ਪੁਸਤਕ ਮੇਲੇ ਵਿੱਚ ਨੌਜਵਾਨਾਂ ਨੇ ਦਿਖਾਈ ਦਿਲਚਸਪੀ
ਹਰਚਰਨ ਸਿੰਘ ਪ੍ਰਹਾਰ
ਕੈਲਗਰੀ:
ਮਾਸਟਰ ਭਜਨ ਸਿੰਘ ਤੇ ਸਾਥੀਆਂ ਵੱਲੋਂ ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ’ ਦੇ ਬੈਨਰ ਹੇਠ ਇਸ ਸਾਲ ਦਾ ਤੀਜਾ ਇੱਕ ਰੋਜ਼ਾ ਪੁਸਤਕ ਮੇਲਾ ਗਰੀਨ ਪਲਾਜ਼ਾ ਵਿਖੇ ਲਗਾਇਆ ਗਿਆ। ਪੁਸਤਕ ਮੇਲੇ ਦੀ ਸ਼ੁਰੂਆਤ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ, ਔਰਤ ਵਿੰਗ ਦੀ ਆਗੂ ਬੀਬੀ ਸੁਰਿੰਦਰ ਕੌਰ ਢੁੱਡੀਕੇ ਵੱਲੋਂ ਕੀਤੀ ਗਈ। ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ, ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਸਿੱਖ ਵਿਰਸਾ ਇੰਟਰਨੈਸ਼ਨਲ, ਅਦਾਰਾ ਸਰੋਕਾਰਾਂ ਦੀ ਆਵਾਜ਼ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਜੋ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਅਜਿਹੇ ਪੁਸਤਕ ਮੇਲੇ ਲਗਾ ਕੇ ਵਿਦੇਸ਼ਾਂ ਵਿੱਚ ਕਿਤਾਬਾਂ ਪੜ੍ਹਨ ਦਾ ਰੁਝਾਨ ਪੈਦਾ ਕਰਨ ਦੇ ਨਾਲ-ਨਾਲ ਪੰਜਾਬੀ ਸਾਹਿਤ ਨੂੰ ਪ੍ਰਫੁੱਲਿਤ ਕਰ ਰਹੇ ਹਨ।
ਇਸ ਮੌਕੇ ’ਤੇ ਸੈਂਟਰ ਦੇ ਸੰਚਾਲਕ ਮਾਸਟਰ ਭਜਨ ਸਿੰਘ ਨੇ ਦੱਸਿਆ ਕਿ ਪੁਸਤਕ ਮੇਲੇ ਵਿੱਚ ਜਿੱਥੇ ਅਨੇਕਾਂ ਨਵੇਂ ਪੁਸਤਕ ਪ੍ਰੇਮੀ ਪਹੁੰਚੇ, ਉੱਥੇ ਨੌਜਵਾਨ ਪੀੜ੍ਹੀ ਵੱਡੀ ਗਿਣਤੀ ਵਿੱਚ ਪਹਿਲੀ ਵਾਰ ਪੁਸਤਕਾਂ ਖ਼ਰੀਦਣ ਆਈ। ਉਨ੍ਹਾਂ ਇਸ ਗੱਲ ’ਤੇ ਤਸੱਲੀ ਪ੍ਰਗਟਾਈ ਕਿ ਸਾਡੇ ਸਾਂਝੇ ਯਤਨ ਨੌਜਵਾਨ ਪੀੜ੍ਹੀ ਵਿੱਚ ਪੜ੍ਹਨ ਦੀ ਚੇਤਨਾ ਪੈਦਾ ਕਰ ਰਹੇ ਹਨ। ਇਸ ਪੁਸਤਕ ਮੇਲੇ ਵਿੱਚ ਪੰਜਾਬੀ, ਹਿੰਦੀ, ਅੰਗਰੇਜ਼ੀ ਦੀਆਂ ਸਾਹਿਤਕ, ਰਾਜਨੀਤਕ, ਸਮਾਜਿਕ, ਸਿਹਤ ਆਦਿ ਵਿਸ਼ਿਆਂ ਨਾਲ ਸਬੰਧਤ ਕਿਤਾਬਾਂ ਵੀ ਰੱਖੀਆਂ ਗਈਆਂ ਸਨ। ਉਨ੍ਹਾਂ ਅੱਗੇ ਦੱਸਿਆ ਕਿ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਸਿੱਖ ਵਿਰਸਾ ਇੰਟਰਨੈਸ਼ਨਲ ਅਤੇ ਅਦਾਰਾ ਸਰੋਕਾਰਾਂ ਦੀ ਆਵਾਜ਼ ਵੱਲੋਂ ਸਾਂਝੇ ਤੌਰ ’ਤੇ ਡਾ. ਸਾਹਿਬ ਸਿੰਘ ਦਾ ਬਹੁ-ਚਰਚਿਤ ਨਾਟਕ ‘ਸੰਦੂਕੜੀ ਖੋਲ੍ਹ ਨਰੈਣਿਆ’ 21 ਸਤੰਬਰ ਨੂੰ ਰੈੱਡ ਸਟੋਨ ਨਾਰਥ ਈਸਟ ਥੀਏਟਰ ਵਿੱਚ ਸ਼ਾਮ 5 ਵਜੇ ਤੋਂ 8 ਵਜੇ ਤੱਕ ਕਰਵਾਇਆ ਜਾਵੇਗਾ।
ਸੰਪਰਕ: 403-455-4220