ਪੁਸਤਕ ਮੇਲੇ ਨੂੰ ਨੌਜਵਾਨਾਂ ਨੇ ਦਿੱਤਾ ਹੁੰਗਾਰਾ
ਹਰਚਰਨ ਸਿੰਘ ਪ੍ਰਹਾਰ
ਕੈਲਗਰੀ: ਮਾਸਟਰ ਭਜਨ ਸਿੰਘ ਤੇ ਸਾਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਦੇ ਬੈਨਰ ਹੇਠ ਇਸ ਸਾਲ ਦਾ ਦੂਜਾ ਇੱਕ ਰੋਜ਼ਾ ਪੁਸਤਕ ਮੇਲਾ ਗਰੀਨ ਪਲਾਜ਼ਾ ਵਿਖੇ ਲਗਾਇਆ ਗਿਆ। ਪੁਸਤਕ ਮੇਲੇ ਦੀ ਸ਼ੁਰੂਆਤ ਲੋਕ ਕਲਾ ਮੰਚ, ਮੰਡੀ ਮੁੱਲਾਂਪੁਰ ਤੋਂ ਉੱਘੇ ਰੰਗ ਕਰਮੀ, ਲੇਖਕ ਅਤੇ ਡਾਇਰੈਕਟਰ ਹਰਕੇਸ਼ ਚੌਧਰੀ ਵੱਲੋਂ ਕੀਤੀ ਗਈ। ਉਨ੍ਹਾਂ ਨੇ ਵਿਦੇਸ਼ਾਂ ਵਿੱਚ ਪੁਸਤਕ ਮੇਲਿਆਂ ਰਾਹੀਂ ਗਿਆਨ ਦਾ ਛੱਟਾ ਦੇਣ ਦੇ ਯਤਨਾਂ ਲਈ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਸਿੱਖ ਵਿਰਸਾ ਇੰਟਰਨੈਸ਼ਨਲ ਅਤੇ ਅਦਾਰਾ ਸਰੋਕਾਰਾਂ ਦੀ ਆਵਾਜ਼ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਇਸ ਮੌਕੇ ’ਤੇ ਸੈਂਟਰ ਦੇ ਸੰਚਾਲਕ ਮਾਸਟਰ ਭਜਨ ਸਿੰਘ ਨੇ ਦੱਸਿਆ ਕਿ ਇਸ ਪੁਸਤਕ ਮੇਲੇ ਵਿੱਚ ਜਿੱਥੇ ਅਨੇਕਾਂ ਨਵੇਂ ਪੁਸਤਕ ਪ੍ਰੇਮੀ ਪਹੁੰਚੇ, ਉੱਥੇ ਨੌਜਵਾਨ ਪੀੜ੍ਹੀ ਵੱਡੀ ਗਿਣਤੀ ਵਿੱਚ ਪਹਿਲੀ ਵਾਰ ਪੁਸਤਕਾਂ ਖਰੀਦਣ ਆਈ ਹੈ। ਉਨ੍ਹਾਂ ਇਸ ਗੱਲ ’ਤੇ ਤਸੱਲੀ ਪ੍ਰਗਟ ਕੀਤੀ ਕਿ ਸਾਡੇ ਸਾਂਝੇ ਯਤਨ ਨੌਜਵਾਨ ਪੀੜ੍ਹੀ ਵਿੱਚ ਪੜ੍ਹਨ ਦੀ ਚੇਤਨਾ ਪੈਦਾ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕਿਤਾਬਾਂ ਸਿਰਫ਼ ਵਿਅਕਤੀ ਹੀ ਨਹੀਂ, ਸਮਾਜ ਦੇ ਬੌਧਿਕ ਵਿਕਾਸ ਵਿੱਚ ਵੱਡਾ ਰੋਲ ਅਦਾ ਕਰਦੀਆਂ ਹਨ। ਉਨ੍ਹਾਂ ਇਸ ਗੱਲ ’ਤੇ ਤਸੱਲੀ ਪ੍ਰਗਟ ਕੀਤੀ ਕਿ ਕੈਲਗਰੀ ਵਿੱਚ ਹੁਣ ਪੰਜਾਬੀ ਪਾਠਕਾਂ ਦਾ ਦਾਇਰਾ ਦਿਨੋਂ ਦਿਨ ਵਧ ਰਿਹਾ ਹੈ।
ਇਸ ਦੌਰਾਨ ਕੈਲਗਰੀ ਤੋਂ ਲੇਖਕ ਗੁਰਬਚਨ ਬਰਾੜ ਵੱਲੋਂ ਦੱਖਣੀ ਅਮਰੀਕਾ ਦੇ ਕ੍ਰਾਂਤੀਕਾਰੀ ਆਗੂਆਂ ਚੀ ਗਵੇਰਾ ਅਤੇ ਕਿਊਬਾ ਦੇ ਰਾਸ਼ਟਰਪਤੀ ਫੀਦਲ ਕਾਸਟਰੋ ਦੀਆਂ ਜੀਵਨੀਆਂ ਆਧਾਰਿਤ ਲੇਖਕ ਏਸੀ ਕਾਰਗਿਲ ਦਾ ਲਿਖਿਆ ਨਾਟਕ ‘ਚੀ ਐਂਡ ਫੀਦਲ’ ਦੀ ਪੰਜਾਬੀ ਅਨੁਵਾਦਤ ਕਿਤਾਬ ‘ਚੀ ਤੇ ਫੀਦਲ’ ਨੂੰ ਪਾਠਕਾਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ। ਬਰਾੜ ਨੇ ਪੁਸਤਕ ਬਾਰੇ ਕਿਹਾ ਕਿ ਚੀ ਗਵੇਰਾ ਦੱਖਣੀ ਅਮਰੀਕਨ ਦੇਸ਼ਾਂ ਦਾ ਭਗਤ ਸਿੰਘ ਹੈ, ਜਿਸ ਬਾਰੇ ਪੰਜਾਬੀਆਂ ਨੂੰ ਬਹੁਤ ਘੱਟ ਜਾਣਕਾਰੀ ਹੈ, ਜਿਸ ਨੂੰ ਮੁੱਖ ਰੱਖ ਕੇ ਇਹ ਕਿਤਾਬ ਅਨੁਵਾਦਤ ਕੀਤੀ ਗਈ ਹੈ।
