ਰੰਜਿਸ਼ ਕਾਰਨ ਨੌਜਵਾਨ ਦਾ ਗੋਲੀ ਮਾਰ ਕੇ ਕਤਲ
ਸੱਤਪਾਲ ਰਾਮਗੜ੍ਹੀਆ
ਪਿਹੋਵਾ, 23 ਅਗਸਤ
ਪਿਹੋਵਾ ਵਿੱਚ ਗੁਰਦੁਆਰਾ ਮਾਰਗ ਨੇੜੇ ਆਪਸੀ ਰੰਜਿਸ਼ ਕਾਰਨ ਕੁਝ ਬਦਮਾਸ਼ਾਂ ਨੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਜਿਸ ਦੀ ਛਾਤੀ ਵਿੱਚ ਗੋਲੀ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ।
ਮ੍ਰਿਤਕ ਦੀ ਪੱਛਾਣ ਪਿੰਡ ਕਕਰਾਲੀ ਵਾਸੀ ਮੋਨੂ ਦੇ ਰੂਪ ਵਿੱਚ ਹੋਈ ਹੈ। ਮੋਨੂ ਜੇਲ੍ਹ ਤੋਂ ਪੈਰੋਲ ’ਤੇ ਆਇਆ ਹੋਇਆ ਸੀ। ਮਾਰਚ ਦੇ ਮਹੀਨੇ ਵਿੱਚ ਉਸ ਨੂੰ ਨਾਜਾਇਜ਼ 315 ਬੋਰ ਦੇ ਦੇਸੀ ਕੱਟੇ ਦੇ ਨਾਲ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਤੋਂ ਉਹ ਜੇਲ੍ਹ ਵਿੱਚ ਸੀ ਅਤੇ ਹੁਣ ਕੁਝ ਦਿਨ ਪਹਿਲਾਂ ਹੀ ਪੈਰੋਲ ’ਤੇ ਵਾਪਸ ਆਇਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕੀਤੀ। ਮੰਨ੍ਹਿਆ ਜਾ ਰਿਹਾ ਹੈ ਕਿ ਆਪਸੀ ਰੰਜਿਸ਼ ਦੇ ਚੱਲਦੇ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।
ਉਧਰ ਮਾਮਲੇ ਨੂੰ ਲੈ ਕੇ ਡੀਐੱਸਪੀ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਹ ਆਪਸੀ ਗੈਂਗਵਾਰ ਦਾ ਨਤੀਜਾ ਹੋ ਸਕਦਾ ਹੈ। ਮੋਨੂ ਦੀ ਕੁਝ ਹੋਰ ਨੌਜਵਾਨਾਂ ਨਾਲ ਰੰਜਿਸ਼ ਚੱਲ ਰਹੀ ਸੀ ਅਤੇ ਪਹਿਲਾਂ ਵੀ ਆਪਸ ਵਿੱਚ ਝਗੜਾ ਹੋਇਆ ਸੀ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਜੋ ਸਾਹਮਣੇ ਆਵੇਗਾ ਉਸ ਮੁਤਾਬਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।