ਨੌਜਵਾਨ ਸੋਚ : ਵਾਤਾਵਰਨ ਸੰਭਾਲ ’ਚ ਮਨੁੱਖੀ ਭੂਮਿਕਾ
ਵਾਤਾਵਰਨ ਦੀ ਸੁਰੱਖਿਆ ਮਨੁੱਖ ਦਾ ਫ਼ਰਜ਼
ਮਨੁੱਖੀ ਜੀਵਨ ਦੇ ਵਿਕਾਸ ਲਈ ਸਾਫ਼ ਤੇ ਸ਼ੁੱਧ ਚੌਗਿਰਦੇ ਦੀ ਲੋੜ ਹੈ, ਜਦੋਂਕਿ ਮਨੁੱਖ ਆਪਣੀਆਂ ਵਧ ਰਹੀਆਂ ਲੋੜਾਂ ਦੀ ਪੂਰਤੀ ਲਈ ਵਾਤਾਵਰਨ ਨੂੰ ਦੂਸ਼ਿਤ ਕਰਕੇ ਖ਼ੁਦ ਲਈ ਹੀ ਖ਼ਤਰਾ ਸਹੇੜ ਰਿਹਾ ਹੈ। ਵੱਡੇ ਉਦਯੋਗ, ਫੈਕਟਰੀਆਂ ਨਾਲ ਨੇੜਤਾ ਮਨੁੱਖ ਦੇ ਆਲੇ ਦੁਆਲੇ ਨੂੰ ਪ੍ਰਭਾਵਿਤ ਕਰਦੀ ਹੈ, ਕਿਉਂਕਿ ਵਾਤਾਵਰਨ ਦਾ ਅਸਰ ਮਨੁੱਖ ਦੀ ਸਿਹਤ ਨਾਲ ਜੁੜਿਆ ਹੋਇਆ ਹੈ। ਪੁਰਾਣੇ ਤੇ ਆਧੁਨਿਕ ਸਮੇਂ ਦੀ ਤੁਲਨਾ ਕੀਤੀ ਜਾਵੇ ਤਾਂ ਅੱਜ ਦਾ ਵਾਤਾਵਰਨ ਵਧੇਰੇ ਗੰਧਲਾ ਪਾਇਆ ਜਾਵੇਗਾ, ਜਿਸ ਦਾ ਮੁੱਖ ਕਾਰਨ ਰੁੱਖਾਂ ਦੀ ਵਧ ਰਹੀ ਕਟਾਈ ਹੈ। ਰੁੱਖ ਲਗਾਉਣ ਨਾਲ ਹੀ ਵਾਤਾਵਰਨ ਬਚ ਸਕਦਾ ਹੈ, ਕਿਉਂਕਿ ਮਨੁੱਖ ਤੇ ਜੀਵ-ਜੰਤੂ ਧਰਤੀ ’ਤੇ ਰੁੱਖਾਂ ਤੋਂ ਬਿਨਾ ਇੱਕ ਪਲ ਵੀ ਨਹੀਂ ਰਹਿ ਸਕਦੇ। ਰੁੱਖ ਵਾਤਾਵਰਨ ਦਾ ਸਭ ਤੋਂ ਜ਼ਰੂਰੀ ਹਿੱਸਾ ਹਨ। ਇਹ ਸਾਨੂੰ ਸਾਹ ਲੈਣ ਲਈ ਆਕਸੀਜਨ ਪ੍ਰਦਾਨ ਕਰਦੇ ਹਨ ਅਤੇ ਵਾਤਾਵਰਨ ਵਿੱਚ ਸੰਤੁਲਨ ਬਣਾਈ ਰੱਖਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਪਰ ਬਦਕਿਸਮਤੀ ਨਾਲ ਆਬਾਦੀ ਵਿਚ ਤੇਜ਼ੀ ਨਾਲ ਵਾਧੇ ਦੇ ਨਾਲ-ਨਾਲ ਜੰਗਲਾਂ ਦੀ ਵੱਡੇ ਪੱਧਰ ’ਤੇ ਕਟਾਈ ਹੋ ਰਹੀ ਹੈ। ਧਰਤੀ ਉਤੇ ਰੁੱਖਾਂ ਦੀ ਗਿਣਤੀ ਚਿੰਤਾਜਨਕ ਹੱਦ ਤੱਕ ਘਟ ਰਹੀ ਹੈ, ਜੋ ਵਾਤਾਵਰਨ ਨੂੰ ਦੂਸ਼ਿਤ ਕਰਨ ਦਾ ਕਾਰਨ ਬਣ ਰਹੀ ਹੈ। ਜ਼ਰੂਰੀ ਹੈ ਕਿ ਸਰਕਾਰਾਂ ਤੇ ਵਿੱਦਿਅਕ ਸੰਸਥਾਵਾਂ ਵਾਤਾਵਰਨ ਦੀ ਸੰਭਾਲ ਕਰਨ ਵਿੱਚ ਆਪਣਾ ਯੋਗਦਾਨ ਦੇਣ ਤਾਂ ਕਿ ਵਾਤਾਵਰਨ ਨੂੰ ਸੰਭਾਲ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਖਤਰੇ ਤੋਂ ਬਚਾਇਆ ਜਾ ਸਕੇ। ਚਮਕੌਰ ਸਿੰਘ ਚਹਿਲ, ਅਸਿਸਟੈਂਟ ਪ੍ਰੋਫੈਸਰ ਫਿਜ਼ੀਕਲ ਐਜੂਕੇਸ਼ਨ, ਮਾਨਸਾ।
