ਨੌਜਵਾਨ ਸੋਚ: ਵਾਤਾਵਰਨ ਸੰਭਾਲ ’ਚ ਮਨੁੱਖੀ ਭੂਮਿਕਾ
ਵਾਤਾਵਰਨ ਸਬੰਧੀ ਸਭ ਨੂੰ ਜ਼ਿੰਮੇਵਾਰੀ ਸਮਝਣੀ ਹੋਵੇਗੀ
ਜਦੋਂ ਅਸੀਂ ਧਰਤੀ ਦੇ ਵਾਤਾਵਰਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਵਾਯੂਮੰਡਲ, ਜਾਨਵਰਾਂ, ਪਾਣੀ ਅਤੇ ਹਰ ਇਕ ਵਾਤਾਵਰਨੀ ਪ੍ਰਬੰਧ ਦੀ ਗੱਲ ਕਰਦੇ ਹਾਂ। ਵਾਤਾਵਰਨ ਦੇ ਸਾਰੇ ਹਿੱਸੇ ਆਪਸ ਵਿੱਚ ਜੁੜੇ ਹੋਏ ਹਨ ਅਤੇ ਇੱਕ ਹਿੱਸੇ ਦੀ ਸਿਹਤ ਦੂਸਰੇ ’ਤੇ ਅਸਰ ਪਾਉਂਦੀ ਹੈ। ਵਾਤਾਵਰਨ ਨੂੰ ਬਹੁਤ ਖ਼ਤਰਾ ਹੈ। ਪਰ ਇਹ ਵਿਚਾਰ ਕਿ ਇੱਕ ਵਿਅਕਤੀ ਦੀ ਕੋਸ਼ਿਸ਼ ਕੋਈ ਨਤੀਜੇ ਨਹੀਂ ਲਿਆ ਸਕਦੀ, ਗ਼ਲਤ ਹੈ। ਜਵਿੇਂ ਜੇ ਹਰ ਕੋਈ ਇਹ ਮੰਨ ਲਵੇ ਕਿ ਉਸ ਦੀ ਇਕ ਵੋਟ ਮਹੱਤਤਾ ਨਹੀਂ ਰੱਖਦੀ ਤਾਂ ਲੋਕਤੰਤਰ ਵਿੱਚ ਕੋਈ ਵੀ ਵੋਟ ਹੀ ਨਹੀਂ ਪਾਵੇਗਾ ਅਤੇ ਲੋਕਤੰਤਰ ਹੀ ਨਹੀਂ ਰਹੇਗਾ। ਪਰ ਜੇ ਅਸੀਂ ਸੋਚੀਏ ਕਿ ਅਸੀਂ ਹੀ ਵਾਤਾਵਰਨ ਸਮੱਸਿਆਵਾਂ ਨੂੰ ਪੈਦਾ ਕੀਤਾ ਹੈ ਤਾਂ ਇਸ ਦਾ ਅਰਥ ਹੈ ਕਿ ਅਸੀਂ ਹੀ ਇਨ੍ਹਾਂ ਤੋਂ ਨਿਜਾਤ ਪਾ ਸਕਦੇ ਹਾਂ। ਅਜਿਹਾ ਕਰਨ ਲਈ ਸਾਨੂੰ ਹਰ ਰੋਜ਼ ਕਦਮ ਚੁੱਕਣੇ ਹੋਣਗੇ। ਸਭ ਤੋਂ ਪਹਿਲਾਂ ਤਾਂ ਅਸੀਂ ਪੁਨਰ ਚੱਕਰ (ਰੀਸਾਈਕਲ), ਦੁਬਾਰਾ ਵਰਤੋਂ (ਰੀਯੂਜ਼) ਅਤੇ ਫੋਕਟ ਤੋਂ ਖਾਦ ਬਣਾਉਣ ਦਾ ਕੰਮ ਕਰ ਸਕਦੇ ਹਾਂ। ਅਜਿਹਾ ਕਰਨ ਨਾਲ ਨਾ ਸਿਰਫ ਵਾਤਾਵਰਨ ਦੂਸ਼ਿਤ ਹੋਣ ਤੋਂ ਬਚੇਗਾ ਬਲਕਿ ਬਹੁਤ ਜ਼ਿਆਦਾ ਊਰਜਾ ਦੀ ਬੱਚਤ ਵੀ ਹੋਵੇਗੀ। ਨਾਲ ਹੀ ਆਵਾਜਾਈ ਦੇ ਅਜਿਹੇ ਸਾਧਨ ਅਪਣਾਉਣਾ ਜੋ ਘੱਟ ਤੋਂ ਘੱਟ ਪ੍ਰਦੂਸ਼ਣ ਕਰਨ, ਵੀ ਅਹਿਮ ਹੈ। ਪੈਦਲ ਚੱਲਣ ਜਾਂ ਸਾਈਕਲ ਵਰਤਣ ਦੀ ਜੀਵਨ ਸ਼ੈਲੀ ਨੂੰ ਪਹਿਲ ਦੇਣੀ ਚਾਹੀਦੀ ਹੈ।
ਗੁਰਮੇਲ ਸਿੰਘ, ਗਰੀਨ ਸਿਟੀ, ਬਠਿੰਡਾ।
ਸੰਪਰਕ: 81469-55558
