For the best experience, open
https://m.punjabitribuneonline.com
on your mobile browser.
Advertisement

ਨੌਜਵਾਨ ਸੋਚ: ਵਾਤਾਵਰਨ ਸੰਭਾਲ ’ਚ ਮਨੁੱਖੀ ਭੂਮਿਕਾ

08:23 AM Jan 25, 2024 IST
ਨੌਜਵਾਨ ਸੋਚ  ਵਾਤਾਵਰਨ ਸੰਭਾਲ ’ਚ ਮਨੁੱਖੀ ਭੂਮਿਕਾ
Advertisement

ਆਪਣੇ ਹਿੱਸੇ ਦੀ ਕੋਸ਼ਿਸ਼ ਕਰਨੀ ਜ਼ਰੂਰੀ

ਮਨੁੱਖ ਵੱਲੋਂ ਕੁਦਰਤ ਨਾਲ ਕੀਤੀ ਭਿਆਨਕ ਛੇੜਛਾੜ ਦੇ ਸਿੱਟੇ ਵੀ ਭਿਆਨਕ ਨਿਕਲੇ ਹਨ। ਹੁਣ ਬਹੁਤ ਯਤਨ ਕੀਤੇ ਜਾ ਰਹੇ ਹਨ ਕਿ ਵਾਤਾਵਰਨ ਦੀ ਸਾਂਭ ਸੰਭਾਲ ਕੀਤੀ ਜਾਵੇ। ਪੜ੍ਹੇ ਲਿਖੇ ਲੋਕ ਪਾਣੀ, ਹਵਾ ਤੇ ਧਰਤੀ ਨੂੰ ਸ਼ੁੱਧ ਬਣਾ ਕੇ ਜੀਵਨ ਨੂੰ ਸਾਰਥਕ ਕਰਨਾ ਚਾਹੁੰਦੇ ਹਨ। ਸਕੂਲਾਂ ਵਿੱਚ ਬੱਚਿਆਂ ਨੂੰ ਇਨ੍ਹਾਂ ਕੁਦਰਤੀ ਸਾਧਨਾਂ ਨੂੰ ਸੰਭਾਲਣ ਦੀ ਸਿੱਖਿਆ ਦਿੱਤੀ ਜਾ ਰਹੀ ਹੈ। ਸਕੂਲ ਅਧਿਆਪਕਾ ਹੋਣ ਕਾਰਨ ਮੇਰੇ ਕੋਲੋਂ ਆਪਣੇ ਸਕੂਲ ਵਿੱਚ ਪਾਣੀ ਦੀ ਬਰਬਾਦੀ ਦੇਖੀ ਨਾ ਗਈ। ਮੈਂ ਬੱਚਿਆਂ ਨੂੰ ਸਮਝਾਇਆ ਕਿ ਪਾਣੀ ਸਾਡੇ ਪਿਤਾ ਬਰਾਬਰ ਹੈ ਤੇ ਤੁਸੀਂ ਇਸ ਨੂੰ ਕਦੇ ਵੀ ਜ਼ਾਇਆ ਨਹੀਂ ਕਰਨਾ। ਉਸ ਦਿਨ ਤੋਂ ਬੱਚੇ ਟੂਟੀਆਂ ਚੰਗੀ ਤਰ੍ਹਾਂ ਬੰਦ ਕਰਦੇ ਹਨ। ਬੱਚਿਆਂ ਨੇ ਇਹ ਵਾਅਦਾ ਵੀ ਕੀਤਾ ਕਿ ਉਤੇ ਕਦੇ ਪਟਾਕੇ ਨਹੀਂ ਚਲਾਉਣਗੇ। ਮੈਂ ਉਨ੍ਹਾਂ ਨੂੰ ਪਤੰਗਾਂ ਨਾਲ ਪੰਛੀਆਂ ਦੇ ਮਰਨ ਬਾਰੇ ਵੀ ਕਹਾਣੀ ਸੁਣਾ ਕੇ ਸਮਝਾਇਆ। ਇਸ ਤਰ੍ਹਾਂ ਜੇ ਹਰ ਕੋਈ ਆਪਣੇ ਹਿੱਸੇ ਦੀ ਕੋਸ਼ਿਸ਼ ਕਰੇ ਤਾਂ ਵਾਤਾਵਰਨ ਨੂੰ ਸ਼ੁੱਧ ਬਣਾਇਆ ਜਾ ਸਕਦਾ ਹੈ।
ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ।
ਸੰਪਰਕ: 94646-33069