ਵਾਤਾਵਰਨ ਦਾ ਸ਼ਰੀਕ ਬਣਿਆ ਇਨਸਾਨ
ਅਸੀਂ ਅੱਜ ਜੋ ਤਰੱਕੀ-ਤਰੱਕੀ ਕਰਦੇ ਰਹਿੰਦੇ ਆਂ, ਇਹੀ ਵਾਤਾਵਰਨ ਨੂੰ ਖਰਾਬ ਕਰਨ ਦੀ ਅਸਲੀ ਜੜ੍ਹ ਹੈ। ਅਸੀ ਸਰਕਾਰਾਂ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਸੜਕਾਂ ਚੌੜੀਆਂ ਚਾਹੀਦੀਆਂ, ਤਾਂ ਜੋ ਅਸੀਂ ਵੱਡੇ ਸ਼ਹਿਰਾਂ ਤੱਕ ਗੱਡੀਆਂ ਭਜਾ ਕੇ ਜਲਦੀ ਪਹੁੰਚਿਆ ਜਾ ਸਕੇ, ਪਰ ਇਸ ਕਾਰਨ ਕਿੰਨੇ ਰੁੱਖ ਵੱਢੇ ਜਾਂਦੇ ਹਨ, ਜਿਹੜੇ ਸਾਨੂੰ ਛਾਵਾਂ ਕਰਦੇ ਨੇ। ਸਾਫ਼ ਹੈ ਕਿ ਅੱਜ ਮਨੁੱਖ ਵਾਤਾਵਰਨ ਦਾ ਅਸਲ ਸ਼ਰੀਕ ਬਣ ਚੁੱਕਾ ਹੈ। ਅਸੀਂ ਦਰਖਤ ਨਹੀਂ ਲਾ ਸਕਦੇ, ਮਹਿੰਗਾ ਏਸੀ ਜ਼ਰੂਰ ਲਵਾ ਸਕਦੇ ਆਂ, ਸਾਨੂੰ ਕੁਦਰਤੀ ਹਵਾ ਨਾਲੋਂ ਬਨਾਉਟੀ ਚੀਜ਼ਾਂ ਪਤਾ ਨਹੀਂ ਕਿਉਂ ਵਧੀਆ ਲੱਗਦੀਆਂ? ਮਨੁੱਖ ਨੇ ਆਪਣਾ ਵਾਤਾਵਰਨ ਇੰਨਾ ਗੰਧਲਾ ਕਰ ਦਿੱਤਾ ਹੈ ਕਿ ਜੋ ਪਾਣੀ ਅਸੀਂ ਕਦੇ ਨਹਿਰਾਂ ਦੀ ਪੱਤਣ ’ਤੇ ਬਹਿ ਕੇ ਪੀ ਲੈਂਦੇ ਸਾਂ, ਹੁਣ ਆਰਓ ਤੋਂ ਬਿਨਾ ਨਹੀਂ ਪੀ ਸਕਦੇ। ਅਸੀਂ ਆਪਣਾ ਸਭ ਕੁਝ ਗਵਾ ਕੇ ਨਵੀਆਂ ਤਕਨੀਕਾਂ ’ਤੇ ਨਿਰਭਰ ਹੋ ਗਏ ਹਾਂ। ਪ੍ਰਦੂਸ਼ਣ ਕਾਰਨ ਧਰਤੀ ਹੇਠਲਾ ਪਾਣੀ ਖਰਾਬ ਹੋਣ ਕਰ ਕੇ ਮਾਲਵਾ ਕੈਂਸਰ ਦੀ ਮਾਰ ਹੇਠ ਹੈ। ਮਨੁੱਖ ਕੈਂਸਰ ਦੇ ਹਸਪਤਾਲ ਲਈ ਤਾਂ ਸੰਘਰਸ਼ ਕਰ ਰਿਹਾ ਹੈ ਪਰ ਵਾਤਾਵਰਨ ਨਾਲ ਫਿਰ ਵੀ ਇਸ ਦਾ ਕਿਸੇ ਵੈਰੀ ਵਰਗਾ ਸਲੂਕ ਜਾਰੀ ਹੈ, ਜੋ ਬਹੁਤ ਦੁਖਦਾਈ ਤੇ ਖ਼ਤਰਨਾਕ ਹੈ। ਸੱਚ ਹੀ ਹੈ ਕਿ:
ਧਰਤੀ ਤੋਂ ਬਿੜਕਾਂ ਲੈ ਲੈ ਅੰਬਰਾਂ ਨੂੰ ਦੱਸਣ ਪਰਿੰਦੇ,
ਮਨੁੱਖ ਵਾਤਾਵਰਨ ਖਰਾਬ ਕਰਕੇ ਨਵੀਆਂ
ਬਿਮਾਰੀਆਂ ਨੂੰ ਜਨਮ ਦਿੰਦੇ!