ਸੰਭਾਲ ਸਭ ਨੂੰ ਕਰਨੀ ਪਵੇਗੀ
ਅੱਜ ਦੇ ਸਮੇਂ ਜੇ ਮਨੁੱਖ ਦੀ ਗੱਲ ਕਰੀਏ ਕਿ ਮਨੁੱਖ ਵਾਤਾਵਰਨ ਪ੍ਰਤੀ ਕਿੰਨੀ ਕੁ ਸੰਭਾਲ ਕਰ ਰਿਹਾ ਤਾਂ ਤੁਸੀਂ ਆਪ ਹੀ ਦੇਖ ਲਿਉ ਕਿ ਅਸੀਂ ਕਿੰਨੀ ਕੁ ਸੰਭਾਲ ਕਰਦੇ ਹਾਂ। ਮਨੁੱਖ ਨੇ ਜੰਗਲ ਤੇ ਬਹੁਤ ਸਾਰੇ ਦਰੱਖਤ ਕੱਟ ਕੇ ਸੜਕਾਂ, ਹਾਈਵੇ, ਫੈਕਟਰੀਆਂ ਬਣਾ ਲਈਆਂ ਹਨ ਤੇ ਬਹੁਤ ਹੀ ਤਰੱਕੀ ਕਰ ਲਈ ਹੈ ਪਰ ਉਹ ਵਾਤਾਵਰਨ ਦੀ ਸੰਭਾਲ ਕਰਨੀ ਭੁੱਲ ਗਿਆ ਹੈ। ਇਸ ਸਾਲ ਤੁਸੀਂ ਦੇਖਿਆ ਹੋਵੇਗਾ ਕਿ ਗਰਮੀਆਂ ਵਿੱਚ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਤਾਪਮਾਨ ਵਿੱਚ ਵੀ ਵਾਧਾ ਹੋਇਆ ਹੈ ਤੇ ਬਹੁਤ ਇਲਾਕੇ ਅਜਿਹੇ ਹਨ ਜਿੱਥੇ ਬਹੁਤ ਕੁਦਰਤੀ ਤਬਾਹੀ ਹੋਈ ਹੈ। ਜੇ ਅਸੀਂ ਅਜੇ ਵੀ ਵਾਤਾਵਰਨ ਦੀ ਸੰਭਾਲ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਨਤੀਜੇ ਬਹੁਤ ਭਿਆਨਕ ਹੋਣਗੇ। ਇਸ ਲਈ ਅਸੀਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਛੋਟਾ ਜਿਹਾ ਵਾਤਾਵਰਨ ਦੀ ਸੰਭਾਲ ਪ੍ਰਤੀ ਕਲੱਬ ਬਣਾਇਆ ਹੈ। ਅਸੀਂ ਸਾਰਿਆਂ ਨੇ ਆਪਣੇ ਪਿੰਡ ਗੁਰੂਸਰ ਤਹਿਸੀਲ ਗਿੱਦੜਬਾਹਾ ਵਿਖੇ ਬਹੁਤ ਥਾਵਾਂ ’ਤੇ ਫੁੱਲਦਾਰ ਬੂਟੇ ਤੇ ਛਾਂਦਾਰ ਰੁੱਖ ਲਗਾਏ ਤੇ ਉਨ੍ਹਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਲਈ। ਇਥੋਂ ਕੋਈ ਵੀ ਲਾਉਣ ਲਈ ਬੂਟੇ ਲਿਜਾ ਸਕਦਾ ਹੈ। ਆਖ਼ਰ ਸਾਨੂੰ ਸਭ ਨੂੰ ਹੀ ਵਾਤਾਵਰਨ ਦੀ ਰਾਖੀ ਲਈ ਅੱਗੇ ਆਉਣਾ ਹੋਵੇਗਾ, ਤਾਂ ਹੀ ਸਾਡਾ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਹੋਵੇਗਾ।
ਗੁਰਪ੍ਰੀਤ ਸਿੰਘ ਗੁਰੂਸਰੀਆ, ਬਾਬਾ ਫਰੀਦ ਕਾਲਜ ਆਫ ਐਜੂਕੇਸ਼ਨ ਦਿਉਣ, ਬਠਿੰਡਾ।
ਸੰਪਰਕ: 99888-64830