Advertisement


ਕੁਦਰਤੀ ਸਰੋਤਾਂ ਦੀ ਤਬਾਹੀ

ਪਿਛਲੇ ਸਮਿਆਂ ’ਚ ਮਨੁੱਖ ਵੱਲੋਂ ਕੁਦਰਤ ਨਾਲ ਕੀਤੀ ਛੇੜਛਾੜ ਦਾ ਹੀ ਨਤੀਜਾ ਹੈ ਕਿ ਜੋ ਅੱਜ ਪੂਰਾ ਸੰਸਾਰ ਆਲਮੀ ਤਪਸ਼ ਦਾ ਸ਼ਿਕਾਰ ਹੈ। ਹਰ ਸਾਲ ਧਰਤੀ ਦਾ ਤਾਪਮਾਨ ਵਧ ਰਿਹਾ ਹੈ ਨਾਲ ਹੀ ਪ੍ਰਦੂਸ਼ਣ ਕਾਰਨ ਓਜ਼ੋਨ ਪਰਤ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ। ਵਿਕਾਸ ਦੇ ਨਾਮ ਤੇ ਕੀਤੀ ਜਾ ਰਹੀ ਵਾਤਾਵਰਨ ਦੀ ਬਰਬਾਦੀ ਕਾਰਨ ਵਿਸ਼ਵ ਭਰ ਵਿਚ ਦਰੱਖਤਾਂ, ਪਸ਼ੂ, ਪੰਛੀਆਂ, ਜਲਚਰ ਜੀਵ ਅਤੇ ਜਾਨਵਰਾਂ ਦੀਆਂ ਲੱਖਾਂ ਪ੍ਰਜਾਤੀਆਂ ਲੁਪਤ ਹੋ ਚੁੱਕੀਆਂ ਹਨ। ਪੋਲੀਥੀਨ ਦਾ ਕੂੜਾ ਇਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ, ਦੂਜੇ ਪਾਸੇ ਅੱਜ ਵੱਡੀ ਮਾਤਰਾ ਵਿਚ ਪਾਣੀ ਪੀਣ ਦੇ ਯੋਗ ਨਹੀਂ ਰਿਹਾ। ਹਵਾ ਦੇ ਪ੍ਰਦੂਸ਼ਣ ਕਾਰਨ ਸਾਹ ਦੀ ਬਿਮਾਰੀ, ਚਮੜੀ ਅਤੇ ਅੱਖਾਂ ਦੀ ਐਲਰਜੀ, ਛਾਤੀ ਅਤੇ ਦਿਲ ਦੀ ਬਿਮਾਰੀ ਅਤੇ ਕੈਂਸਰ ਵਰਗੇ ਰੋਗਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਵਾਤਾਵਰਨ ਨੂੰ ਸਾਫ ਰੱਖਣਾ ਸਾਡਾ ਸਭ ਦਾ ਸਮਾਜਕ ਤੇ ਇਖ਼ਲਾਕੀ ਫ਼ਰਜ਼ ਹੈ। ਜੇ ਅਸੀਂ ਕੁਦਰਤ ਦੇ ਨਿਯਮਾਂ ਨਾਲ ਛੇੜਛਾੜ ਕਰਾਂਗੇ ਤਾਂ ਖ਼ਤਰਨਾਕ ਨਤੀਜੇ ਤਾਂ ਸਾਨੂੰ ਹੀ ਭੁਗਤਣੇ ਪੈਣਗੇ।
ਹਰਮਨਪ੍ਰੀਤ ਸਿੰਘ, ਸਰਹਿੰਦ, ਫ਼ਤਹਿਗੜ੍ਹ ਸਾਹਿਬ। ਸੰਪਰਕ: 98550-10005

