ਸਿਗਰਟ ਲਈ ਨੌਜਵਾਨ ਦੀ ਹੱਤਿਆ
ਮੋਹਿਤ ਸਿੰਗਲਾ
ਨਾਭਾ, 14 ਜਨਵਰੀ
ਇੱਥੇ ਪੰਜ ਨੌਜਵਾਨਾਂ ਨੇ 28 ਸਾਲਾ ਨੌਜਵਾਨ ਦੀ ਸਿਗਰਟ ਲਈ ਹੱਤਿਆ ਕਰ ਦਿੱਤੀ। ਬੌੜਾਂ ਗੇਟ ਕੋਲ ਢਾਬੇ ਉੱਪਰ ਗੁਰਪ੍ਰੀਤ ਤੇ ਉਸ ਦਾ ਦੋਸਤ ਅਤੇ ਦੂਜੇ ਪਾਸੇ ਤਲਬੀਰ, ਪ੍ਰਿੰਸ, ਪ੍ਰਮੋਦ, ਸੂਰਜ ਅਤੇ ਕਰਨ ਸਿਗਰਟ ਖਰੀਦ ਰਹੇ ਸਨ। ਇਸ ਦੌਰਾਨ ਦੁਕਾਨਦਾਰ ਤੋਂ ਪਹਿਲਾਂ ਸਿਗਰਟ ਲੈਣ ਦੀ ਖਾਤਰ ਦੋਵਾਂ ਧੜਿਆਂ ਦਰਮਿਆਨ ਲੜਾਈ ਹੋ ਗਈ। ਇਸ ਮਾਮੂਲੀ ਗੱਲ ’ਤੇ ਬਹਿਸ ਦੌਰਾਨ ਪੰਜਾਂ ਜਣਿਆਂ ਨੇ ਗੁਰਪ੍ਰੀਤ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਗੁਰਪ੍ਰੀਤ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਨੇ ਅੱਜ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 8 ਜਨਵਰੀ ਦੀ ਦੇਰ ਰਾਤ ਨੂੰ ਸਿਗਰਟ ਦੇਣ ਤੋਂ ਮਨ੍ਹਾ ਕਰਨ ਪਿੱਛੇ ਦੁਕਾਨਦਾਰ ਨੰਦ ਲਾਲ ਦੇ ਦਰਵਾਜ਼ੇ, ਕਾਰ, ਮੋਟਰਸਾਈਕਲ ਤੇ ਪਾਈਪਾਂ ਇੱਟਾਂ ਮਾਰ ਕੇ ਭੰਨ੍ਹ ਦਿੱਤੇ ਗਏ ਸਨ। ਉਸ ਦੁਕਾਨਦਾਰ ਅਤੇ ਮਾਰਕੀਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਸ ਰਾਤ ਹਮਲਾ ਕਰਨ ਵਾਲੇ ਦੋ ਨੌਜਵਾਨ ਉਹ ਸਨ, ਜਿਨ੍ਹਾਂ ਨੇ ਅੱਜ ਨੌਜਵਾਨ ਦੀ ਹੱਤਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਪੁਲੀਸ ਨੇ ਉਸ ਦਿਨ ਕਾਰਵਾਈ ਕੀਤੀ ਹੁੰਦੀ ਤਾਂ ਕੀਮਤੀ ਜਾਨ ਨਾ ਜਾਂਦੀ ਬਲਕਿ ਪੁਲੀਸ ਨੇ ਤਾਂ ਕੇਸ ਵੀ ਦਰਜ ਨਹੀਂ ਕੀਤਾ। ਡੀਐੱਸਪੀ ਮਨਦੀਪ ਕੌਰ ਨੇ ਦੱਸਿਆ ਕਿ ਕਤਲ ਮਾਮਲੇ ਵਿਚ ਅੱਜ ਗ੍ਰਿਫ਼ਤਾਰ ਨੌਜਵਾਨਾਂ ਵਿਚ ਉਹ ਨੌਜਵਾਨ ਵੀ ਹਨ ਜਿਹੜੇ 8 ਜਨਵਰੀ ਦੀ ਸੀਸੀਟੀਵੀ ਫੁਟੇਜ ਵਿਚ ਵੀ ਦਿਖਾਈ ਦੇ ਰਹੇ ਹਨ।