ ਆਗੂ ਵਾਤਾਵਰਨ-ਅਨੁਕੂਲ ਨੀਤੀਆਂ ਅਪਣਾ ਕੇ ਮਿਸਾਲ ਕਾਇਮ ਕਰ ਸਕਦੇ ਹਨ। ਸਥਾਨਕ ਆਗੂ ਜ਼ਮੀਨੀ ਪੱਧਰ ‘ਤੇ ਸੰਭਾਲ ਦੇ ਯਤਨਾਂ ਵਿੱਚ ਭੂਮਿਕਾ ਨਿਭਾ ਸਕਦੇ ਹਨ। ਆਮ ਵਿਅਕਤੀ ਊਰਜਾ ਬਚਾਉਣ, ਰਹਿੰਦ-ਖੂੰਹਦ ਘਟਾਉਣ, ਜਨਤਕ ਆਵਾਜਾਈ ਦੀ ਵਰਤੋਂ ਤੇ ਟਿਕਾਊ ਉਤਪਾਦਾਂ ਦੇ ਸਮਰਥਨ ਆਦਿ ਰਾਹੀਂ ਕਾਰਬਨ ਨਿਕਾਸੀ ਘਟਾ ਸਕਦਾ ਹੈ।
ਹਰਪ੍ਰੀਤ ਸਿੰਘ, ਬੂਟਾ ਸਿੰਘ ਵਾਲਾ, ਮੁਹਾਲੀ।
ਸੰਪਰਕ: 98145-21972

Advertisement


ਦਿਨੋ-ਦਿਨ ਵਾਤਾਵਰਨ ਦਾ ਬਦਲ ਰਿਹਾ ਸਰੂਪ

ਆਧੁਨਿਕ ਯੁੱਗ ਵਿੱਚ ਮਨੁੱਖ ਨੇ ਉੱਨਤ ਤਕਨੀਕੀ ਪੱਧਰਾਂ ਨੂੰ ਪ੍ਰਾਪਤ ਕੀਤਾ ਹੈ, ਪਰ ਇਸ ਤਕਨਾਲੋਜੀ ਦੇ ਗੰਭੀਰ ਨਤੀਜੇ ਵੀ ਸਾਰੀ ਦੁਨੀਆਂ ਨੂੰ ਭੁਗਤਣੇ ਪੈ ਰਹੇ ਹਨ। ਵਾਤਾਵਰਨ ਪ੍ਰਦੂਸ਼ਣ ਇਕ ਵਿਆਪਕ ਸਮੱਸਿਆ ਬਣ ਚੁੱਕੀ ਹੈ, ਜੋ ਮੌਸਮ ਵਿਚ ਤਬਦੀਲੀ ਵਰਗੇ ਗੰਭੀਰ ਸਿੱਟਿਆਂ ਦਾ ਕਾਰਨ ਹੈ। ਇਹ ਇੱਕ ਗੰਭੀਰ ਵਿਸ਼ਾ ਹੈ ਜਿਸ ਦੀ ਸਾਨੂੰ ਸਭ ਤੋਂ ਵੱਧ ਚਿੰਤਾ ਕਰਨੀ ਚਾਹੀਦੀ ਹੈ। ਵਾਤਾਵਰਨ ਦੀ ਸੰਭਾਲ ਕਰਨਾ ਮਨੁੱਖ ਦਾ ਮੁੱਢਲਾ ਫ਼ਰਜ਼ ਹੈ। ਮਨੁੱਖ ਦੀ ਭੂਮਿਕਾ ਚੌਗਿਰਦੇ ਨੂੰ ਸ਼ੁੱਧ ਬਣਾਉਣ ਵਿੱਚ ਬਹੁਤ ਵੱਡਾ ਬਦਲਾਅ ਲਿਆ ਸਕਦੀ ਹੈ। ਪਰ ਇਹ ਤਾਂ ਹੀ ਸੰਭਵ ਹੋਵੇਗਾ, ਜਦੋਂ ਮਨੁੱਖ ਇਸ ਦੀ ਅਹਿਮੀਅਤ ਸਮਝਣ ਵਿੱਚ ਸਫਲ ਹੋਵੇਗਾ। ਜੇ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਲੰਬੇ ਸਮੇਂ ਤੱਕ ਜਿਉਂਦਾ ਰੱਖਣ ਦੀ ਮਨਸ਼ਾ ਰੱਖਦੇ ਹਾਂ ਤਾਂ ਸਾਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਨ ਨੂੰ ਬਚਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਵਾਤਾਵਰਨ ਉੱਤੇ ਕਾਰਖਾਨਿਆਂ ਤੇ ਹੋਰ ਜ਼ਹਿਰੀਲੇ ਪਦਾਰਥਾਂ ਦਾ ਪੈ ਰਹੇ ਮਾੜੇ ਪ੍ਰਭਾਵ ਨੂੰ ਰੋਕਣ ਲਈ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਮਨੁੱਖ ਦੇ ਯਤਨਾਂ ਸਦਕਾ ਹੀ ਲਗਾਤਾਰ ਗੰਧਲੇ ਹੋ ਰਹੇ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ।
ਮਨਪ੍ਰੀਤ ਸਿੰਘ ਗਿੱਲ, ਲਾਇਬਰੇਰੀ ਵਿਭਾਗ,
ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਟਸ,
ਦਿਉਣ, ਬਠਿੰਡਾ।
(ਇਹ ਵਿਚਾਰ ਚਰਚਾ ਅਗਲੇ ਅੰਕ ਵਿਚ ਜਾਰੀ ਰਹੇਗੀ)

Advertisement
Advertisement