ਬੱਚਿਆਂ ’ਚ ਜਾਗਰੂਕਤਾ ਜ਼ਰੂਰੀ

ਵਾਤਾਵਰਨ ਸੰਭਾਲ ਦੀ ਜ਼ਿੰਮੇਵਾਰੀ ਸਿਰਫ਼ ਮਨੁੱਖ ਦੀ ਹੈ| ਜੇ ਅਸੀਂ ਪੌਦੇ ਦੀਆਂ ਮੁੱਢ ਤੋਂ ਹੀ ਜੜ੍ਹਾਂ ਡੂੰਘੀਆਂ ਕਰੀਏ ਤੇ ਖੁਰਾਕ ਵੱਲੋਂ ਕੋਈ ਕਮੀ ਨਾ ਛੱਡੀਏ ਤਾਂ ਇਹ ਪੌਦਾ ਰੁੱਖ ਬਣ ਕੇ ਕਦੇ ਵੀ ਨਹੀਂ ਸੁੱਕ ਸਕਦਾ| ਇਸੇ ਤਰ੍ਹਾਂ ਜੇ ਅਸੀਂ ਬੱਚਿਆਂ ਨੂੰ ਬਚਪਨ ਤੋਂ ਹੀ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਕਰੀਏ ਤਾਂ ਆਉਣ ਵਾਲੇ ਸਮੇਂ ਵਿੱਚ ਵਾਤਾਵਰਨ ਦੀ ਸੰਭਾਲ ਪ੍ਰਤੀ ਸਾਡੇ ਬੱਚਿਆਂ ਦੀਆਂ ਜੜ੍ਹਾਂ ਪਹਿਲਾਂ ਹੀ ਮਜ਼ਬੂਤ ਹੋਣਗੀਆਂ| ਸੋ, ਲੋੜ ਹੈ ਬੱਚਿਆਂ ਨੂੰ ਹਰ ਚੀਜ਼ ਪ੍ਰਯੋਗੀ ਦਿਖਾਉਣ ਦੀ ਤਾਂ ਜੋ ਉਹ ਤਰਕ ਦੇ ਆਧਾਰ ‘ਤੇ ਸਿੱਖ ਕੇ ਵਾਤਾਵਰਨ ਸੰਭਾਲ ਪ੍ਰਤੀ ਆਪਣਾ ਯੋਗਦਾਨ ਦੇ ਸਕਣ| ਸਰਕਾਰਾਂ ਜਾਂ ਕਾਰੋਬਾਰੀਆਂ ਨੂੰ ਕੋਸਣ ਨਾਲ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ| ਸਾਡਾ ਫਰਜ਼ ਹੈ ਕਿ ਅਸੀਂ ਇੱਕ ਮਿਸਾਲ ਬਣ ਕੇ ਵਾਤਾਵਰਨ ਸੰਭਾਲ ਪ੍ਰਤੀ ਬੱਚਿਆਂ ਨੂੰ ਜਾਗਰੂਕ ਕਰੀਏ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸੁਰੱਖਿਅਤ ਹੋ ਸਕਣ|
ਨਵਜੋਤ ‘ਕੁਠਾਲਾ’। ਸੰਪਰਕ: 87290-61056


