ਨੌਜਵਾਨ ਸੋਚ : ਵਾਤਾਵਰਨ ਸੰਭਾਲ ’ਚ ਮਨੁੱਖੀ ਭੂਮਿਕਾ
ਸਾਂਝੇ ਕਦਮ ਚੁੱਕਣ ਦੀ ਲੋੜ
ਵਾਤਾਵਰਨ ਸਾਨੂੰ ਵਿਕਸਤ ਹੋਣ ਲਈ ਬਿਹਤਰ ਹਾਲਾਤ ਪ੍ਰਦਾਨ ਕਰਦਾ ਹੈ। ਇਸ ਨੂੰ ਆਮ ਵਰਗਾ ਬਣਾਈ ਰੱਖਣ ਲਈ ਸਾਨੂੰ ਸਾਰਿਆਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਅਸੀਂ ਵਾਤਾਵਰਨ ਨੂੰ ਬਹੁਤ ਆਸਾਨ ਢੰਗ ਨਾਲ ਹਰ ਵਿਅਕਤੀ ਦੁਆਰਾ ਚੁੱਕੇ ਗਏ ਬਹੁਤ ਛੋਟੇ-ਛੋਟੇ ਕਦਮਾਂ ਰਾਹੀਂ ਬਚਾਅ ਸਕਦੇ ਹਾਂ, ਜਿਵੇਂ ਸਾਨੂੰ ਕੂੜੇ ਦੀ ਮਾਤਰਾ ਨੂੰ ਘਟਾਉਣਾ ਤੇ ਕੂੜਾ ਸਹੀ ਜਗ੍ਹਾ ਸੁੱਟਣਾ ਚਾਹੀਦਾ ਹੈ, ਪੌਲੀਬੈਗ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ, ਕੁਝ ਪੁਰਾਣੀਆਂ ਚੀਜ਼ਾਂ ਨੂੰ ਨਵੇਂ ਤਰੀਕਿਆਂ ਨਾਲ ਮੁੜ ਵਰਤਿਆ ਜਾ ਸਕਦਾ ਹੈ, ਜਿਸ ਨਾਲ ਵਾਤਾਵਰਨ ਉਤੇ ਪੈਣ ਵਾਲਾ ਮਾੜਾ ਅਸਰ ਘਟੇਗਾ। ਇਸੇ ਤਰ੍ਹਾਂ ਮੀਂਹ ਦੇ ਪਾਣੀ ਦੀ ਸੰਭਾਲ ਕਰ ਕੇ ਵੀ ਅਸੀਂ ਆਪਣੇ ਵਾਤਾਵਰਨ ਨੂੰ ਬਚਾ ਸਕਦੇ ਹਾਂ।
ਮਨਿੰਦਰ ਕੌਰ। ਸੰਪਰਕ: kourmaninder63@gmail.com
ਵਾਤਾਵਰਨ ਦਾ ਵਿਗਾੜ ਮਨੁੱਖ ਲਈ ਖ਼ਤਰੇ ਦੀ ਘੰਟੀ
ਮਨੁੱਖ ਦੀਆਂ ਕੁਦਰਤ ਵਿਰੋਧੀ ਗਤੀਵਿਧੀਆਂ ਕਾਰਨ ਵਾਤਾਵਰਨ ’ਚ ਵਿਗਾੜ ਪੈਦਾ ਹੋ ਰਿਹਾ ਹੈ। ਵਾਹਨਾਂ, ਕਾਰਖਾਨਿਆਂ ਤੇ ਫੈਕਟਰੀਆਂ ਦਾ ਧੂੰਆਂ ਵਾਤਾਵਰਨ ’ਚ ਕਾਰਬਨ ਗੈਸਾਂ ਦੀ ਮਾਤਰਾ ਵਧਾ ਰਿਹਾ ਹੈ। ਦੂਜੇ ਪਾਸੇ ਇਨ੍ਹਾਂ ਗੈਸਾਂ ਨੂੰ ਸੋਖਣ ਵਾਲੇ ਰੁੱਖਾਂ-ਪੌਦਿਆਂ ਦੀ ਕਟਾਈ ਕੀਤੀ ਜਾ ਰਹੀ ਹੈ। ਨਤੀਜੇ ਵਜੋਂ ਵਾਤਾਵਰਨ ’ਚ ਗਰੀਨਹਾਊਸ ਗੈਸਾਂ ਦੀ ਮਾਤਰਾ ਵਧ ਰਹੀ ਹੈ; ਜਿਸ ਕਰ ਕੇ ਧਰਤੀ ’ਤੇ ਤਾਪਮਾਨ ਵਧਣ ਕਾਰਨ ਬਰਫ਼ੀਲੇ ਗਲੇਸ਼ੀਅਰ ਪਿਗਲ ਰਹੇ ਹਨ ਅਤੇ ਪੌਣ-ਪਾਣੀ ਨਿਘਾਰ ਵੱਲ ਜਾ ਰਿਹਾ ਹੈ ਜੋ ਮਨੁੱਖ ਜਾਤ ਲਈ ਖ਼ਤਰੇ ਦੀ ਘੰਟੀ ਹੈ। ਸਮੇਂ ਦੀ ਲੋੜ ਹੈ, ਹਰ ਵਿਅਕਤੀ ਵਾਤਾਵਰਨ ਦੀ ਸੰਭਾਲ ਨੂੰ ਅਪਣਾ ਨੈਤਿਕ ਫ਼ਰਜ਼ ਸਮਝਦੇ ਹੋਏ ਇਸ ਦਾ ਅਹਿਦ ਲਵੇ। ਸਰਕਾਰਾਂ ਵੀ ਵਾਤਾਵਰਨ ਵਰਗੇ ਸੰਵੇਦਨਸ਼ੀਲ ਮੁੱਦੇ ’ਤੇ ਗੰਭੀਰ ਅਤੇ ਵਿਸ਼ੇਸ਼ ਧਿਆਨ ਦੇਣ। ਵਾਤਾਵਰਨ ਲਈ ਨੁਕਸਾਨਦੇਹ ਪਲਾਸਟਿਕ ਦੀ ਵਰਤੋਂ ’ਤੇ ਸਖ਼ਤ ਰੋਕ ਲੱਗੇ, ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣ, ਆਮ ਲੋਕਾਂ ਵਿੱਚ ਵਾਤਾਵਰਨ ਸੰਭਾਲ ਲਈ ਜਾਗਰੂਕਤਾ ਵਧਾਉਣ ਲਈ ਮੇਲੇ/ਕੈਂਪ ਅਤੇ ਸੈਮੀਨਾਰ ਆਦਿ ਲਗਾਉਣੇ ਚਾਹੀਦੇ ਹਨ।
ਸੁਖਪਾਲ ਕੌਰ, ਚੰਡੀਗੜ੍ਹ। ਸੰਪਰਕ: 62390-29857
ਮਿਲ ਕੇ ਵਾਤਾਵਰਨ ਬਚਾਈਏ
ਜਿਸ ਰਫਤਾਰ ਨਾਲ ਅਸੀਂ ਵਾਤਾਵਰਨ ਤੇ ਇਸ ਦੀਆਂ ਦਿੱਤੀਆਂ ਸੌਗ਼ਾਤਾਂ ਦੀ ਦੁਰਵਰਤੋਂ ਕਰ ਰਹੇ ਹਾਂ, ਉਸ ਨਾਲ ਇਹ ਸੌਗਾਤਾਂ ਜਲਦ ਅਲੋਪ ਹੋ ਜਾਣਗੀਆਂ ਤੇ ਨਾਲ ਹੀ ਅਸੀਂ ਵੀ। ਵਾਤਾਵਰਨ ਨਾਲ ਛੇੜਛਾੜ ਤੋਂ ਬਾਅਦ ਕੁਦਰਤ ਆਪਣਾ ਗੁੱਸਾ ਸਮੇਂ ਸਮੇਂ ’ਤੇ ਦਿਖਾਉਂਦੀ ਹੈ, ਜਿਸ ਦੀ ਅਸੀਂ ਸਜ਼ਾ ਭੁਗਤਦੇ ਹਾਂ। ਇਸ ਦੀ ਸੰਭਾਲ ਕਦੇ ਵੀ ਇੱਕ ਦੂਜੇ ’ਤੇ ਦੋਸ਼ ਲਗਾ ਕੇ, ਮੱਤਾਂ ਦੇ ਕੇ ਨਹੀਂ ਹੋਣੀ ਬਲਕਿ ਇਹ ਤਾਂ ਅੰਦਰੂਨੀ ਚੇਤਨਾ ਦਾ ਵਿਸ਼ਾ ਹੈ। ਅਸੀਂ ਦੂਜਿਆਂ ਤੋਂ ਆਸ ਲਾਉਣ ਨਾਲੋਂ ਖ਼ੁਦ ਸੁਚੱਜਾ ਵਿਕਾਸ ਕਰਕੇ ਅਪਣੀ ਸਮਝਦਾਰੀ ਨਾਲ ਸੰਭਾਲ ਕਰੀਏ ਤਾਂ ਜ਼ਰੂਰ ਬਦਲਾਅ ਆਵੇਗਾ। ਇਸ ਲਈ ਆਓ ਅਕਲ ਨੂੰ ਹੱਥ ਮਾਰੀਏ ਅਤੇ ਸਾਰੇ ਰਲ ਕੇ ਕੁਦਰਤ ਨੂੰ, ਵਾਤਾਵਰਨ ਨੂੰ ਸੰਭਾਲੀਏ ਤਾਂ ਕਿ ਅਸੀਂ ਆਪਣਾ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਕਰ ਸਕੀਏ।
ਗੁਰਸਿਮਰਨ ਕੌਰ, ਵਿਦਿਆਰਥਣ, ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ, ਦਿਉਣ, ਬਠਿੰਡਾ।