ਨੌਜਵਾਨ ਸੋਚ: ਵਾਤਾਵਰਨ ਸੰਭਾਲ ’ਚ ਮਨੁੱਖੀ ਭੂਮਿਕਾ
ਮਨੁੱਖ ਦੇ ਵਿਕਾਸ ਲਈ ਵਾਤਾਵਰਨ ਦੀ ਸੰਭਾਲ ਜ਼ਰੂਰੀ
ਅੱਜ-ਕੱਲ੍ਹ ਸਾਡਾ ਵਾਤਾਵਰਨ ਬਹੁਤ ਨਿਘਾਰ ਦਾ ਸ਼ਿਕਾਰ ਹੋ ਰਿਹਾ ਹੈ ਤੇ ਪ੍ਰਦੂਸ਼ਣ ਕਰਕੇ ਅਨੇਕਾਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਵਾਤਾਵਰਨ ਦੀ ਸੰਭਾਲ ਬਾਰੇ ਅਸੀਂ ਬਹੁਤ ਸੁਣਦੇ ਅਤੇ ਪੜ੍ਹਦੇ ਹਾਂ, ਪਰ ਇਸ ਦੀ ਅਸਲ ਲੋੜ ਤੇ ਮਹੱਤਵ ਨੂੰ ਨਹੀਂ ਸਮਝ ਸਕੇ। ਮਨੁੱਖ ਆਪਣੇ ਸੁੱਖਾਂ ਲਈ ਸਾਫ਼ ਵਾਤਾਵਰਨ ਨੂੰ ਦੂਸ਼ਿਤ ਕਰ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਖ਼ਤਰਾ ਪੈਦਾ ਕਰ ਰਿਹਾ ਹੈ। ਇਸ ਕਾਰਨ ਸਾਡੀ ਧਰਤੀ ਦੇ ਜ਼ਰੂਰੀ ਤੱਤ ਦਿਨੋ ਦਿਨ ਨਸ਼ਟ ਹੋ ਰਹੇ ਹਨ, ਜਿਸ ਦਾ ਮੁੱਖ ਕਾਰਨ ਰੁੱਖਾਂ ਦੀ ਵਧ ਰਹੀ ਕਟਾਈ, ਫੈਕਟਰੀਆਂ ਦਾ ਧੂੰਆਂ ਅਤੇ ਪਾਣੀ ਦੀ ਬਰਬਾਦੀ ਆਦਿ ਹਨ। ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਵਾਤਾਵਰਨ ਨੂੰ ਬਚਾਉਣ ਲਈ ਹੰਭਲਾ ਮਾਰੀਏ। ਜਦੋਂ ਤੱਕ ਸਾਡਾ ਵਾਤਾਵਰਨ ਸਾਫ਼ ਤੇ ਸਵੱਛ ਰਹੇਗਾ, ਤਦ ਤੱਕ ਸਾਡਾ ਜੀਵਨ ਵੀ ਸੁਰੱਖਿਅਤ ਰਹੇਗਾ।
ਸੁਖਰੀਤ ਕੌਰ ਗਿੱਲ, ਬਾਬਾ ਫਰੀਦ ਸੀਨੀਅਰ ਸੈਕੰਡਰੀ ਸਕੂਲ, ਛੱਤੇਆਣਾ, ਮੁਕਤਸਰ।
ਹਰ ਮਨੁੱਖ ਜ਼ਿੰਮੇਵਾਰੀ ਸਮਝੇ
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਗੁਰਬਾਣੀ ਦੇ ਇਸ ਫੁਰਮਾਨ ਵਿਚ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ਸਾਡੀਆਂ ਨਦੀਆਂ ਤੇ ਦਰਿਆਵਾਂ ਵਿੱਚ ਲਗਾਤਾਰ ਫੈਕਟਰੀਆਂ ਤੇ ਕਾਰਖਾਨਿਆਂ ਦਾ ਜ਼ਹਿਰੀਲਾ ਤੇ ਗੰਦਾ ਪਾਣੀ ਸੁੱਟਿਆ ਜਾ ਰਿਹਾ। ਇਸ ਕਾਰਨ ਧਰਤੀ ਹੇਠਲਾ ਪਾਣੀ ਵੀ ਗੰਧਲਾ ਹੋ ਚੁਕਿਆ ਹੈ। ਸ਼ੁੱਧ ਪਾਣੀ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਨਾ ਹੋਣ ਕਾਰਨ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ‘ਤੇ ਪ੍ਰਸ਼ਨ ਚਿੰਨ੍ਹ ਲਗ ਗਿਆ ਹੈ। ਜ਼ਰੂਰੀ ਹੈ ਕਿ ਹਰ ਮਨੁੱਖ ਆਪਣੀ ਜ਼ਿੰਮੇਵਾਰੀ ਪ੍ਰਤੀ ਸੁਹਿਰਦ ਹੋਵੇ ਤੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਸੁਚੇਤ ਹੋਵੇ। ਮਨੁੱਖ ਆਪਣੀ ਧਰਤੀ ਦਾ ਪਾਣੀ ਬਚਾ ਸਕਦੇ ਹਨ। ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਪਲਾਸਟਿਕ ਦੇ ਸਾਮਾਨ ਦੀ ਵਰਤੋਂ ਵੀ ਬਹੁਤ ਘੱਟ ਕਰਨੀ ਚਾਹੀਦੀ ਹੈ। ਧਰਤੀ ਦੇ ਵਸੀਲਿਆਂ ਦੀ ਅੰਨ੍ਹੇਵਾਹ ਵਰਤੋਂ ’ਤੇ ਰੋਕ ਲਗਾਉਣੀ ਚਾਹੀਦੀ ਹੈ, ਤਾਂ ਹੀ ਅਸੀ ਆਪਣੀ ਧਰਤੀ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਬਣਾ ਸਕਦੇ ਹਾਂ।
ਰਾਜਵੀਰ ਕੌਰ, ਅਸਿਸਟੈਂਟ ਪ੍ਰੋਫੈਸਰ (ਪੰਜਾਬੀ), ਬਾਬਾ ਫਰੀਦ ਕਾਲਜ ਆਫ ਐਜੂਕੇਸ਼ਨ, ਦਿਉਣ, ਬਠਿੰਡਾ।
ਸੰਪਰਕ: rajveerkaurgill01@gmail.com
ਕੁਦਰਤ ਨਾਲ ਖਿਲਵਾੜ ਆਪਣਾ ਨੁਕਸਾਨ
ਵਾਤਾਵਰਨ ਸੰਭਾਲ ਕਿਉਂ ਜ਼ਰੂਰੀ ਹੈ? ਇਸ ਵਿਸ਼ੇ ਸਬੰਧੀ ਗੰਭੀਰਤਾ ਨਾਲ ਸ਼ਾਇਦ ਹੀ ਅਸੀਂ ਕਦੇ ਸੋਚਿਆ ਹੋਵੇ। ਪਰ ਜਦ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਸਾਨੂੰ ਵਾਤਾਵਰਨ ਦੀ ਸੰਭਾਲ ਲਾਜ਼ਮੀ ਜਾਪਦੀ ਹੈ। ਅਸੀਂ ਉਸ ਸਮੇਂ ਮਹਿਸੂਸ ਕਰਦੇ ਹਾਂ ਕਿ ਕੁਦਰਤ ਨਾਲ ਖਿਲਵਾੜ ਕਰਨ ਨਾਲ ਸਾਡਾ ਆਪਣਾ ਹੀ ਨੁਕਸਾਨ ਹੁੰਦਾ ਹੈ ਪਰ ਇਹ ਗੱਲਾਂ ਕੁਝ ਸਮੇਂ ਲਈ ਹੀ ਸਾਡੀ ਸੋਚ ਦਾ ਹਿੱਸਾ ਹੁੰਦੀਆਂ ਹਨ। ਤਕਨੀਕੀ ਵਿਕਾਸ ਕਾਰਨ ਸੁੱਖ ਸਹੂਲਤਾਂ ਤੇ ਉਸਾਰੂ ਜੀਵਨ ਦੇ ਮੰਤਵ ਨਾਲ ਮਨੁੱਖ ਵੱਲੋਂ ਜੋ ਆਪਣੇ ਜੀਵਨ ਨੂੰ ਸੁਧਾਰਨ ਲਈ ਉਪਰਾਲੇ ਕੀਤੇ ਗਏ ਜੋ ਕਿ ਸਹੀ ਹਨ ਪਰ ਆਪਣੀਆਂ ਜ਼ਰੂਰਤਾਂ ਲਈ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਦਾ ਸਾਨੂੰ ਕੋਈ ਹੱਕ ਨਹੀਂ| ਮਨੁੱਖ ਨੂੰ ਵਾਤਾਵਰਨ ਦੀ ਸੰਭਾਲ ਲਈ ਖੁਦ ਪਹਿਲ ਕਰਨੀ ਚਾਹੀਦੀ ਹੈ। ਜੇ ਹਰੇਕ ਬੰਦਾ ਥੋੜ੍ਹਾ-ਥੋੜ੍ਹਾ ਯੋਗਦਾਨ ਪਾਵੇ ਤਾਂ ਅਸੀਂ ਵੱਡੀ ਸਫਲਤਾ ਹਾਸਲ ਕਰ ਸਕਦੇ ਹਾਂ। ਸਕੂਲਾਂ ਕਾਲਜਾਂ ਵਿੱਚ ਸੈਮੀਨਾਰ ਲਗਾ ਕੇ, ਵਾਤਾਵਰਨ ਦਿਵਸ ਮਨਾ ਕੇ ਅਸੀਂ ਵਿੱਦਿਅਕ ਪੱਧਰ ’ਤੇ ਕੋਸ਼ਿਸ਼ ਕਰਦੇ ਹਾਂ ਪਰ ਨਿੱਜੀ ਪੱਧਰ ’ਤੇ ਅਤੇ ਸਮਾਜਿਕ ਪੱਧਰ ’ਤੇ ਵੀ ਉਪਰਾਲੇ ਸਾਨੂੰ ਹੀ ਕਰਨੇ ਪੈਣਗੇ।
ਜੋਬਨਪ੍ਰੀਤ ਕੌਰ, ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼. ਮੁਕਤਸਰ ਰੋਡ, ਬਠਿੰਡਾ।
ਸੰਪਰਕ: maanjobanpreet732@gmail.com
ਆਓ ਰੱਖੀਏ ਕੁਦਰਤ ਦਾ ਖ਼ਿਆਲ
ਗੁਰਬਾਣੀ ਵਿੱਚ ਕੁਦਰਤ ਨੂੰ ਸਰਬਵਿਆਪੀ ਸਰੂਪ ਕਿਹਾ ਗਿਆ ਹੈ। ਕੁਦਰਤ ਪਿਛਲੇ ਕਈ ਵਰ੍ਹਿਆਂ ਤੋਂ ਮਨੁੱਖੀ ਸ਼ੋਸ਼ਣ ਦਾ ਸ਼ਿਕਾਰ ਹੈ। ਰੁੱਖਾਂ ਦੀ ਕਟਾਈ, ਪਹਾੜਾਂ, ਜੰਗਲਾਂ ਦੀ ਮੈਦਾਨੀ ਰੂਪ ਵਿੱਚ ਤਬਦੀਲੀ, ਸਨਅਤਾਂ ਆਦਿ ਇਸਦਾ ਮੁੱਖ ਕਾਰਨ ਹਨ। ਵਾਹਨਾਂ ਤੇ ਕਾਰਖਾਨਿਆਂ ਦਾ ਹਵਾ ਨੂੰ ਗੰਧਲਾ ਕਰਨਾ ਵਾਤਾਵਰਨ ਨੂੰ ਹਰ ਦਿਨ ਕਮਜ਼ੋਰ ਕਰ ਰਿਹਾ ਹੈ। ਇਸੇ ਕਰਕੇ ਮਨੁੱਖੀ ਜੀਵਨ ਅਨੇਕਾਂ ਰੋਗਾਂ ਨਾਲ ਜੂਝ ਰਿਹਾ ਹੈ। ਮਨੁੱਖ ਵਲੋਂ ਸੁੱਟੇ ਕੂੜੇ ਕਾਰਨ ਦਰਿਆ-ਨਦੀਆਂ ਵੀ ਸਾਫ ਪਾਣੀ ਦੇਣ ‘ਚ ਅਸਮਰੱਥ ਹੋ ਗਏ ਨੇ। ਸਾਨੂੰ ਹਿੰਮਤ ਕਰਕੇ ਆਪ ਕਦਮ ਚੁੱਕਣੇ ਚਾਹੀਦੇ ਹਨ ਜਿਵੇਂ ਬੂਟੇ ਲਗਾਉਣੇ, ਖੁੱਲ੍ਹੇ ’ਚ ਕੂੜਾ ਨਾ ਸੁੱਟਣਾ, ਇਹਨੂੰ ਅੱਗ ਨਾ ਲਗਾਉਣਾ, ਪਲਾਸਟਿਕ ਦੀ ਵਰਤੋਂ ਘਟ ਕਰਨੀ। ਜੇ ਅਸੀਂ ਕੁਦਰਤ ਦਾ ਖਿਆਲ ਰਖਾਂਗੇ ਤਾਂ ਲਾਜ਼ਮੀ ਹੈ ਇਹ ਸਾਨੂੰ ਬਦਲੇ ‘ਚ ਬਹੁਤ ਕੁਝ ਦੇਵੇਗੀ। ਕੁਦਰਤ ਕਦੇ ਅਹਿਸਾਨ ਫ਼ਰਾਮੋਸ਼ ਨਹੀਂ ਹੋਈ, ਭਾਵੇਂ ਇਨਸਾਨ ਕਿੰਨਾ ਵੀ ਖ਼ੁਦਗਰਜ਼ ਹੋ ਜਾਵੇ।
ਵਿਸ਼ਾਲ ਲੁਧਿਆਣਾ, ਬਸੰਤ ਵਿਹਾਰ ਕਲੋਨੀ, ਨੂਰਵਾਲਾ ਰੋਡ, ਲੁਧਿਆਣਾ। ਸੰਪਰਕ: 81464 49478