ਮਹਿਕਪ੍ਰੀਤ ਮਾਨ, ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ, ਬਠਿੰਡਾ।
ਮਨੁੱਖੀ ਹੋਂਦ ਲਈ ਵਾਤਾਵਰਨ ਬਚਾਉਣਾ ਜ਼ਰੂਰੀ
ਮਨੁੱਖ ਦੇ ਅਖੌਤੀ ਤਰੱਕੀ ਦੇ ਨਾਂ ’ਤੇ ਕੀਤੇ ਬੇਹਿਸਾਬੇ ਅਤੇ ਗੈਰਕੁਦਰਤੀ ਵਿਕਾਸ ਨੇ ਵਾਤਾਵਰਨ ਨੂੰ ਪਲੀਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ, ਜਿਸ ਦੇ ਸਿੱਟੇ ਵਜੋਂ ਮਨੁੱਖ ਨੂੰ ਦਿਨੋ-ਦਿਨ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਤਾਵਰਨ ਨੂੰ ਬਚਾਉਣ ਲਈ ਲੋਕ ਪੱਖੀ ਚੇਤਨਾ ਜਗਾਉਣ ਦੀ ਜ਼ਰੂਰਤ ਹੈ। ਇਹ ਲਹਿਰ ਘਰ ਤੋਂ ਹੀ ਸ਼ੁਰੂ ਹੋਣੀ ਚਾਹੀਦੀ ਹੈ। ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਨੂੰ ਰੋਕਣਾ ਜਿਥੇ ਸਾਡਾ ਫਰਜ਼ ਹੈ, ਉਥੇ ਵੱਧ ਤੋਂ ਵੱਧ ਦਰਖ਼ਤ ਲਗਾਉਣਾ ਵੀ ਸਾਡੀ ਜ਼ਿੰਮੇਵਾਰੀ ਹੈ। ਪਾਣੀ ਦੀ ਦੁਰਵਰਤੋਂ ਨੂੰ ਘਟਾ ਕੇ ਮੀਂਹ ਦੇ ਪਾਣੀ ਦੀ ਸੰਭਾਲ ਲਈ ਉਪਰਾਲੇ ਕਰਨੇ ਹੋਣਗੇ। ਝੋਨੇ ਵਰਗੀਆਂ ਫਸਲਾਂ ਜਿਸ ਵਿੱਚ ਇੱਕ ਕਿੱਲੋ ਚੌਲ ਪੈਦਾ ਕਰਨ ਲਈ ਪੰਜ ਹਜ਼ਾਰ ਲਿਟਰ ਪਾਣੀ ਦੀ ਜ਼ਰੂਰਤ ਪੈਂਦੀ ਹੈ, ਜਿਸ ਕਰਕੇ ਧਰਤੀ ਹੇਠਲਾ ਪਾਣੀ ਖ਼ਤਮ ਹੋਣ ਦੇ ਕਨਿਾਰੇ ’ਤੇ ਪਹੁੰਚ ਗਿਆ ਹੈ। ਫੈਕਟਰੀਆਂ ਵਿੱਚੋਂ ਨਿਕਲ਼ ਰਿਹਾ ਜ਼ਹਿਰੀਲਾ ਧੂੰਆਂ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ ਅਤੇ ਰਸਾਇਣਿਕ ਪਦਾਰਥ ਸਾਫ਼ ਪਾਣੀ ਦੇ ਸੋਮਿਆਂ ਨੂੰ ਗੰਧਲਾ ਕਰ ਰਹੇ ਹਨ। ਜੋ ਫੈਕਟਰੀਆਂ ਵਾਤਾਵਰਨ ਸੁਰੱਖਿਆ ਮਿਆਰਾਂ ’ਤੇ ਖਰੀਆਂ ਨਹੀਂ ਉਤਰਦੀਆਂ ਉਨ੍ਹਾਂ ਦੇ ਲਾਇਸੈਂਸ ਰੱਦ ਹੋਣੇ ਚਾਹੀਦੇ ਹਨ। ਸਾਡਾ ਫਰਜ਼ ਹੈ ਕਿ ਲਾਲਚ ਨੂੰ ਤਿਆਗ ਕੇ ਵਾਤਾਵਰਨ ਦੀ ਸੰਭਾਲ ਪ੍ਰਤੀ ਵਚਨਬੱਧ ਹੋਈਏ ਤਾਂ ਜੋ ਧਰਤੀ ’ਤੇ ਮਨੁੱਖ ਦੀ ਹੋਂਦ ਬਣੀ ਰਹਿ ਸਕੇ।
ਰਜਵਿੰਦਰ ਪਾਲ ਸ਼ਰਮਾ, ਪਿੰਡ ਕਾਲਝਰਾਣੀ,
ਜ਼ਿਲ੍ਹਾ ਬਠਿੰਡਾ। ਸੰਪਰਕ: 70873-67969