ਮਰੀਜ਼ਾਂ ਦੀ ਤੰਦਰੁਸਤੀ ਲਈ ਵਰਕਸ਼ਾਪ
ਲੰਡਨ: ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ, ਬ੍ਰਿਕਸਟਨ (ਲੰਡਨ) ਵਿਖੇ ਲਗਾਈ ਗਈ ਤਿੰਨ ਦਿਨਾਂ ਦੀ ਥੀਏਟਰ ਵਰਕਸ਼ਾਪ ਵਿੱਚ ਸ਼ਾਮਲ ਹੋਈ ਹੈ। ਇਹ ਵਰਕਸ਼ਾਪ ਬਲੈਕ ਮੈਨਜ਼ ਕਮਿਊਨਿਟੀ (ਲੰਡਨ) ਵੱਲੋਂ ਸ਼ੂਗਰ ਦੇ ਮਰੀਜ਼ਾਂ ਲਈ ਲਗਾਈ ਗਈ ਜਿਸ ਵਿੱਚ ਪੀ.ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਪਰਵੀਨ ਸੰਧੂ ਨੇ ਸ਼ਿਰਕਤ ਕੀਤੀ। ਸੰਧੂ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਸ਼ੂਗਰ ਦੇ ਮਰੀਜ਼ਾਂ ਨੂੰ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਸਿਖਲਾਈ ਦਿੱਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਰੋਜ਼ਾਨਾ ਕਸਰਤਾਂ ਦਾ ਅਭਿਆਸ ਵੀ ਕਰਾਇਆ ਗਿਆ।
ਹੈਲਥਕੇਅਰ ਥੀਏਟਰ ਵਰਕਸ਼ਾਪ ਵਿੱਚ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਲਈ ਕਿਰਿਆਵਾਂ ਦੱਸੀਆਂ ਗਈਆਂ। ਜਿਵੇਂ ਕਿ ਅੱਜਕੱਲ੍ਹ ਬਹੁਤ ਸਾਰੇ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਵੀ ਕਸਰਤਾਂ ਅਤੇ ਰੋਜ਼ਾਨਾ ਅਭਿਆਸ ਦੱਸੇ ਗਏ। ਵਰਕਸ਼ਾਪ ਵਿੱਚ ਲੰਡਨ ਵਿੱਚ ਵੱਸਦੇ ਵੱਖ ਵੱਖ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ। ਵਰਕਸ਼ਾਪ ਵਿੱਚ ਲੰਡਨ ਦੇ ਥੀਏਟਰ ਡਾਇਰੈਕਟਰ ਟੋਨੀ ਸਿਲੀ ਨੇ ਮਰੀਜ਼ਾਂ ਨੂੰ ਤੰਦਰੁਸਤ ਰਹਿਣ ਦੇ ਨੁਕਤੇ ਦੱਸੇ। ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ (ਮੁਹਾਲੀ) ਪਿਛਲੇ ਕਾਫ਼ੀ ਲੰਮੇਂ ਸਮੇਂ ਤੋਂ ਬਲੈਕ ਮੈਨਜ਼ ਕਮਿਊਨਿਟੀ ਨਾਲ ਥੀਏਟਰ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ। ਇਹ ਜਾਣਕਾਰੀ ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਦੀ ਜਨਰਲ ਸਕੱਤਰ ਰਾਜਦੀਪ ਕੌਰ ਮੁਲਤਾਨੀ ਵੱਲੋਂ ਦਿੱਤੀ ਗਈ।
ਖ਼ਬਰ ਸਰੋਤ:ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ, ਬ੍ਰਿਕਸਟਨ