ਵਾਤਾਵਰਨ ਦੀ ਸੰਭਾਲ ਲਈ ਲੋਕ ਅੱਗੇ ਆਉਣ

ਇਨਸਾਨ ਦੀ ਲਾਲਸਾ ਕਾਰਨ ਅੱਜ ਜੰਗਲਾਂ ਦੇ ਜੰਗਲ ਕੱਟੇ ਜਾ ਰਹੇ ਨੇ। ਵੱਡੇ-ਵੱਡੇ ਪਰਬਤ ਤੇ ਪਹਾੜ ਕੱਟ ਕੇ ਪੂੰਜੀਪਤੀਆਂ ਵੱਲੋਂ ਰੈਸਟੋਰੈਂਟ ਤੇ ਮਾਲ ਉਸਾਰੇ ਜਾ ਰਹੇ ਹਨ। ਵੱਡੇ-ਵੱਡੇ ਮਹਾਂਨਗਰਾਂ ਵਿੱਚ ਲੱਗੇ ਕਾਰਖਾਨਿਆਂ ‘ਚ ਵਰਤੇ ਜਾਂਦੇ ‘ਕੈਮੀਕਲਜ਼’ ਨਦੀਆਂ, ਨਾਲਿਆਂ ‘ਚ ਛੱਡੇ ਜਾ ਰਹੇ ਹਨ। ਕਾਰਖਾਨਿਆਂ ਵਿੱਚ ਲੱਗੀਆਂ ਧੂੰਆਂ ਕੱਢਣ ਵਾਲੀਆਂ ਮਸ਼ੀਨਾਂ ਵਿੱਚੋਂ ਨਿਕਲਦਾ ਜ਼ਹਿਰੀਲਾ ਧੂੰਆਂ ਹਵਾ ਨੂੰ ਪ੍ਰਦੂਸ਼ਿਤ ਕਰ ਕੇ ਭਿਆਨਕ ਬਿਮਾਰੀਆਂ ਦਾ ਸਬੱਬ ਬਣ ਰਹੀਆਂ ਨੇ। ਕੁਦਰਤੀ ਸਰੋਤਾਂ ਨਾਲ ਖਿਲਵਾੜ ਦਾ ਨਤੀਜਾ ਹੀ ਕੁਦਰਤੀ ਆਫ਼ਤਾਂ ਬਣ ਕੇ ਹੜ੍ਹ, ਤੂਫ਼ਾਨ, ਸੋਕੇ ਦਾ ਕਾਰਨ ਬਣਦੇ ਹਨ। ਇਨ੍ਹਾਂ ਆਫ਼ਤਾਂ ਦੇ ਕਾਰਨ ਬੇਮੌਸਮੀ ਵਰਖਾ ਬੇਮੌਸਮੀ ਤਪਸ਼ ਨੇ ਸਮੁੱਚੇ ਮਨੁੱਖੀ ਜੀਵਨ ਦੇ ਕਾਰ ਵਿਹਾਰ ਨੂੰ ਤਹਿਸ-ਨਹਿਸ ਕਰ ਛੱਡਿਆ ਹੈ। ਅੱਜ ਵਾਤਾਵਰਨ ਦੀ ਰਾਖੀ ਆਮ ਲੋਕਾਂ ਨੂੰ ਅੱਗੇ ਆਉਣਾ ਪਵੇਗਾ। ਜ਼ਰੂਰੀ ਹੈ ਕਿ ਅਸੀਂ ਕੁਦਰਤ ਨਾਲ ਛੇੜਛਾੜ ਦੀ ਬਜਾਇ ਕੁਦਰਤ ਨਾਲ ਦੋਸਤੀ ਪਾ ਕੇ ਆਪਣਾ ਜੀਵਨ ਖੁਸ਼ਹਾਲ ਬਣਾਈਏ।
ਪੁਨੀਤ ਗੁਪਤਾ, ਬਰਨਾਲਾ। ਸੰਪਰਕ: 97791-17238
(ਇਹ ਵਿਚਾਰ ਚਰਚਾ ਅਗਲੇ ਅੰਕ ਵਿਚ ਜਾਰੀ ਰਹੇਗੀ)

Advertisement
Author Image

sukhwinder singh

View all posts

Advertisement
Advertisement
×