ਨੌਜਵਾਨ ਸੋਚ : ਵਾਤਾਵਰਨ ਸੰਭਾਲ ’ਚ ਮਨੁੱਖੀ ਭੂਮਿਕਾ
ਵਾਤਾਵਰਨ ਦੀ ਸੰਭਾਲ ਸਾਡੀ ਸਾਂਝੀ ਜ਼ਿੰਮੇਵਾਰੀ
ਸਾਨੂੰ ਆਪਣੇ ਬਚਾਅ ਲਈ ਵਾਤਾਵਰਨ ਨੂੰ ਬਚਾਉਣਾ ਪਵੇਗਾ, ਜਿਸ ਨਾਲ ਮਨੁੱਖ ਦਾ ਜੀਵਨ ਬਚ ਸਕੇ। ਹਰ ਵਿਅਕਤੀ ਪ੍ਰਦੂਸ਼ਣ ਘਟਾਵੇ, ਏਸੀ ਦੀ ਵਰਤੋਂ ਘੱਟ ਕੀਤੀ ਜਾਵੇ। ਆਵਾਜਾਈ ਲਈ ਹਰ ਵੇਲੇ ਤੇ ਹਰ ਥਾਂ ਮੋਟਰ ਵਾਨ੍ਹਾਂ ਦੀ ਵਰਤੋਂ ਨਾ ਕਰਕੇ ਪੈਦਲ ਜਾਂ ਸਾਈਕਲ ਨੂੰ ਤਰਜੀਹ ਦਿੱਤੀ ਜਾਵੇ ਤਾਂ ਜੋ ਵਾਨ੍ਹਾਂ ਵਿਚੋਂ ਨਿਕਲਣ ਵਾਲੇ ਧੂੰਏਂ ਨੂੰ ਘਟਾ ਕੇ ਹਵਾ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਪਲਾਸਟਿਕ ਬੈਗ ਦੀ ਵਰਤੋਂ ਨਾ ਕਰਕੇ ਕੱਪੜੇ ਵਾਲੇ ਬੈਂਗ ਦੀ ਵਰਤੋਂ ਨੂੰ ਵਧਾਇਆ ਜਾਵੇ। ਲੋੜੋਂ ਤੋਂ ਵੱਧ ਪਾਣੀ ਨਾ ਵਹਾਇਆ ਜਾਵੇ। ਜੇ ਹਰ ਮਨੁੱਖ ਆਪਣੀ ਨਿੱਜੀ ਜ਼ਿੰਮੇਵਾਰੀ ਸਮਝ ਕੇ ਵਾਤਾਵਰਨ ਦੀ ਸੰਭਾਲ ਲਈ ਕਦਮ ਚੁੱਕੇ ਤਾਂ ਅਸੀਂ ਵਾਤਾਵਰਨ ਨੂੰ ਨੁਕਸਾਨ ਤੋਂ ਬਚਾਅ ਕੇ ਸਾਫ਼ ਸੁਥਰਾ ਰੱਖ ਸਕਦੇ ਹਾਂ।
ਕਮਲਪ੍ਰੀਤ ਕੌਰ ਜੰਗਪੁਰਾ, ਮੁਹਾਲੀ।
ਸਭ ਨੂੰ ਜਾਗਰੂਕ ਕਰਨਾ ਪਵੇਗਾ
ਵਾਤਾਵਰਨ ਵਿੱਚ ਸਾਰੇ ਜੀਵ- ਜੰਤੂ, ਪੌਦੇ, ਪੰਛੀ, ਜਾਨਵਰ ਆਉਂਦੇ ਹਨ। ਇਨ੍ਹਾਂ ਸਾਰਿਆਂ ਦਾ ਆਪਸੀ ਸੰਤੁਲਨ ਹੈ। ਅਸੀਂ ਸਭ ਇੱਕ ਦੂਜੇ ’ਤੇ ਨਿਰਭਰ ਹਾਂ। ਪਰ ਇਨ੍ਹਾਂ ਸਾਰਿਆਂ ਵਿੱਚੋਂ ਮਨੁੱਖ ਹੀ ਹੈ ਜੋ ਆਪਣੇ ਫਾਇਦੇ ਲਈ ਵਿਕਾਸ ਦੇ ਨਾਂ ’ਤੇ ਇਹ ਕੁਦਰਤੀ ਸਾਧਨਾਂ ਦਾ ਦੁਰਉਪਯੋਗ ਕਰ ਰਿਹਾ ਹੈ। ਜੰਗਲਾਂ ਦੀ ਕਟਾਈ, ਸ਼ੋਰ ਪ੍ਰਦੂਸ਼ਣ, ਹਵਾ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ ਦਿਨੋਂ ਦਿਨ ਵਧ ਰਹੇ ਹਨ। ਮਨੁੱਖ ਨੇ ਕਾਰਖਾਨੇ ਬਣਾਉਣ ਲਈ ਕੁਦਰਤੀ ਸਾਧਨਾਂ ਨੂੰ ਲੁੱਟਣ ਲਈ ਕਈ ਕਬੀਲਿਆਂ ਅਤੇ ਪ੍ਰਜਾਤੀਆਂ ਨੂੰ ਬੇਘਰ ਕੀਤਾ। ਪਿਛਲੇ ਸਮੇਂ ਅਸੀਂ ਵੇਖ ਚੁੱਕੇ ਹਾਂ ਜੋਸ਼ੀ ਮਠ, ਹਿਮਾਚਲ ਅਤੇ ਸਿੱਕਮ ਵਿੱਚ ਕੁਦਰਤੀ ਆਫਤਾਂ ਕਾਰਨ ਕਿੰਨਾ ਨੁਕਸਾਨ ਹੋਇਆ। ਜਲਵਾਯੂ ਦਾ ਬਦਲਣਾ ਇੱਕ ਭਿਆਨਕ ਸਮੱਸਿਆ ਹੈ। ਜੇ ਅਸੀਂ ਸਾਰਿਆਂ ਨੇ ਇਸ ’ਤੇ ਗੌਰ ਨਹੀਂ ਕੀਤੀ ਤਾਂ ਇਸ ਦਾ ਖ਼ਮਿਆਜ਼ਾ ਸਾਨੂੰ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਭੁਗਤਣਾ ਪਵੇਗਾ। ਸਾਨੂੰ ਹਰ ਕਿਸੇ ਨੂੰ ਇਸ ਬਾਰੇ ਜਾਗਰੂਕ ਕਰਨਾ ਪਵੇਗਾ। ਪੌਲੀਥੀਨ ਦੀ ਵਰਤੋਂ ਬੰਦ ਕਰਨ ਲਈ, ਰੁੱਖ ਲਗਾਉਣ ਲਈ, ਸੈਰ ’ਤੇ ਜਾਣ ਲਈ ਅਸੀਂ ਪ੍ਰੇਰਿਤ ਕਰ ਸਕਦੇ ਹਾਂ।
ਪਰਵਿੰਦਰ ਸਿੰਘ ਸੋਥਾ, ਕੇਂਦਰੀ ਵਿਦਿਆਲਿਆ ਨੰ. 2, ਫਿਰੋਜ਼ਪੁਰ ਛਾਉਣੀ। ਸੰਪਰਕ: 98727-05463
ਬੱਸ ਛੋਟੇ-ਛੋਟੇ ਕਦਮਾਂ ਦੀ ਲੋੜ
ਵਾਤਾਵਰਨ ਦੀ ਸੰਭਾਲ ਲਈ ਸਾਨੂੰ ਕੋਈ ਅਲੱਗ ਤੌਰ ’ਤੇ ਖਾਸ ਮਿਹਨਤ ਅਤੇ ਕੋਈ ਔਖੇ ਜਾਂ ਵੱਡੇ ਕਦਮ ਚੁੱਕਣ ਦੀ ਲੋੜ ਨਹੀਂ, ਬਲਕਿ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਰੁਟੀਨ ਕੰਮਾਂ ਕਾਰਾਂ ਵਿੱਚ ਮਾਮੂਲੀ ਜਿਹੀ ਤਬਦੀਲੀ ਕਰਕੇ ਹੀ ਵਾਤਾਵਰਨ ਸੰਭਾਲ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਾਂ। ਅਸੀਂ ਆਪਣੇ ਘਰਾਂ ਜਾਂ ਜਿੱਥੇ ਅਸੀਂ ਕੰਮਕਾਰ ਕਰਦੇ ਹਾਂ, ਉਥੇ ਨਿੱਕੀਆਂ ਨਿੱਕੀਆਂ ਦਾ ਧਿਆਨ ਰੱਖੀਏ, ਜਿਵੇਂ ਪਲਾਸਟਿਕ ਦੀ ਘੱਟ ਵਰਤੋਂ, ਏਸੀ ਦੀ ਘੱਟ ਵਰਤੋਂ, ਪਾਣੀ ਦੀ ਲੋੜ ਅਨੁਸਾਰ ਵਰਤੋਂ, ਵਹੀਕਲਾਂ ਦੀ ਘੱਟ ਵਰਤੋਂ, ਆਲੇ ਦੁਆਲੇ ਦੀ ਸਫਾਈ, ਕੁਦਰਤੀ ਸਰੋਤਾਂ ਦੀ ਸੰਭਾਲ ਆਦਿ ਜਿਹੇ ਨਿਯਮਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਲਾਗੂ ਕਰਨ ਦਾ ਦ੍ਰਿੜ੍ਹ ਸੰਕਲਪ ਲੈ ਕੇ ਵਾਤਾਵਰਨ ਸੰਭਾਲ ਵਿੱਚ ਯੋਗਦਾਨ ਪਾ ਸਕਦੇ ਹਾਂ। ਸਾਡੇ ਸੰਵਿਧਾਨ ਵਿੱਚ ਵੀ ਵਾਤਾਵਰਨ ਦੀ ਸੰਭਾਲ ਅਤੇ ਸੁਰੱਖਿਆ ਸਾਡਾ ਬੁਨਿਆਦੀ ਫ਼ਰਜ਼ ਕਰਾਰ ਦਿੱਤਾ ਗਿਆ ਹੈ।
ਚਰਨਜੀਤ ਸਿੰਘ ਮੁਕਤਸਰ, ਸੈਂਟਰ ਮੁੱਖ ਅਧਿਆਪਕ, ਸਪਸ ਬਬੇਲਵਾਲੀ, ਸ੍ਰੀ ਮੁਕਤਸਰ ਸਾਹਿਬ। ਸੰਪਰਕ: 95013-00716
ਪ੍ਰਦੂਸ਼ਣ ਦੇ ਬਹੁਤ ਨੁਕਸਾਨ
ਕੈਂਸਰ, ਚਮੜੀ, ਦਮਾ, ਕੰਨਾਂ-ਅੱਖਾਂ ਵਿੱਚ ਜਲਣ ਤੇ ਫੇਫੜਿਆਂ ਦੀਆਂ ਬਿਮਾਰੀਆਂ ਦਿਨੋ-ਦਿਨ ਵਧ ਰਹੀਆਂ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਵਾਤਾਵਰਨ ਦਾ ਪ੍ਰਦੂਸ਼ਣ। ਲੋਕ ਤਿਉਹਾਰਾਂ ਤੇ ਖ਼ੁਸ਼ੀ ਦੇ ਸਮਾਗਮਾਂ ਆਦਿ ਮੌਕੇ ਪਟਾਕੇ ਚਲਾਉਂਦੇ ਹਨ, ਕਿਸਾਨ ਪਰਾਲੀ ਨੂੰ ਸਾੜਦੇ ਹਨ, ਫੈਕਟਰੀਆਂ ਤੇ ਵਾਹਨ ਧੂੰਆਂ ਸੁਟਦੇ ਹਨ। ਇਹੀ ਧੂੰਆਂ ਬਿਮਾਰੀਆਂ ਤੇ ਹੋਰ ਸਮੱਸਿਆਵਾਂ ਪੈਦਾ ਕਰਦਾ ਹੈ। ਇਸੇ ਤਰ੍ਹਾਂ ਪੀਣ ਵਾਲੇ ਪਾਣੀ ਵਿੱਚ ਫੈਕਟਰੀਆਂ ਦਾ ਗੰਦਾ ਪਾਣੀ ਸੁੱਟਿਆ ਆ ਜਾ ਰਿਹਾ ਹੈ। ਜੰਗਲਾਂ ਦੀ ਕਟਾਈ ਕਰਕੇ ਮਨੁੱਖ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ, ਜਿਸ ਕਾਰਨ ਓਜ਼ੋਨ ਪਰਤ ਖ਼ਤਮ ਹੋ ਰਹੀ ਹੈ। ਕਲੱਬਾ-ਪੈਲਸਾਂ ਵਿਚ ਵੱਜਦੇ ਲਾਊਡ ਸਪੀਕਰਾਂ ਕਾਰਨ ਸ਼ੋਰ ਪੈਦਾ ਹੋ ਰਿਹਾ ਹੈ। ਫ਼ਸਲਾਂ ਉਗਾਉਣ ਸਮੇਂ ਅਸੀਂ ਜੋ ਰਸਾਇਣਕ ਖਾਦਾਂ ਵਰਤਦੇ ਹਾਂ, ਉਨ੍ਹਾਂ ਕਾਰਨ ਭੂਮੀ-ਪ੍ਰਦੂਸ਼ਣ ਹੋ ਰਿਹਾ ਹੈ। ਇਹ ਸਭ ਬਿਮਾਰੀਆਂ ਦਾ ਕਾਰਨ ਬਣਦਾ ਹੈ। ਸਾਫ਼ ਹੈ ਕਿ ਪ੍ਰਦੂਸ਼ਣ ਦੇ ਬਹੁਤ ਜ਼ਿਆਦਾ ਨੁਕਸਾਨ ਹਨ। ਇਸ ਲਈ ਪ੍ਰਦੂਸ਼ਣ ਨੂੰ ਨੱਥ ਪਾਉਣਾ ਬਹੁਤ ਜ਼ਰੂਰੀ ਹੈ।
ਸਿਮਰਨਜੀਤ ਕੌਰ, ਦਿ ਰੌਈਲ ਗਰੁੱਪ ਆਫ਼ ਕਾਲਿਜਿਜ਼ ਬੋੜਾਵਾਲ, ਮਾਨਸਾ।
(ਇਹ ਵਿਚਾਰ ਚਰਚਾ ਅਗਲੇ ਅੰਕ ਵਿਚ ਜਾਰੀ ਰਹੇਗੀ)